ਖੇਡਣ ਆਏ ਸੈਂਕੜੇ ਖਿਡਾਰੀਆਂ ਦੀ ਜ਼ਿੰਦਗੀ ਦਾਅ 'ਤੇ
ਸੰਗਤ ਮੰਡੀ(ਮਨਜੀਤ)-ਪਿੰਡ ਘੁੱਦਾ ਵਿਖੇ ਬਣੇ ਸਪੋਰਟਸ ਸਕੂਲ 'ਚ ਜ਼ਿਲਾ ਟੂਰਨਾਮੈਂਟ ਕਮੇਟੀ ਵੱਲੋਂ ਤਿੰਨ ਰੋਜ਼ਾ ਜ਼ਿਲਾ ਪੱਧਰੀ ਐਥਲੈਟਿਕਸ ਮੀਟ ਕਰਵਾਈ ਜਾ ਰਹੀ ਹੈ, ਜਿਸ 'ਚ ਸੈਂਕੜੇ ਖਿਡਾਰੀ ਹਿੱਸਾ ਲੈ ਰਹੇ ਹਨ। ਖ਼ੇਡ ਗਰਾਊਂਡ ਦੇ ਨਜ਼ਦੀਕ ਹੀ ਥ੍ਰੀ ਫੇਸ ਲਾਈਨ ਦਾ ਪਾਵਰਕਾਮ ਵੱਲੋਂ ਟਰਾਂਸਫਾਰਮਰ ਲਾਇਆ ਹੋਇਆ ਹੈ, ਜਿਸ ਦੀਆਂ ਤਾਰਾਂ ਨੰਗੀਆਂ ਤੇ ਨੀਵੀਆਂ ਹਨ, ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਪ੍ਰਸ਼ਾਸਨ ਇਸ ਪਾਸੇ ਅਵੇਸਲਾ ਹੋ ਕੇ ਖਿਡਾਰੀਆਂ ਦੀ ਜ਼ਿੰਦਗੀ ਦਾਅ 'ਤੇ ਲਾਈ ਬੈਠਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਪੋਰਟਸ ਸਕੂਲ 'ਚ ਜ਼ਿਲਾ ਪੱਧਰੀ ਐਥਲੈਟਿਕਸ ਮੀਟ 2017-18 ਕਰਵਾਈ ਜਾ ਰਹੀ ਹੈ, ਜੋ 3 ਤੋਂ 6 ਅਕਤੂਬਰ ਤੱਕ ਹੋ ਰਹੀ ਹੈ, ਜਿਸ 'ਚ ਅੰਡਰ 14, 17 ਤੇ 19 ਉਮਰ ਵਰਗ ਦੇ ਲੜਕੇ ਤੇ ਲੜਕੀਆਂ ਹਿੱਸਾ ਲੈ ਰਹੇ ਹਨ। ਇਸ ਮੀਟ 'ਚ ਸੈਂਕੜੇ ਖਿਡਾਰੀ ਭਾਗ ਲੈ ਰਹੇ ਹਨ ਪਰ ਸਟੇਡੀਅਮ ਦੇ ਨੇੜੇ ਲੱਗੇ ਟਰਾਂਸਫਾਰਮਰ ਦੀਆਂ ਹਾਈਵੋਲਟੇਜ ਨੰਗੀਆਂ ਤਾਰਾਂ ਵੱਲ ਸਕੂਲ ਪ੍ਰਸ਼ਾਸਨ ਨੇ ਧਿਆਨ ਨਾ ਦੇ ਕੇ ਸੈਂਕੜੇ ਖਿਡਾਰੀਆਂ ਦੀ ਜ਼ਿੰਦਗੀ ਦਾਅ 'ਤੇ ਲਗਾ ਦਿੱਤੀ। ਇਸ ਸਬੰਧੀ ਜਦ ਸਕੂਲ ਦੇ ਪ੍ਰਿੰਸੀਪਲ ਰਮਨਦੀਪ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ।
ਬਜ਼ੁਰਗ 'ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ
NEXT STORY