ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਪ੍ਰਸੰਗ 'ਚ ਪੂਰਾ ਦੇਸ਼ ਹੀ ਇਨ੍ਹਾਂ ਸਮਾਗਮਾਂ ਦੇ ਰੰਗ 'ਚ ਰੰਗਿਆ ਗਿਆ ਹੈ। ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਦੇਖਦਿਆਂ ਏਅਰ ਇੰਡੀਆ ਵੱਲੋਂ ਆਪਣੇ ਬੋਇੰਗ 787 ਡ੍ਰੀਮਲਾਈਨਰ ਜਹਾਜ਼ਾਂ ਉਪਰ ਏਕ ਓਂਕਾਰ ਲਿਖੇ ਜਾਣ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਪੂਰੇ ਵਿਸ਼ਵ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਬਾਰੇ ਇਕ ਚੰਗਾ ਸੁਨੇਹਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਇਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵਾਂ ਵੱਲ ਵੇਖ ਰਿਹਾ ਹੈ ਅਤੇ ਅਜਿਹੇ ਸ਼ੁਭ ਮੌਕੇ 'ਤੇ ਸਾਰੇ ਪੰਜਾਬੀਆਂ ਨੂੰ ਮਿਲ ਕੇ ਇਹ ਸਮਾਗਮ ਕਰਨੇ ਚਾਹੀਦੇ ਹਨ। ਮੁੱਖ ਮੰਤਰੀ ਨੇ ਏਅਰ ਇੰਡੀਆ 787 ਡ੍ਰੀਮਲਾਈਨਰ ਜਹਾਜ਼ਾਂ 'ਤੇ ਏਕ ਓਂਕਾਰ ਲਿਖੇ ਜਾਣ 'ਤੇ ਟਵੀਟ ਕਰਦੇ ਹੋਏ ਕਿਹਾ ਕਿ ਇਹ 550ਵੇਂ ਪ੍ਰਕਾਸ਼ ਉਤਸਵ ਦੇ ਇਤਹਾਸਿਕ ਸਮਾਗਮਾਂ ਦਾ ਇਕ ਹਿੱਸਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਮਾਗਮ ਨਜ਼ਦੀਕ ਆ ਰਹੇ ਹਨ। ਇਸ ਲਈ ਸਭਨਾਂ ਸੰਗਠਨਾਂ, ਸੰਸਥਾਵਾਂ ਅਤੇ ਲੋਕਾਂ ਨੂੰ ਇਸ ਦੀਆਂ ਤਿਆਰੀਆਂ 'ਚ ਜ਼ੋਰ-ਸ਼ੋਰ ਨਾਲ ਰੁੱਝ ਜਾਣਾ ਚਾਹੀਦਾ ਹੈ।
ਕਮਲ ਸ਼ਰਮਾ ਦੇ ਘਰ ਪੁੱਜੇ ਸੁਖਬੀਰ ਬਾਦਲ, ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
NEXT STORY