ਚੰਡੀਗੜ੍ਹ (ਨਵਦੀਪ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਾਲਵਾ ਖੇਤਰ ਦੇ ਪ੍ਰਸਿੱਧ ਕੋਟਕਪੂਰਾ ਸਾਈਕਲ ਰਾਈਡਰਜ਼ (ਰਜਿਸਟਰਡ) ਕਲੱਬ ਦੇ ਮੈਂਬਰ ਗੁਰਪ੍ਰੀਤ ਸਿੰਘ ਕਮੋਂ ਨੂੰ ਸਾਈਕਲਿੰਗ ਜ਼ਰੀਏ ਡੇਢ ਲੱਖ ਕਿਲੋਮੀਟਰ ਸਫ਼ਰ ਪੂਰਾ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਪੂਰੇ ਖਿੱਤੇ ਨੂੰ ਉਨ੍ਹਾਂ 'ਤੇ ਮਾਣ ਹੈ। ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਕਮੋਂ ਪਿਛਲੇ 5-6 ਸਾਲਾਂ ਤੋਂ ਸਾਈਕਲਿੰਗ ਦੇ ਖੇਤਰ ਵਿੱਚ ਸਰਗਰਮ ਹਨ ਅਤੇ ਉਨ੍ਹਾਂ ਦਾ 100 ਦਿਨਾਂ ਲਈ 100 ਕਿਲੋਮੀਟਰ ਪ੍ਰਤੀ ਦਿਨ ਸਾਈਕਲਿੰਗ ਦਾ ਰਿਕਾਰਡ ਏਸ਼ੀਆ ਬੁੱਕ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੈ।
ਸਪੀਕਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਕਮੋਂ ਨੇ 50 ਦੇ ਕਰੀਬ ਸਾਈਕਲਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਫਰੀਦਕੋਟ ਜ਼ਿਲ੍ਹੇ ਲਈ ਨਾਮਣਾ ਖੱਟਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸੁਪਰ ਰੈਨਡੋਨੀਅਰ ਦਾ ਖ਼ਿਤਾਬ ਅਤੇ ਸਟਾਰ ਇੰਡੀਪੈਂਡੈਂਟ ਐਵਾਰਡ ਵੀ ਜਿੱਤਿਆ ਹੈ। ਉਨ੍ਹਾਂ ਨੂੰ ਯੂ. ਐੱਸ. ਆਈ. ਐਸ. ਨਾਮੀ ਕੰਪਨੀ ਵੱਲੋਂ ਭਾਰਤੀਯ ਰਤਨਾ ਐਵਾਰਡ ਨਾਲ ਵੀ ਸਨਮਾਨਿਆ ਗਿਆ ਸੀ।
ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਸਿਹਤਮੰਦ ਜੀਵਨ ਜਿਊਣ ਲਈ ਲੋਕਾਂ ਨੂੰ ਨਿਯਮਤ ਕਸਰਤ, ਸੈਰ ਕਰਨ ਅਤੇ ਸਾਈਕਲ ਚਲਾਉਣ ਦੀ ਨਸੀਹਤ ਦਿੰਦਿਆਂ ਇਸਨੂੰ ਇੱਕ ਰੁਟੀਨ ਆਦਤ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਈਕਲਿਸਟ ਗੁਰਪ੍ਰੀਤ ਸਿੰਘ ਕਮੋਂ ਦੀਆਂ ਇਹ ਪ੍ਰਾਪਤੀਆਂ ਬੱਚਿਆਂ ਅਤੇ ਨੌਜਵਾਨਾਂ ਲਈ ਪ੍ਰੇਰਨਾਦਾਇਕ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਜੇ ਤੁਹਾਡੇ ਕੋਲ ਜਿੱਤਣ ਜਾਂ ਕੋਈ ਵੀ ਟੀਚਾ ਹਾਸਲ ਕਰਨ ਦਾ ਦ੍ਰਿੜ ਇਰਾਦਾ ਹੈ, ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਅਤੇ ਇਸ ਲਈ ਉਮਰ ਮਾਇਨੇ ਨਹੀਂ ਰੱਖਦੀ।
ਸ. ਸੰਧਵਾਂ ਨੇ ਗੁਰਪ੍ਰੀਤ ਸਿੰਘ ਕਮੋਂ ਦੇ ਪੂਰੇ ਪਰਿਵਾਰ ਅਤੇ ਕੋਟਕਪੂਰਾ ਸਾਈਕਲ ਰਾਈਡਰ ਟੀਮ ਦੇ ਸਾਰੇ ਮੈਂਬਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ, ਰਬਾਬ ਸਿੰਘ ਅਤੇ ਜਸ਼ਨਪ੍ਰੀਤ ਕੌਰ ਧਾਲੀਵਾਲ ਵੀ ਮੌਜੂਦ ਸਨ।
ਸ਼ੂਟ 'ਤੇ ਜਾ ਰਹੇ ਨੌਜਵਾਨਾਂ ਦੀ ਕਾਰ ਨੂੰ ਲੱਗ ਗਈ ਅੱਗ, ਮਿੰਟਾਂ 'ਚ ਹੋ ਗਈ ਸੁਆਹ
NEXT STORY