ਅੰਮ੍ਰਿਤਸਰ (ਸੁਮਿਤ) - ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਜਲੌਅ ਸਜਾਏ ਗਏ, ਜਿਸ ਦੇ ਸੰਗਤਾਂ ਵਲੋਂ ਦਰਸ਼ਨ ਕੀਤੇ ਗਏ।
ਸ੍ਰੀ ਹਰਿਮੰਦਰ ਸਾਹਿਬ ਅੰਦਰ ਸਜਾਏ ਗਏ ਜਲੌਅ ਵਿੱਚ ਹੀਰੇ-ਮੋਤੀ, ਜਵਾਹਰਾਤ, ਸੋਨੇ ਅਤੇ ਚਾਂਦੀ ਦਾ ਸਾਮਾਨ, ਸੋਨੇ ਦੇ ਦਰਵਾਜ਼ੇ, ਚਾਂਦੀ ਦੇ ਪੰਜ ਤਸਲੇ ਆਦਿ ਸੀ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਤਾ ਗਿਆ ਨੌ ਲੱਖਾ ਹਾਰ, ਨੀਲਮ ਦਾ ਮੋਰ, ਸੋਨੇ ਦੇ ਛੱਬੇ, ਚੰਦਨ ਦਾ ਚੌਰ ਸਾਹਿਬ, ਚਾਂਦੀ ਦੀਆਂ ਕਹੀਆਂ-ਬਾਟੇ ਅਤੇ ਹੋਰ ਬੇਸ਼ੁਮਾਰ ਕੀਮਤੀ ਖਜਾਨਾ ਸ਼ਾਮਲ ਹੈ।
ਜਲੌਅ ਦੇਖਣ ਲਈ ਵੱਡੀ ਗਿਣਤੀ ’ਚ ਸ਼ਰਧਾਲੂ ਦੇਸ਼ ਭਰ ਤੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹੋਏ ਸਨ। ਇਸ ਮੌਕੇ ਪਹੁੰਚੀਆਂ ਸੰਗਤਾਂ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤੇ ਅਤੇ ਫਿਰ ਗੁਰੂ ਮਹਾਰਾਜ ਦੇ ਚਰਨਾਂ ’ਚ ਹਾਜ਼ਰੀ ਲਗਾਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੇ ਨਾਲ ਹੀ ਲੰਬੀਆਂ ਕਤਾਰਾਂ ਵਿੱਚ ਲੱਗ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਲੋਅ ਦੇ ਦਰਸ਼ਨ ਵੀ ਕੀਤੇ। ਰਾਗੀ ਜੱਥਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰਨਾਂ ਸਥਾਨਾਂ ਤੇ ਫੁੱਲਾਂ ਦੀ ਸਜਾਵਟ ਵੀ ਕੀਤੀ ਗਈ। ਰਾਤ ਨੂੰ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਹੋਵੇਗੀ।
ਮੋਹਾਲੀ ਪ੍ਰਸ਼ਾਸਨ ਦਾ ਅਹਿਮ ਫ਼ੈਸਲਾ, ਅਜੇ ਸਕੂਲਾਂ 'ਚ ਚੌਥੀ ਤੱਕ ਬੰਦ ਰੱਖੀਆਂ ਜਾਣ ਜਮਾਤਾਂ
NEXT STORY