ਅੰਮ੍ਰਿਤਸਰ : ਡੇਰਾ ਸੱਚਾ ਸੌਦਾ ਮੁਖੀ ਨੂੰ ਸਾਲ 2015 ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਮੰਗੇ ਮੁਆਫ਼ੀ ਦੇਣ ਦੇ ਵਿਰੋਧ ਦਾ ਮਾਮਲਾ ਮੁੜ ਸ੍ਰੀ ਅਕਾਲ ਤਖਤ ਸਾਹਿਬ ਪੁੱਜ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਚ ਇਕ ਪੱਤਰ ਸੌਂਪ ਕੇ ਮੁਆਫ਼ੀ ਦਾ ਫੈਸਲਾ ਕਰਨ ਵਾਲੇ ਤਤਕਾਲੀ ਜਥੇਦਾਰਾਂ ਅਤੇ ਇਸ ਫੈਸਲੇ ਦਾ ਸਮਰਥਨ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਕਾਲੀ ਆਗੂਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੇ ਚਾਰ ਸਫ਼ਿਆਂ ਦੇ ਇਸ ਪੱਤਰ ਵਿਚ ਸਾਬਕਾ ਸਕੱਤਰ ਨੇ 2000 ਤੋਂ ਲੈ ਕੇ ਹੁਣ ਤਕ ਦੇ ਹਾਲਾਤ ਦਾ ਹਵਾਲਾ ਦਿੱਤਾ ਹੈ। ਇਸ ਪੱਤਰ ਵਿਚ ਉਨ੍ਹਾਂ ਕਈ ਅਜਿਹੇ ਮਾਮਲੇ ਉਭਾਰੇ ਹਨ, ਜਿਨ੍ਹਾਂ ਕਾਰਨ ਨਾ ਸਿਰਫ਼ ਸਿੱਖ ਸੰਸਥਾ ਸਗੋਂ ਸਿੱਖਾਂ ਨੂੰ ਵੀ ਨਮੋਸ਼ੀ ਝੱਲਣੀ ਪਈ ਹੈ। ਉਨ੍ਹਾਂ ਆਖਿਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਉਸ ਵੇਲੇ ਦੇ ਜਥੇਦਾਰਾਂ ਨੇ ਹੁਕਮਰਾਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਜਿਸ ਨਾਲ ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲੱਗੀ ਹੈ। ਉਨ੍ਹਾਂ ਸਤੰਬਰ 2015 ਵਿਚ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ਼ੀ ਦਿੱਤੇ ਜਾਣ ਦੇ ਮਾਮਲੇ ਵਿਚ ਆਖਿਆ ਕਿ ਦੋ ਜਥੇਦਾਰਾਂ ਵੱਲੋਂ ਬਾਅਦ ਵਿਚ ਮੁਆਫ਼ੀ ਦਿੱਤੇ ਜਾਣ ਪਿਛਲੀ ਸੱਚਾਈ ਦਾ ਪਰਦਾਫਾਸ਼ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਆਖਿਆ ਕਿ ਜਦੋਂ ਮੁਆਫ਼ੀ ਦਿੱਤੀ ਗਈ ਸੀ ਤਾਂ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਵੀ ਇਸ ਦਾ ਵਿਰੋਧ ਕੀਤਾ ਸੀ। ਪੰਜ ਪਿਆਰਿਆਂ ਨੇ ਵਿਰੋਧ ਕਰਦਿਆਂ ਜਥੇਦਾਰ ਨੂੰ ਤਲਬ ਕਰਕੇ ਸਪੱਸ਼ਟੀਕਰਨ ਮੰਗਿਆ ਸੀ ਪਰ ਹੁਕਮਰਾਨਾਂ ਨੇ ਪੰਜ ਪਿਆਰਿਆਂ ਨੂੰ ਹੀ ਨੌਕਰੀਆਂ ਤੋਂ ਫਾਰਗ ਕਰ ਦਿੱਤਾ। ਸੱਚ ਦਾ ਪਰਦਾਫਾਸ਼ ਕਰਨ ਵਾਲੇ ਜਥੇਦਾਰ ਦਾ ਹੋਰ ਥਾਂ ਤਬਾਦਲਾ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਮੁਖੀ ਮੁਆਫੀ 'ਤੇ ਗਿਆਨੀ ਗੁਰਬਚਨ ਸਿੰਘ ਦਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਸ਼੍ਰੋਮਣੀ ਕਮੇਟੀ ਦੀ ਉਸ ਵੇਲੇ ਦੀ ਅੰਤ੍ਰਿੰਗ ਕਮੇਟੀ ਨੇ ਸਮਰਥਨ ਕਰਦਿਆਂ ਲੱਖਾਂ ਰੁਪਏ ਦੇ ਇਸ਼ਤਿਹਾਰ ਦਿੱਤੇ। ਸੰਗਤ ਦੇ ਰੋਸ ਨੂੰ ਵੇਖਦਿਆਂ ਜਥੇਦਾਰਾਂ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਤਤਕਾਲੀ ਜਥੇਦਾਰਾਂ ਸਮੇਤ ਫ਼ੈਸਲੇ ਦਾ ਸਮਰਥਨ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਆਗੂਆਂ ਖ਼ਿਲਾਫ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਰਿਆਦਾ ਮੁਤਾਬਕ ਕਾਰਵਾਈ ਕੀਤੀ ਜਾਵੇ। ਇਨ੍ਹਾਂ ਨੂੰ ਇਥੇ ਤਲਬ ਕੀਤਾ ਜਾਵੇ ਅਤੇ ਇਸ ਸਬੰਧੀ ਸਪੱਸ਼ਟੀਕਰਨ ਲਏ ਜਾਣ। ਇਹ ਪੱਤਰ ਸਕੱਤਰੇਤ ਵਿਚ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਸੌਂਪਿਆ ਹੈ।
ਕੀ ਹੈ ਡੇਰਾ ਮੁਖੀ ਮੁਆਫੀ ਦਾ ਮਾਮਲਾ
ਦਰਅਸਲ 2007 ਵਿਚ ਡੇਰਾ ਸੱਚਾ ਸੌਦਾ ਮੁਖੀ ਵਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਵਾਦ ਰਚਾਇਆ ਗਿਆ ਸੀ। ਇਸ ਤੋਂ ਬਾਅਦ ਸਮੁੱਚੀ ਸਿੱਖ ਸੰਗਤ ਵਿਚ ਇਸ ਖਿਲਾਫ ਕਾਫੀ ਰੋਹ ਪੈਦਾ ਹੋਇਆ ਅਤੇ ਸਿੱਖਾਂ ਨੇ ਸੜਕਾਂ 'ਤੇ ਆ ਕੇ ਡੇਰਾ ਮੁਖੀ ਦਾ ਵਿਰੋਧ ਕੀਤਾ। ਖਬਰਾਂ ਮੁਤਾਬਕ ਸਤੰਬਰ 2015 ਵਿਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਡੇਰਾ ਮੁਖੀ ਨੂੰ ਇਹ ਕਹਿੰਦੇ ਹੋਏ ਮੁਆਫੀ ਦੇ ਦਿੱਤੀ ਗਈ ਕਿ ਡੇਰਾ ਮੁਖੀ ਨੇ ਇਸ 'ਤੇ ਆਪਣੀ ਗਲਤੀ ਮੰਨ ਲਈ ਹੈ ਅਤੇ ਲਿਖਤੀ ਰੂਪ ਵਿਚ ਮੁਆਫੀ-ਨਾਮਾ ਭੇਜਿਆ ਹੈ। ਬਾਅਦ ਵਿਚ ਇਹ ਖਬਰਾਂ ਵੀ ਸਾਹਮਣੇ ਆਈਆਂ ਕਿ ਡੇਰਾ ਮੁਖੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਕੋਈ ਮੁਆਫੀ ਨਹੀਂ ਭੇਜਿਆ ਗਿਆ। ਡੇਰਾ ਮੁਖੀ ਨੂੰ ਗੁਪ-ਚੁੱਪ ਤਰੀਕੇ ਨਾਲ ਦਿੱਤੀ ਮੁਆਫੀ ਦਾ ਸੰਗਤਾਂ ਨੇ ਖੁੱਲ੍ਹ ਕੇ ਵਿਰੋਧ ਕੀਤਾ। ਇਸ ਵਿਰੋਧ ਦੇ ਚੱਲਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰਾਂ ਵਲੋਂ ਡੇਰਾ ਮੁਖੀ ਨੂੰ ਦਿੱਤੀ ਮੁਆਫੀ ਦਾ ਫੈਸਲਾ ਵਾਪਸ ਲੈ ਲਿਆ। ਇਸ ਦੀ ਜਾਣਕਾਰੀ ਸ੍ਰੀ ਅਕਾਲ ਤਖਤ ਸਾਹਿਬ ਨੇ ਬਕਾਇਦਾ ਇਕ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ। ਜਿਸ ਵਿਚ ਕਿਹਾ ਗਿਆ ਕਿ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਡੇਰਾ ਸੱਚਾ ਸੌਦਾ ਮੁਖੀ ਦੀ ਮੁਆਫੀ ਦੇ ਫੈਸਲੇ ਨੂੰ ਰੱਦ ਕੀਤਾ ਜਾਂਦਾ ਹੈ ਅਤੇ ਪੰਜ ਤਖ਼ਤ ਸਾਹਿਬਾਨਾਂ ਦੇ ਜੱਥੇਦਾਰ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਖਾਲਸਾ ਪੰਥ ਦੇ ਮਾਣ-ਸਨਮਾਨ ਲਈ ਹਮੇਸ਼ਾ ਤਤਪਰ ਹਨ।
ਸੰਗਰੂਰ ਦੇ ਇਸ ਦਾਦੇ-ਪੋਤੇ ਦਾ ਅਨੋਖਾ ਸ਼ੌਂਕ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ, ਦੇਖੋ ਵੀਡੀਓ
NEXT STORY