ਸੁਲਤਾਨਪੁਰ ਲੋਧੀ (ਦੀਪਕ ਸ਼ਰਮਾ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ 'ਚ 13 ਦਿਨਾਂ ਲਈ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ। ਕੌਮਾਂਤਰੀ ਸਮਾਗਮਾਂ ਦੇ ਤੀਜੇ ਦਿਨ ਅੱਜ ਐੱਸ. ਜੀ. ਪੀ. ਸੀ. ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਭਾਰਤ ਭਰ ਤੋਂ ਵੱਡੀ ਗਿਣਤੀ 'ਚ ਪਹੁੰਚੀਆਂ ਸੁਖਮਨੀ ਸਾਹਿਬ ਸੇਵਾ-ਸੁਸਾਇਟੀਆਂ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਭਾਈ ਮਰਦਾਨਾ ਜੀ ਦੀਵਾਨ ਹਾਲ 'ਚ ਹੋਏ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਨੁਮਾਇੰਦਿਆਂ ਨੇ ਪਹੁੰਚ ਕੇ ਸੰਗਤੀ ਰੂਪ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ। ਇਸ ਉਪਰੰਤ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਸਿੰਘਾਂ-ਸਿੰਘਣੀਆਂ ਨੇ ਗੁਰਬਾਣੀ ਦਾ ਮਨੋਹਰ ਅਤੇ ਰਸਭਿੰਨਾ ਕੀਰਤਨ ਵੀ ਕੀਤਾ। ਇਸ ਮੌਕੇ ਸੰਬੋਧਨ ਕਰਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ ਨੇ ਆਖਿਆ ਕਿ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ। ਉਨ੍ਹਾਂ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੀ ਪ੍ਰਸੰਸਾ ਕਰਦੇ ਆਖਿਆ ਕਿ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ 'ਚ ਇਨ੍ਹਾਂ ਸੁਸਾਇਟੀਆਂ ਦਾ ਵਡਮੁੱਲਾ ਯੋਗਦਾਨ ਹੈ।
ਇਸੇ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸਮੇਤ ਸੁਲਤਾਨਪੁਰ ਲੋਧੀ ਦੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਆਪਣੀ ਸ਼ਰਧਾ ਅਤੇ ਆਸਥਾ ਦਾ ਪ੍ਰਗਟਾਵਾ ਕੀਤਾ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੱਜ ਦੇ ਸਮਾਗਮਾਂ ਦੀ ਆਰੰਭਤਾ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਵੱਲੋਂ ਆਸਾ ਦੀ ਵਾਰ ਦੇ ਕੀਰਤਨ ਦੇ ਨਾਲ ਹੋਈ।
ਉਪਰੰਤ ਦਿਨ ਦੇ ਦੀਵਾਨ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ, ਭਾਈ ਕੁਲਦੀਪ ਸਿੰਘ ਅਤੇ ਤਖਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ (ਬਿਹਾਰ) ਦੇ ਹਜ਼ੂਰੀ ਰਾਗੀ ਭਾਈ ਕੁਵਿੰਦਰ ਸਿੰਘ ਦੇ ਰਾਗੀ ਜਥਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਦਾ ਮਨੋਹਰ ਅਤੇ ਰਸਭਿੰਨਾ ਕੀਰਤਨ ਕੀਤਾ। ਗਿਆਨੀ ਕਿਸ਼ਨ ਸਿੰਘ ਸੰਤਨ ਕੀ ਕੁਟੀਆ ਵਾਲਿਆਂ ਅਤੇ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਗੁਰਸ਼ਬਦ ਵਿਚਾਰ ਰਾਹੀਂ ਸੰਗਤਾਂ ਨਾਲ ਸਾਂਝ ਪਾਈ। ਇਸ ਤੋਂ ਇਲਾਵਾ ਸ਼ਾਮ ਦੇ ਦੀਵਾਨਾਂ 'ਚ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲਿਆਂ ਨੇ ਵੀ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤ ਨੂੰ ਜੋੜਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸ. ਸ਼ਿੰਗਾਰਾ ਸਿੰਘ ਲੋਹੀਆ, ਸ਼੍ਰੋਮਣੀ ਕਮੇਟੀ ਮੈਂਬਰ ਸ. ਸਵਰਨ ਸਿੰਘ ਕੁਲਾਰ, ਬੀਬੀ ਗੁਰਪ੍ਰੀਤ ਕੌਰ ਰੂਹੀ, ਸ. ਕੁਲਦੀਪ ਸਿੰਘ ਨੱਸੂਪੁਰ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਸੁਲੱਖਣ ਸਿੰਘ ਭੰਗਾਲੀ, ਸ. ਸਿਮਰਜੀਤ ਸਿੰਘ ਕੰਗ, ਸ. ਹਰਜੀਤ ਸਿੰਘ ਲਾਲੂਘੁੰਮਣ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਰਿਆੜ, ਸ. ਮੇਜਰ ਸਿੰਘ, ਮੁੱਖ ਪ੍ਰਚਾਰਕ ਸ. ਜਗਦੇਵ ਸਿੰਘ, ਪ੍ਰਚਾਰਕ ਸ. ਹਰਜੀਤ ਸਿੰਘ ਸੁਲਤਾਨਪੁਰ ਲੋਧੀ, ਸ. ਸਰਬਜੀਤ ਸਿੰਘ ਲੁਧਿਆਣਾ, ਸ. ਦਿਲਬਾਗ ਸਿੰਘ, ਸ. ਇੰਦਰਜੀਤ ਸਿੰਘ ਅਤੇ ਸ. ਸਿਮਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸਨ।
550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਨਾਨਕ ਸੇਵਕ ਜਥੇ ਵਲੋਂ 13 ਰੋਜ਼ਾ ਲੰਗਰ ਆਰੰਭ
NEXT STORY