ਮੋਗਾ(ਗੋਪੀ ਰਾਊਕੇ)-2002 ’ਚ ਸ਼ਹੀਦ-ਏ-ਆਜ਼ਮ ਫਿਲਮ ਤੋਂ ਬਾਲੀਵੁੱਡ ’ਚ ਕਦਮ ਰੱਖ ਕੇ ਦਬੰਗ ਅਤੇ ਕੁੰਗਫਯੋਗਾ ਵਰਗੀਆਂ ਅੰਤਰਰਾਸ਼ਟਰੀ ਫਿਲਮਾਂ ਕਰ ਕੇ ਆਪਣੇ ਚਾਹੁੰਣ ਵਾਲਿਆਂ ਦੀ ਦਿਲਾਂ ਦੀ ਧਡ਼ਕਣ ਬਣੇ ਮੋਗਾ ਦੇ ਜੰਮਪਲ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਅੱਜ ਗੁਰੂ ਪੂਰਨਿਮਾ ਸਬੰਧੀ ਆਪਣੇ ਨਿਵਾਸ ਸਥਾਨ ਮੋਗਾ ਪੁੱਜੇ ਤੇ ਪਰਿਵਾਰ ਨਾਲ ਮਿਲ ਕੇ ਗੁਰੂ ਪੂਰਨਿਮਾ ਦਾ ਤਿਉਹਾਰ ਮਨਾਇਆ। ਗੱਲਬਾਤ ਕਰਦਿਆਂ ਸੋਨੂੰ ਸੂਦ ਨੇ ਕਿਹਾ ਕਿ ਮੇਰੀ ਜ਼ਿੰਦਗੀ ਦੀ ਇਕ ਮਾਤਰ ਗੁਰੂ ਮੇਰੀ ਮਾਂ ਹੈ, ਜਿਨ੍ਹਾਂ ਨੇ ਮੇਰੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਗੁਰੂ ਤੋਂ ਵਧ ਕੇ ਮੈਨੂੰ ਗਿਆਨ ਦਿੱਤਾ ਅਤੇ ਸਹੀ ਰਸਤਾ ਦਿਖਾਇਆ। ਬੇਸ਼ੱਕ ਅੱਜ ਉਨ੍ਹਾਂ ਦੀ ਮਾਤਾ ਪ੍ਰੋ. ਸਰੋਜ਼ ਸੂਦ ਅਤੇ ਪਿਤਾ ਸ਼ਕਤੀ ਸਾਗਰ ਸੂਦ ਉਨ੍ਹਾਂ ਵਿਚਕਾਰ ਨਹੀਂ ਹਨ ਪਰ ਫਿਰ ਵੀ ਉਹ ਉਨ੍ਹਾਂ ਨੂੰ ਹਰ ਪਲ ਆਪਣੇ ਨਾਲ ਮਹਿਸੂਸ ਕਰਦੇ ਹਨ। ਭਾਵੁਕ ਹੁੰਦੇ ਹੋਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਸੁਪਨਾ ਸੀ ਕਿ ਉਹ ਆਰਮੀ ਅਫਸਰ ਬਣੇ ਪਰ ਉਸ ਦੀ ਰੁਚੀ ਫਿਲਮ ਇੰਡਸਟਰੀ ਵੱਲ ਹੋਣ ਕਾਰਨ ਉਹ ਬੇਸ਼ੱਕ ਅਭਿਨੇਤਾ ਬਣ ਗਏ ਹਨ ਪਰ ਉਨ੍ਹਾਂ ਦਾ ਸ਼ੁਰੂ ਤੋਂ ਹੀ ਰੁਝਾਨ ਰਿਹਾ ਹੈ ਕਿ ਉਹ ਆਪਣੇ ਪਿਤਾ ਦੇ ਸੁਪਨੇ ਨੂੰ ਵੀ ਸਾਕਾਰ ਕਰ ਸਕੇ। ਉਹ ਆਪਣੇ ਪਿਤਾ ਦੇ ਸੁਪਨੇ ਨੂੰ ਅਸਲੀ ਜ਼ਿੰਦਗੀ ’ਚ ਸਾਕਾਰ ਨਹੀਂ ਕਰ ਸਕੇ ਪਰ ਜੇ. ਪੀ. ਦੱਤਾ ਦੇ ਨਿਰਦੇਸ਼ਕ ’ਚ ਬਣ ਰਹੀ ਫਿਲਮ ਪਲਟਨ ’ਚ ਉਨ੍ਹਾਂ ਇਕ ਆਰਮੀ ਅਫਸਰ ਦਾ ਕਿਰਦਾਰ ਨਿਭਾਅ ਕੇ ਆਪਣੇ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ। ਅੱਜ ਉਨ੍ਹਾਂ ਆਪਣੀ ਮਾਂ ਦੀ ਤਸਵੀਰ ’ਤੇ ਫੁੱਲ-ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਭੈਣ ਮਾਲਵਿਕਾ ਸੂਦ ਸੱਚਰ, ਜੀਜਾ ਗੌਤਮ ਸੱਚਰ ਹਾਜ਼ਰ ਸਨ।
ਨਸ਼ੇ ਵਾਲੇ ਪਦਾਰਥਾਂ ਸਮੇਤ 7 ਕਾਬੂ
NEXT STORY