ਜਲੰਧਰ (ਬਿਊਰੋ) : ਲਤੀਫ਼ਪੁਰਾ ਦੇ ਮਸਲੇ ਦੇ ਨਿਪਟਾਰੇ ਲਈ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਵਿਧਾਇਕ ਬਲਕਾਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਰੱਖੀ ਮੀਟਿੰਗ ’ਚ ਕਾਫ਼ੀ ਉਡੀਕ ਕਰਵਾਉਣ ਉਪਰੰਤ ਜਦੋਂ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਹਾਜ਼ਰ ਨਾ ਹੋਇਆ ਤਾਂ ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ’ਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਤੇ ਪੀੜਤ ਪਰਿਵਾਰਾਂ ਵੱਲੋਂ ਮੀਟਿੰਗ ’ਚੋਂ ਵਾਕਆਊਟ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ 4 ਵਜੇ ਡੀ. ਸੀ. ਦਫ਼ਤਰ ਵਿਖੇ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਪਰ ਮੀਟਿੰਗ ਹਾਲ ’ਚ 5 ਵਜੇ ਸ਼ਾਮ ਤੱਕ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਹਾਜ਼ਰ ਨਹੀਂ ਹੋਇਆ, ਜਿਸ ਕਾਰਨ ਆਗੂਆਂ ਨੇ ਇਸ ਨੂੰ ਜਥੇਬੰਦੀਆਂ ਦੀ ਹੱਤਕ ਸਮਝਦਿਆਂ ਮੀਟਿੰਗ ’ਚੋਂ ਵਾਕਆਊਟ ਕਰਨਾ ਬਿਹਤਰ ਸਮਝਿਆ।
ਇਹ ਖ਼ਬਰ ਵੀ ਪੜ੍ਹੋ : ਮਾਲਬਰੋਜ਼ ਸ਼ਰਾਬ ਫੈਕਟਰੀ ਧਰਨੇ ’ਚ ਪਹੁੰਚੇ ਰਾਜੇਵਾਲ, ‘ਆਪ’ ਸਰਕਾਰ ਨੂੰ ਕਹਿ ਦਿੱਤੀ ਵੱਡੀ ਗੱਲ
ਉਪਰੰਤ ਆਗੂਆਂ ਨੇ ਐਲਾਨ ਕੀਤਾ ਕਿ ਵਸਦੇ ਲੋਕਾਂ ਨੂੰ ਉਜਾੜਨ ਅਤੇ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ 1 ਜਨਵਰੀ ਨੂੰ ਪੀ.ਏ.ਪੀ. ਚੌਕ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਹਾਈਵੇ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਜਾੜੇ ਵਾਲੀ ਜਗ੍ਹਾ ਉੱਪਰ ਹੀ ਪੀੜਤ ਲੋਕਾਂ ਦਾ ਮੁੜ ਵਸੇਬਾ ਕਰਨ, ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਅਤੇ ਗਾਲੀ-ਗਲੋਚ ਤੇ ਵਧੀਕੀ ਕਰਨ ਵਾਲੇ ਡੀ. ਸੀ. ਪੀ. ਤੇਜਾ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਵਰਗੀਆਂ ਮੰਗਾਂ ਦੇ ਨਿਪਟਾਰੇ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ 1 ਜਨਵਰੀ ਨੂੰ ਰਾਹਗੀਰਾਂ ਨੂੰ ਸਫ਼ਰ ਨਾ ਕਰਨ ਦੀ ਅਪੀਲ ਕਰਦਿਆਂ ਇਨਸਾਫ਼ ਪਸੰਦ ਲੋਕਾਂ ਨੂੰ ਲਤੀਫ਼ਪੁਰਾ ਦੇ ਉਜਾੜੇ ਲੋਕਾਂ ਦੇ ਹੱਕ ’ਚ ਜਾਮ ’ਚ ਸ਼ਿਰਕਤ ਕਰਨ ਦਾ ਹੋਕਾ ਵੀ ਦਿੱਤਾ।
ਇਹ ਖ਼ਬਰ ਵੀ ਪੜ੍ਹੋ : Live ਹੋ ਕੇ ਨੌਜਵਾਨ ਨੇ CM ਮਾਨ ਨੂੰ ਦਿੱਤੀ ਧਮਕੀ, ਰਿਵਾਲਵਰ ਦਿਖਾ ਕੇ ਬੋਲਿਆ...
ਅੱਜ ਵੀ ਰੋਜ਼ਾਨਾ ਵਾਂਗ ਮੋਰਚਾ ਉੱਪਰ ਹੱਡ-ਚੀਰਵੀਂ ਠੰਡ ’ਚ ਲੋਕ ਡਟੇ ਰਹੇ ਅਤੇ ਸ਼ਾਮ ਵੇਲੇ ਸੂਬਾ ਸਰਕਾਰ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੋਰਚੇ ਦੇ ਆਗੂ ਜਥੇਦਾਰ ਕਸ਼ਮੀਰ ਸਿੰਘ, ਸੁਖਜੀਤ ਸਿੰਘ ਡਰੋਲੀ, ਸੰਤੋਖ ਸਿੰਘ ਸੰਧੂ, ਪਰਮਜੀਤ ਸਿੰਘ ਜੱਬੋਵਾਲ, ਕਸ਼ਮੀਰ ਸਿੰਘ ਘੁੱਗਸ਼ੋਰ, ਤਰਸੇਮ ਸਿੰਘ ਵਿੱਕੀ ਜੈਨਪੁਰ, ਡਾਕਟਰ ਗੁਰਦੀਪ ਸਿੰਘ ਭੰਡਾਲ, ਹੰਸਰਾਜ ਪੱਬਵਾਂ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਮਹਿੰਦਰ ਸਿੰਘ ਬਾਜਵਾ, ਹਰਜਿੰਦਰ ਕੌਰ, ਬਲਜਿੰਦਰ ਕੌਰ, ਪਰਮਿੰਦਰ ਸਿੰਘ ਬਾਜਵਾ, ਪਿੰਦੂ ਵਾਸੀ ਆਦਿ ਸ਼ਾਮਲ ਸਨ।
ਇਹ ਖ਼ਬਰ ਵੀ ਪੜ੍ਹੋ : ਸ਼ਾਨਦਾਰ ਆਤਿਸ਼ਬਾਜ਼ੀ ਦਰਮਿਆਨ ਆਸਟ੍ਰੇਲੀਆ ’ਚ ਹੋਇਆ ਨਵੇਂ ਸਾਲ 2023 ਦਾ ਆਗ਼ਾਜ਼
ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ ਪਾਕਿਸਤਾਨ ’ਚ ਹਿੰਦੂਆਂ ਤੇ ਸਿੱਖਾਂ ’ਤੇ ਅੱਤਿਆਚਾਰ ਜਾਰੀ : ਪ੍ਰੋ. ਸਰਚਾਂਦ ਸਿੰਘ ਖਿਆਲਾ
NEXT STORY