ਸ੍ਰੀ ਅਨੰਦਪੁਰ ਸਾਹਿਬ (ਦਲਜੀਤ)-ਘੋੜਿਆਂ 'ਚ ਫੈਲੀ 'ਗਲੈਡਜ਼' ਨਾਂ ਦੀ ਬੀਮਾਰੀ ਕਾਰਨ ਹੋਲੇ ਮਹੱਲੇ ਮੌਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਆਉਂਦੇ ਸਮੇਂ ਘੋੜਿਆਂ ਨੂੰ ਨਾ ਲਿਆਉਣ ਦੇ ਪੈਦਾ ਹੋਏ ਰੇੜਕੇ ਦਾ ਅੱਜ ਹੱਲ ਹੋ ਗਿਆ।
ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਵਿਚਕਾਰ ਇਸ ਮਸਲੇ ਨੂੰ ਲੈ ਕੇ ਹੋਈ ਮੀਟਿੰਗ 'ਚ ਜ਼ਿਲਾ ਪ੍ਰਸ਼ਾਸਨ ਵੱਲੋਂ ਘੋੜਿਆਂ ਦੀ ਉਕਤ ਬੀਮਾਰੀ ਦਾ ਡਾਕਟਰੀ ਮੁਆਇਨਾ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੋਲੇ ਮਹੱਲੇ ਦੀ ਪ੍ਰੰਪਰਾ ਆਰੰਭ ਕੀਤੀ ਗਈ ਸੀ, ਜਿਸ 'ਚ ਘੋੜ ਸਵਾਰੀ ਦੇ ਜੌਹਰ ਦਿਖਾਉਣ ਵਾਲੇ ਸਿੰਘਾਂ ਨੂੰ ਗੁਰੂ ਸਾਹਿਬਾਨ ਵੱਲੋਂ ਸਨਮਾਨਤ ਕੀਤਾ ਜਾਂਦਾ ਸੀ ਅਤੇ ਹੁਣ ਘੋੜ ਸਵਾਰ ਨਿਹੰਗ ਸਿੰਘਾਂ ਤੋਂ ਬਗੈਰ ਹੋਲੇ ਮਹੱਲੇ ਦੀ ਪ੍ਰੰਪਰਾ ਮੁਕੰਮਲ ਨਹੀਂ ਸੀ ਹੋਣੀ।
ਉਨ੍ਹਾਂ ਕਿਹਾ ਕਿ ਹੋਲੇ ਮਹੱਲੇ 'ਚ ਨਿਹੰਗ ਸਿੰਘ ਦਲਾਂ ਦੇ ਘੋੜਿਆਂ ਦਾ ਆਉਣਾ ਪੁਰਾਤਨ ਪ੍ਰੰਪਰਾ ਦਾ ਹਿੱਸਾ ਹੈ ਅਤੇ ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦੀ ਰੋਕਥਾਮ ਕਰਨਾ ਜ਼ਿਲਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਜਿਸ 'ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ 'ਤੇ ਸਥਿਤ ਨਿਹੰਗ ਸਿੰਘਾਂ ਦੇ ਦਲ ਦੀਆਂ ਛਾਉਣੀਆਂ 'ਚ ਰੱਖੇ ਘੋੜਿਆਂ ਦਾ ਡਾਕਟਰੀ ਮੁਆਇਨਾ ਕਰਵਾਇਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਨੀਤ ਤੇਜ, ਜ਼ਿਲਾ ਪੁਲਸ ਮੁਖੀ ਰਾਜ ਬਚਨ ਸਿੰਘ ਸੰਧੂ, ਬਾਬਾ ਗੁਰਪਾਲ ਸਿੰਘ ਤਰਨਾ ਦਲ ਹਰੀਆਂ ਵੇਲਾਂ, ਜਥੇਦਾਰ ਬਾਬਾ ਪਿਆਰਾ ਸਿੰਘ ਆਦਿ ਹਾਜ਼ਰ ਸਨ।
ਘੋੜਿਆਂ ਨੂੰ ਲਿਆਉਣ ਤੋਂ ਰੋਕਣਾ ਕਿਸੇ ਸਾਜ਼ਿਸ਼ ਦਾ ਹਿੱਸਾ : ਸਿੰਘ ਸਾਹਿਬ
ਜ਼ਿਲਾ ਪ੍ਰਸ਼ਾਸਨ ਵੱਲੋਂ ਘੋੜਿਆਂ 'ਚ ਫੈਲੀ 'ਗਲੈਡਜ਼' ਨਾਂ ਦੀ ਬੀਮਾਰੀ ਦਾ ਬਹਾਨਾ ਬਣਾ ਕੇ ਹੋਲੇ ਮਹੱਲੇ ਮੌਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਘੋੜਿਆਂ ਨੂੰ ਰੋਕਣਾ ਨੂੰ ਇਕ ਵੱਡੀ ਸਾਜ਼ਿਸ਼ ਕਰਾਰ ਦਿੰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਅੱਜ ਇਕ ਬੀਮਾਰੀ ਦੇ ਬਹਾਨੇ ਖ਼ਾਲਸਾ ਪੰਥ ਦੇ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਮੌਕੇ ਘੋੜਿਆਂ ਦੀ ਆਮਦ 'ਚ ਰੁਕਾਵਟ ਪਾਈ ਜਾ ਰਹੀ ਹੈ। ਫਿਰ ਅੱਗੋਂ ਕਿਹਾ ਜਾਵੇਗਾ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਸ਼ਸਤਰਧਾਰੀ ਹੋ ਕੇ ਨਾ ਆਉਣ। ਇਸ ਦੌਰਾਨ ਕਿਸੇ ਬੀਮਾਰੀ ਜਾਂ ਹੋਰ ਅਲਾਮਤ ਦੀ ਰੋਕਥਾਮ ਲਈ ਪ੍ਰਬੰਧ ਕਰਨੇ ਪ੍ਰਸ਼ਾਸਨ ਅਤੇ ਸਰਕਾਰ ਦੀ ਜ਼ਿੰਮੇਵਾਰੀ ਹੈ।
ਪਾਣੀ ਦੀ ਸਪਲਾਈ ਠੱਪ ਹੋਣ ਦੇ ਰੋਸ ਵਜੋਂ 'ਆਪ' ਵਰਕਰਾਂ ਦਿੱਤਾ ਧਰਨਾ
NEXT STORY