ਬਠਿੰਡਾ(ਬਲਵਿੰਦਰ)-'ਬਾਪੂ ਸਾਡਾ ਘਰ ਨੀ, ਸਾਨੂੰ ਕਿਸੇ ਦਾ ਡਰ ਨੀ' ਇਹ ਕਹਾਵਤ ਖੇਡ ਵਿਭਾਗ ਦੇ ਕੁਝ ਮੁਲਾਜ਼ਮਾਂ 'ਤੇ ਬਿਲਕੁਲ ਠੀਕ ਬੈਠ ਰਹੀ ਹੈ, ਜੋ ਡੀ. ਐੱਸ. ਓ. ਦੀ ਗੈਰਹਾਜ਼ਰੀ 'ਚ ਅਕਸਰ 3-4 ਵਜੇ ਦਫ਼ਤਰ ਨੂੰ ਤਾਲਾ ਲਾ ਕੇ ਤਿੱਤਰ ਹੋ ਜਾਂਦੇ ਹਨ। ਜ਼ਿਕਰਯੋਗ ਹੈ ਕਿ ਖੇਡ ਵਿਭਾਗ ਦੇ ਡੀ. ਐੱਸ. ਓ. ਦਾ ਦਫ਼ਤਰ ਖੇਡ ਸਟੇਡੀਅਮ ਵਿਚ ਸਥਿਤ ਹੈ। ਡੀ. ਐੱਸ. ਓ. ਬਠਿੰਡਾ ਕਰਮ ਸਿੰਘ ਕੋਲ ਜ਼ਿਲਾ ਮੁਕਤਸਰ ਦਾ ਵਾਧੂ ਚਾਰਜ ਵੀ ਹੈ, ਜਿੱਥੇ ਉਨ੍ਹਾਂ ਨੂੰ ਅਕਸਰ ਜਾਣਾ ਪੈਂਦਾ ਹੈ। ਜਦੋਂਕਿ ਦਫ਼ਤਰੀ ਡਿਊਟੀ ਸਦਕਾ ਉਨ੍ਹਾਂ ਨੂੰ ਹੋਰ ਜ਼ਿਲਿਆਂ ਵਿਚ ਮੀਟਿੰਗਾਂ ਜਾਂ ਸਮਾਗਮਾਂ ਆਦਿ ਲਈ ਵੀ ਜਾਣਾ ਪੈਂਦਾ ਹੈ। ਵਿਭਾਗੀ ਸੂਤਰਾਂ ਦਾ ਹੀ ਕਹਿਣਾ ਹੈ ਕਿ ਦਫ਼ਤਰ ਦਾ ਹਾਲ ਇਹ ਹੈ ਕਿ ਡੀ. ਐੱਸ. ਓ. ਦੀ ਗੈਰਹਾਜ਼ਰੀ ਵਿਚ ਬਾਕੀ ਸਟਾਫ ਇਕ-ਦੂਜੇ ਨਾਲ ਸੈਟਿੰਗ ਕਰ ਕੇ ਫਰਲੋ ਮਾਰ ਜਾਂਦਾ ਹੈ। ਕਈ ਵਾਰ ਤਾਂ ਦਫ਼ਤਰ ਨੂੰ 3-4 ਵਜੇ ਤਾਲਾ ਵੀ ਲੱਗ ਜਾਂਦਾ ਹੈ। ਡੀ. ਐੱਸ. ਓ. ਦਫ਼ਤਰ 'ਚ ਜ਼ਿਲੇ ਭਰ ਤੇ ਸਕੂਲਾਂ ਅਤੇ ਖੇਡ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਖੇਡਾਂ ਸਬੰਧੀ ਕੰਮਾਂ ਸਦਕਾ ਆਉਣਾ ਹੁੰਦਾ ਹੈ। ਅੱਜ ਕਰੀਬ 4.15 ਵਜੇ ਇਕ ਵਿਅਕਤੀ ਨੇ ਸੰਪਰਕ ਕਰ ਕੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ 4 ਵਜੇ ਤੋਂ ਪਹਿਲਾਂ ਦਫ਼ਤਰ ਪਹੁੰਚਿਆ, ਜਿੱਥੇ ਤਾਲਾ ਲੱਗਾ ਹੋਇਆ ਸੀ। ਇਹ ਪਤਾ ਲੱਗਣ 'ਤੇ ਪੱਤਰਕਾਰਾਂ ਦੀ ਇਕ ਟੀਮ ਕਰੀਬ 4.30 ਵਜੇ ਡੀ. ਐੱਸ. ਓ. ਦਫ਼ਤਰ ਵਿਚ ਪਹੁੰਚ ਗਈ, ਜਿੱਥੇ ਕੋਈ ਮੁਲਾਜ਼ਮ ਮੌਜੂਦ ਨਹੀਂ ਸੀ ਅਤੇ ਦਫ਼ਤਰ ਨੂੰ ਤਾਲਾ ਲੱਗਾ ਹੋਇਆ ਸੀ।
ਗਲਤੀ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ : ਡੀ. ਐੱਸ. ਓ.
ਇਸ ਸਬੰਧੀ ਕਰਮ ਸਿੰਘ ਡੀ. ਐੱਸ. ਓ. ਬਠਿੰਡਾ ਦਾ ਕਹਿਣਾ ਸੀ ਕਿ ਉਹ ਅੱਜ ਵਿਭਾਗੀ ਡਿਊਟੀ ਕਾਰਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਏ ਹੋਏ ਸਨ। ਪਤਾ ਲੱਗਾ ਹੈ ਕਿ ਦਫ਼ਤਰ ਸਮੇਂ ਤੋਂ ਪਹਿਲਾਂ ਹੀ ਬੰਦ ਹੋ ਗਿਆ ਸੀ। ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਕੱਢਣ ਤੋਂ ਇਲਾਵਾ ਸਖ਼ਤ ਕਾਰਵਾਈ ਦੀ ਸਿਫਾਰਿਸ਼ ਵੀ ਵਿਭਾਗ ਨੂੰ ਕਰਨਗੇ।
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਾਬਾ ਬਲਬੀਰ ਸਿੰਘ ਨੂੰ 'ਸ਼੍ਰੋਮਣੀ ਸੇਵਾ ਰਤਨ' ਦੀ ਉਪਾਧੀ
NEXT STORY