ਚੰਡੀਗੜ੍ਹ : ਪਿਛਲੇ ਮਹੀਨੇ ਮਲੋਟ ਰੈਲੀ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੱਝੀ ਹੋਈ ਪੱਗ ਪਹਿਨਾਈ ਗਈ, ਜਿਸ ਨੂੰ ਉਨ੍ਹਾਂ ਨੇ ਤੁਰੰਤ ਹੀ ਉਤਾਰ ਦਿੱਤਾ। ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਗਿਆ ਹੈ।
ਬਠਿੰਡਾ ਦੇ ਅੰਮ੍ਰਿਤਧਾਰੀ ਸਿੱਖ ਯਸ਼ਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਕੇਂਦਰ ਜਾਂ ਹੋਰ ਸੂਬਿਆਂ ਤੋਂ ਆਉਣ ਵਾਲੇ ਸਿਆਸੀ ਆਗੂਆਂ ਜਾਂ ਵਿਦੇਸ਼ ਤੋਂ ਆਉਣ ਵਾਲੇ ਮੰਨੇ-ਪ੍ਰਮੰਨੇ ਵਿਅਕਤੀਆਂ ਦੇ ਸਿਰ 'ਤੇ 'ਬੱਝੀ ਹੋਈ ਟੋਪੀਨੁਮਾ' ਪੱਗ ਰੱਖ ਦਿੱਤੀ ਜਾਂਦੀ ਹੈ। ਇਸ ਨੂੰ ਸਿੱਖਾਂ ਦੀ ਪੱਗ ਦਾ ਨਾਂ ਦਿੱਤਾ ਜਾਂਦਾ ਹੈ, ਜਿਸ ਕਾਰਨ ਸਿਆਸੀ ਮੰਚਾਂ 'ਤੇ ਪੱਗ ਦਾ ਅਪਮਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ 'ਤੇ ਰੋਕ ਲਾਉਣੀ ਬਹੁਤ ਜ਼ਰੂਰੀ ਹੈ ਅਤੇ ਇਸ ਪਰੰਪਰਾ ਨੂੰ ਤੁਰੰਤ ਖਤਮ ਕਰਨਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਪੱਗ ਸਿਰ 'ਤੇ ਸਜਾਉਣਾ ਵੀ ਚਾਹੁੰਦਾ ਹੈ ਤਾਂ ਸਿਆਸੀ ਮੰਚਾਂ 'ਤੇ ਵੀ 5 ਮਿੰਟ ਦਾ ਸਮਾਂ ਕੱਢ ਕੇ ਪੂਰੇ ਆਦਰ ਨਾਲ ਉਸ ਨੂੰ ਸਜਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਿਸੇ ਵਿਅਕਤੀ ਨੂੰ ਸਿਰੋਪਾਓ ਭੇਂਟ ਕਰਦੇ ਸਮੇਂ ਵੀ ਇਹ ਯਕੀਨੀ ਬਣਇਆ ਜਾਵੇ ਕਿ ਸਬੰਧਿਤ ਵਿਅਕਤੀ ਗੁਟਕਾ ਜਾਂ ਸਿਗਰਟਨੋਸ਼ੀ ਦਾ ਆਦੀ ਤਾਂ ਨਹੀਂ ਹੈ।
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਸ ਨੇ ਕੀਤੀ ਵਿਸ਼ੇਸ਼ ਚੈਕਿੰਗ
NEXT STORY