ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪੰਜਾਬ ਵਿਚ ਪੈ ਰਹੀ ਅੰਤਾਂ ਦੀ ਗਰਮੀ ਨੇ ਜਿੱਥੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਉਥੇ ਹੀ ਸਿਹਤ ਵਿਭਾਗ ਨੇ ਲੋਕਾਂ ਨੂੰ ਗਰਮੀ ਅਤੇ ਲੂਅ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਸਲਾਹ ਦੇ ਨਾਲ-ਨਾਲ ਐਡਵਾਇਜ਼ਰੀ ਜਾਰੀ ਕੀਤੀ ਹੈ ਅਤੇ ਗਰਮੀ ਕਾਰਨ ਕਿਸੇ ਤਰ੍ਹਾਂ ਦੀ ਸਿਹਤ ਸਮੱਸਿਆ ਹੋਣ ’ਤੇ ਡਾਕਟਰੀ ਸਲਾਹ ਲੈਣ ਲਈ ਆਖਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡਾ. ਨਵਜੋਤ ਕੌਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਪਿਛਲੇ ਕੁਝ ਸਮੇਂ ਤੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਅਤੇ ਗਰਮ ਹਵਾਵਾਂ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ’ਚ ਗਰਮੀ ਦੇ ਹੋਰ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਗਰਮ ਹਵਾਵਾਂ ਸਾਡੀ ਤ੍ਰੇਹ (ਪਿਆਸ) ਵਧਾਉਣ ਦੇ ਨਾਲ-ਨਾਲ ਸਾਡੇ ਸਰੀਰ ਖਾਸ ਕਰ ਕੇ ਅੱਖਾਂ ਅਤੇ ਚਮੜੀ ਨੂੰ ਪੂਰੀ ਤਰ੍ਹਾਂ ਝੁਲਸਾ ਦਿੰਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਪਰਮਿੰਦਰ ਚਿੜੀ ਸਣੇ ਦੋ ਦਾ ਐਨਕਾਊਂਟਰ
ਜ਼ਿਆਦਾ ਗਰਮੀ ਹੋਣ 'ਤੇ ਸਾਡਾ ਸਰੀਰ ਪਸੀਨੇ ਦੇ ਰੂਪ ਵਿਚ ਗਰਮੀ ਬਾਹਰ ਕੱਢਦਾ ਹੈ ਅਤੇ ਤਾਪਮਾਨ ਨੂੰ ਨਿਯੰਤਰਿਤ ਰੱਖਦਾ ਹੈ। ਇਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਕ ਨਿਸ਼ਚਿਤ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਸਰੀਰ ਬਾਹਰ ਦੇ ਤਾਪਮਾਨ ਦੇ ਸਮਾਨ ਗਰਮ ਹੋ ਜਾਂਦਾ ਹੈ। ਜਿਸ ਨੂੰ ਲੂਅ ਲੱਗਣਾ ਕਹਿੰਦੇ ਹਨ ਜਾਂ ਫਿਰ ਹੀਟ ਸਟਰੋਕ ਕਹਿੰਦੇ ਹਨ। ਆਮ ਤੌਰ ’ਤੇ ਲੋਕ ਇਸਨੂੰ ਹਲਕੇ ਵਿਚ ਲੈਂਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਲੂਅ ਲੱਗ ਹੀ ਨਹੀਂ ਸਕਦੀ ਪਰੰਤੂ ਇਕ ਰਿਪੋਰਟ ਅਨੁਸਾਰ ਲੂਅ ਲੱਗਣਾ (ਹੀਟ ਸਟਰੋਕ) ਬਹੁਤ ਖ਼ਤਰਨਾਕ ਹੈ।
ਇਹ ਵੀ ਪੜ੍ਹੋ : ਅੰਤਾਂ ਦੀ ਗਰਮੀ 'ਚ ਸਿਖ਼ਰਾਂ ਨੂੰ ਛੂਹ ਗਈ ਬਿਜਲੀ ਦੀ ਮੰਗ ਪਰ ਪਾਵਰਕਾਮ ਨੇ ਬਣਾਇਆ ਵੱਡਾ ਰਿਕਾਰਡ
ਬੱਚਿਆਂ ਅਤੇ ਬਜ਼ੁਰਗਾਂ, ਗਰਭਵਤੀ ਔਰਤਾਂ, ਮੋਟਾਪੇ ਤੋਂ ਪੀੜਤ ਲੋਕ, ਦਿਲ ਦੇ ਮਰੀਜ਼, ਸਰੀਰਕ ਰੂਪ ਨਾਲ ਕਮਜ਼ੋਰ ਲੋਕ ਅਤੇ ਕੁਝ ਵਿਸ਼ੇਸ਼ ਦਵਾਈਆਂ, ਜਿਨ੍ਹਾਂ ਦਾ ਸਰੀਰ ਦੇ ਰਸਾਇਣਾਂ ਜਾਂ ਖੂਨ ਦੀਆਂ ਨਾੜੀਆਂ ’ਤੇ ਅਸਰ ਪੈਂਦਾ ਹੈ, ਨੂੰ ਖਾਣ ਵਾਲੇ ਲੋਕਾਂ ਨੂੰ ਗਰਮੀ ਲੱਗਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਇਸ ਤੋਂ ਇਲਾਵਾ ਮਜ਼ਦੂਰ ਵਰਗ, ਦਿਹਾੜੀਦਾਰ ਅਤੇ ਬੇਘਰ ਹੋ ਕੇ ਸੜਕਾਂ ਅਤੇ ਰੇਲਵੇ ਸਟੇਸ਼ਨਾਂ ਉੱਤੇ ਰਹਿਣ ਵਾਲੇ ਲੋਕ ਇਸ ਦਾ ਜਲਦੀ ਸ਼ਿਕਾਰ ਹੋ ਜਾਂਦੇ ਹਨ। ਲੂਅ ਲੱਗਣ ਨਾਲ ਸਰੀਰ ਨੂੰ ਬੇਚੈਨੀ ਅਤੇ ਘਬਰਾਹਟ ਹੋ ਸਕਦੀ ਹੈ ਅਤੇ ਜ਼ਿਆਦਾ ਸਮਾਂ ਧੁੱਪ ਵਿਚ ਰਹਿਣ ਨਾਲ ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਣਾ, ਚੱਕਰ ਖਾ ਕੇ ਡਿੱਗ ਪੈਣਾ, ਗੱਲ ਸਮਝਣ ਵਿਚ ਮੁਸ਼ਕਲ ਆਉਣੀ, ਚਿੜਚਿੜਾਪਣ, ਜ਼ੁਬਾਨ ਦਾ ਲੜਖੜਾਉਣਾ, ਤੁਰਨ ਸਮੇਂ ਲੜਖੜਾਉਣਾ ਅਤੇ ਦੌਰਾ ਪੈਣਾ ਆਦਿ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਭਰ ਵਿਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ
ਇਸ ਲਈ ਲੂਅ ਲੱਗਣ ਦੇ ਲੱਛਣ ਨਜ਼ਰ ਆਉਣ ’ਤੇ ਵਿਅਕਤੀ ਨੂੰ ਛਾਵੇਂ ਬਿਠਾ ਦਿੱਤਾ ਜਾਵੇ, ਉਸਦੇ ਕੱਪੜੇ ਢਿੱਲੇ ਕਰ ਦਿੱਤੇ ਜਾਣ, ਪੀਣ ਲਈ ਤਰਲ ਪਦਾਰਥ ਦਿੱਤਾ ਜਾਵੇ, ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ਲਈ ਠੰਡੇ ਪਾਣੀ ਦੀਆਂ ਪੱਟੀਆਂ ਕੀਤੀਆਂ ਜਾਣ ਅਤੇ ਤੁਰੰਤ ਡਾਕਟਰ ਨੂੰ ਚੈੱਕਅਪ ਕਰਵਾ ਕੇ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਆਪ-ਮੁਹਾਰੇ ਦਵਾਈਆਂ ਦਾ ਪ੍ਰਯੋਗ ਨਾ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ’ਚ ਲੂਅ ਤੋਂ ਬਚਣ ਲਈ ਸਾਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ ਜਿਵੇਂ ਕਿ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੋਵੇ ਤਾਂ ਜ਼ਿਆਦਾ ਮਾਤਰਾ ਵਿਚ ਪਾਣੀ ਪੀਤਾ ਜਾਵੇ, ਸੂਤੀ, ਹਲਕੇ ਅਤੇ ਆਰਾਮਦਾਇਕ ਕੱਪੜੇ ਪਾ ਕੇ ਅਤੇ ਸਿਰ ਨੂੰ ਢੱਕ ਕੇ ਰੱਖਿਆ ਜਾਵੇ, ਤਰਲ ਪਦਾਰਥਾਂ ਜਿਵੇਂ ਪਾਣੀ, ਨਿੰਬੂ ਪਾਣੀ, ਲੱਸੀ, ਓ.ਆਰ.ਐੱਸ. ਦੇ ਘੋਲ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ ਅਤੇ ਦੁਪਹਿਰ ਦੇ ਵੇਲੇ ਘਰ ਤੋਂ ਬਾਹਰ ਬਹੁਤ ਜ਼ਿਆਦਾ ਜ਼ਰੂਰੀ ਹੋਣ ’ਤੇ ਹੀ ਨਿਕਲਿਆ ਜਾਵੇ।
ਇਹ ਵੀ ਪੜ੍ਹੋ : ਪੰਜਾਬ ਬੋਰਡ ਵਲੋਂ ਪੰਜਵੀਂ, ਅੱਠਵੀਂ, ਦੱਸਵੀਂ ਤੇ ਬਾਰ੍ਹਵੀਂ ਦੀ 10 ਜੁਲਾਈ ਨੂੰ ਲਈ ਜਾਣ ਵਾਲੀ ਪ੍ਰੀਖਿਆ ਮੁਲਤਵੀ
ਉਨ੍ਹਾ ਕਿਹਾ ਕਿ ਜ਼ਿਆਦਾ ਮਿਰਚ ਅਤੇ ਮਸਾਲੇਦਾਰ ਭੋਜਨ ਅਤੇ ਬਾਜ਼ਾਰ ਦੇ ਖਾਣੇ ਤੋਂ ਪ੍ਰਹੇਜ਼ ਕੀਤਾ ਜਾਵੇ, ਕੂਲਰ ਜਾਂ ਏ.ਸੀ. ਵਾਲੇ ਕਮਰੇ ਵਿਚ ਬੈਠਣ ਤੋਂ ਬਾਅਦ ਇਕ ਦਮ ਧੁੱਪ ਵਿਚ ਨਾ ਨਿਕਲਿਆ ਜਾਵੇ। ਇਸ ਮੌਕੇ ਡਾ. ਸੰਦੀਪ ਕੌਰ ਜ਼ਿਲ੍ਹਾ ਐਪੀਡੀਮੋਲੋਜਿਸਟ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਲੂਅ ਤੋਂ ਬਚਣ ਲਈ ਦੱਸੀਆਂ ਗਈਆਂ ਸਾਵਧਾਨੀਆਂ ਨੂੰ ਅਮਲ ਵਿਚ ਲਿਆ ਕੇ ਘਰ ਵਿਚ ਰਹੋ, ਸੁਰੱਖਿਅਤ ਰਹੋ ਤੇ ਸਵਸਥ ਰਹੋ। ਉਨ੍ਹਾਂ ਕਿਹਾ ਕਿ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਉਨ੍ਹਾਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਅਧੀਨ ਏਰੀਆ ’ਚ ਸਿਹਤ ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਏ ਦੇ ਸਹਿਯੋਗ ਨਾਲ ਆਮ ਜਨਤਾ ਨੂੰ ਲੂਅ ਤੋਂ ਬਚਣ ਲਈ ਜਾਗਰੂਕ ਕੀਤਾ ਜਾਵੇ। ਇਸ ਮੌਕੇ ਡਾ ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ ਕੁਲਤਾਰ ਸਿੰਘ ਜ਼ਿਲਾ ਪਰਿਵਾਰ ਭਲਾਈ ਅਫਸਰ, ਡਾ. ਦੁਪਿੰਦਰ ਕੁਮਾਰ ਜ਼ਿਲਾ ਸਿਹਤ ਅਫਸਰ, ਸੁਖਮੰਦਰ ਸਿੰਘ ਜ਼ਿਲਾ ਮਾਸ ਮੀਡੀਆ ਅਫਸਰ, ਭਗਵਾਨ ਦਾਸ, ਲਾਲ ਚੰਦ ਜ਼ਿਲਾ ਹੈਲਥ ਇੰਸਪੈਕਟਰ, ਭੁਪਿੰਦਰ ਸਿੰਘ ਸਟੈਨੋ ਅਤੇ ਦਫਤਰ ਦਾ ਸਟਾਫ ਹਾਜ਼ਰ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਕੂਲਾਂ ਨੂੰ ਖ਼ਾਸ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ
NEXT STORY