ਅੰਮ੍ਰਿਤਸਰ : ਤਖਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ 46 ਵਰ੍ਹਿਆਂ ਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਨਵਾਂ ਕਾਰਜਕਾਰੀ ਜਥੇਦਾਰ ਲਾਇਆ ਗਿਆ ਹੈ। ਦਸ ਦਈਏ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਤੋਂ ਬਾਅਦ ਇਹ ਅਹੁਦਾ ਖਾਲੀ ਸੀ ਤੇ ਅੱਜ ਐੱਸ.ਜੀ.ਪੀ.ਸੀ. ਦੀ ਬੈਠਕ 'ਚ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਅਹਿਮ ਜ਼ਿੰਮੇਦਾਰੀ ਦੇਣ ਦਾ ਫੈਸਲਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜਥੇਦਾਰ ਬਣਨ ਦੀ ਦੌੜ 'ਚ ਕਈ ਨਾਂ ਸਾਹਮਣੇ ਆਏ ਸਨ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ 'ਤੇ ਆਮ ਸਹਿਮਤੀ ਬਣੀ। ਇਨ੍ਹਾਂ ਨਾਮਾਂ 'ਚ ਜਥੇਦਾਰ ਤਖਤ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਨਾਂ ਵੀ ਸਾਹਮਣੇ ਆ ਰਿਹਾ ਸੀ । ਉਹ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁਖ ਗ੍ਰੰਥੀ ਸਨ ਤੇ ਪਿਛਲੇ ਸਾਲ ਤਾਇਨਾਤ ਗਿਆਨੀ ਮਲ ਸਿੰਘ ਦਾ ਦਿਹਾਂਤ ਹੋ ਜਾਣ ਤੋਂ ਬਾਅਦ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਚਲੇ ਗਏ ਸਨ। ਵਿਵਾਦਤ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਪਿਛਲੇ ਹਫਤੇ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਸੀ, ਜਿਸਦੇ ਬਾਅਦ ਤੋਂ ਹੀ ਨਵੇਂ ਜਥੇਦਾਰ ਦੇ ਨਾਂ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਸਨ
ਜਾਣੋਂ ਗਿਆਨੀ ਹਰਪ੍ਰੀਤ ਸਿੰਘ ਬਾਰੇ
ਮੁਕਤਸਰ ਦੇ ਗਿੱਦੜਬਾਹਾ ਕਸਬੇ ਦੇ ਰਹਿਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਪੰਜਾਬੀ ਯੂਨੀਵਰਸਿਟੀ ਤੋਂ ਕੁਰਾਨ ਸ਼ਰੀਫ ਤੇ ਸ੍ਰੀ ਗੁਰੂ ਗ੍ਰੰਥ ਸਾਹਿਤ ਦੀਆਂ ਧਾਰਮਿਕ ਸਿੱਖਿਆਵਾਂ ਦੀ ਤੁਲਨਾਤਮਕ ਅਧਿਐਨ 'ਚ ਪੀ.ਐੱਚ.ਡੀ. ਕਰ ਰਹੇ ਹਨ ਤੇ ਤੁਲਨਾਤਮਿਕ ਧਾਰਮਿਕ ਅਧਿਐਨਾਂ 'ਚ ਮਾਸਟਰ ਡਿਗਰੀ ਹੋਲਡਰ ਹਨ।
ਖਾਸ ਗੱਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਤੌਰ 'ਤੇ ਜਥੇਦਾਰ ਲਗਾਉਣ ਦਾ ਮਤਲਬ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਅਕਾਲ ਤਖਤ ਸਾਹਿਬ ਲਈ ਨਵਾਂ ਅਤੇ ਪੱਕਾ ਜਥੇਦਾਰ ਦੀ ਭਾਲ ਅਜੇ ਖਤਮ ਨਹੀਂ ਹੋਈ ਹੈ।
ਖੂਨੀ ਰੇਲਗੱਡੀ ਦੇ ਚਾਲਕ ਵਲੋਂ ਕੀਤੀ ਗਈ ਖੁਦਕੁਸ਼ੀ ਦੀ ਵਾਇਰਲ ਵੀਡੀਓ ਦਾ ਸੱਚ ਆਇਆ ਸਾਹਮਣੇ
NEXT STORY