ਜਲੰਧਰ (ਰਵਿੰਦਰ ਸ਼ਰਮਾ, ਅਮਿਤ ਕੁਮਾਰ)— ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਲੋਕਤੰਤਰ ਦੀ ਮਜ਼ਬੂਤੀ ਲਈ ਰਾਜਨੀਤੀ ਵਿਚ ਉੱਚ ਆਦਰਸ਼ਾਂ ਨੂੰ ਕਾਇਮ ਰੱਖਣ। ਉਨ੍ਹਾਂ ਨੇ ਕਿਹਾ ਕਿ ਵਿਚਾਰਾਂ ਦਾ ਮਤਭੇਦ ਹੀ ਲੋਕਤੰਤਰ ਦੀ ਸੱਚੀ ਸ਼ਕਤੀ ਹੈ ਪਰ ਇਹ ਮਤਭੇਦ ਸਾਡੀਆਂ ਪਰੰਪਰਾਵਾਂ ਅਤੇ ਆਦਰਸ਼ਾਂ ਤੋਂ ਉੱਚੇ ਨਹੀਂ ਹੋਣੇ ਚਾਹੀਦੇ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ 'ਤੇ ਆਈ ਕਿਸੇ ਵੀ ਔਕੜ ਦਾ ਸਾਹਮਣਾ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ ਹੈ। ਜਿੱਥੇ ਪੰਜਾਬੀਆਂ ਨੇ ਆਜ਼ਾਦੀ ਦੀ ਲੜਾਈ ਤੋਂ ਬਾਅਦ ਹੋਈਆਂ ਲੜਾਈਆਂ ਵਿਚ ਦੁਸ਼ਮਣ ਨੂੰ ਮੂੰਹ-ਤੋੜ ਜਵਾਬ ਦਿੱਤਾ, ਉਥੇ ਕਿਸਾਨਾਂ ਨੇ ਵੀ ਹਰੀ ਕ੍ਰਾਂਤੀ ਲਿਆ ਕੇ ਦੇਸ਼ ਨੂੰ ਅਨਾਜ ਦੇ ਖੇਤਰ ਵਿਚ ਆਤਮਨਿਰਭਰ ਬਣਾਇਆ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਲਾ ਅਤੇ ਪੱਤਰਕਾਰੀ ਦੇ ਖੇਤਰ ਵਿਚ ਮਾਅਰਕੇ ਮਾਰੇ ਹਨ। ਪੰਜਾਬ ਦੀ ਸ਼ਾਨ ਨੂੰ ਬਣਾਈ ਰੱਖਣ ਲਈ ਯਤਨਸ਼ੀਲ ਰਹਿਣ ਦੀ ਪ੍ਰੇਰਣਾ ਦਿੰਦਿਆਂ ਰਾਣਾ ਕੇ. ਪੀ. ਨੇ ਕਿਹਾ ਕਿ ਸਾਨੂੰ ਅੱਜ ਦੇ ਦਿਨ ਆਤਮਮੰਥਨ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਸੂਬੇ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ਵਿਚ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਦੂਰ ਕਰ ਸਕੀਏ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਕੈਪਟਨ ਸਰਕਾਰ ਦੀ ਅਗਵਾਈ ਵਿਚ ਚੁੱਕੇ ਜਾ ਰਹੇ ਕਦਮਾਂ ਤੋਂ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਨੀਅਤ ਜ਼ਾਹਿਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਦੀ ਮਾਲੀ ਹਾਲਤ ਸਹੀ ਨਹੀਂ ਹੈ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਕਰਜ਼ਾ ਮੁਆਫੀ ਯੋਜਨਾ ਸ਼ੁਰੂ ਕੀਤੀ। ਪੰਜਾਬ ਦਾ ਅਰਥਚਾਰਾ ਖੇਤੀਬਾੜੀ 'ਤੇ ਆਧਾਰਿਤ ਹੈ, ਇਸ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸੰਕਟ 'ਚੋਂ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਲੰਧਰ ਦੇ ਵਿਕਾਸ ਲਈ 350 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਾਮਾ ਮੰਡੀ ਤੋਂ ਪੀ. ਏ. ਪੀ. ਅਤੇ ਜਲੰਧਰ-ਕਪੂਰਥਲਾ ਸੜਕ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਹੈ। ਇਸ ਤੋਂ ਇਲਾਵਾ ਸਮਾਰਟ ਸਿਟੀ ਪ੍ਰਾਜੈਕਟ ਮੁਤਾਬਕ ਜਲੰਧਰ ਦੇ ਵਿਕਾਸ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਵਾਰਡ ਨੰ. 4 ਦੇ ਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਹੋ ਰਹੇ ਮਜ਼ਬੂਰ
NEXT STORY