ਸੁਲਤਾਨਪੁਰ ਲੋਧੀ (ਰਣਜੀਤ)— ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਗੁਰਪੁਰਬ ਮਨਾਉਣ ਲਈ ਸ਼ਰਧਾਲੂ ਲਗਾਤਾਰ ਉਮੜ ਰਹੇ ਹਨ। ਅੱਜ ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੰਤ ਘਾਟ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਅਤੇ ਇਤਿਹਾਸਕ ਗੁਰੂਧਾਮਾਂ ਦੀ ਪਰੀਕਰਮਾ ਕਰਦੇ ਹੋਏ ਸ਼ਾਮ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸੰਪਨ ਹੋਵੇਗਾ। ਇਸ ਵਿਸ਼ਾਲ ਨਗਰ ਕੀਰਤਨ 'ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
![PunjabKesari](https://static.jagbani.com/multimedia/12_51_389820000untitled3-ll.jpg)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰ ਪੁਰਬ ਮੌਕੇ ਸਜਾਏ ਗਏ ਨਗਰ ਕੀਰਤਨ 'ਚ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਸਕੂਲਾਂ ਦੇ ਬੱਚੇ ਵੀ ਸ਼ਾਮਲ ਹੋਏ। ਨਗਰ ਕੀਰਤਨ 'ਚ ਸ਼ਾਮਲ ਹੋਏ ਸ਼ਰਧਾਲੂਆਂ ਲਈ ਜਗ੍ਹਾ-ਜਗ੍ਹਾ ਲੰਗਰ ਲਗਾਏ ਗਏ ਸਨ। ਇਸ ਤੋਂ ਇਲਾਵਾ ਗੁਰਪੁਰਬ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਮਾਗਮ ਵੀ ਜਾਰੀ ਹੈ।
![PunjabKesari](https://static.jagbani.com/multimedia/12_51_560400000untitled2-ll.jpg)
ਜ਼ਿਕਰਯੋਗ ਹੈ ਕਿ ਅੱਜ ਸ਼ਾਮ ਤੋਂ ਲੈ ਕੇ ਕੱਲ੍ਹ ਯਾਨੀ 23 ਨਵੰਬਰ ਪੂਰਾ ਦਿਨ ਇਥੇ ਭਾਈ ਮਰਦਾਨਾ ਜੀ ਹਾਲ 'ਚ ਲਗਾਤਾਰ ਕੀਰਤਨ ਦਰਬਾਰ ਜਾਰੀ ਰਹੇਗਾ। ਉਥੇ ਹੀ ਬੀਤੀ ਸ਼ਾਮ 7 ਵਜੇ ਆਤਿਸ਼ਾਜ਼ੀ ਦਾ ਅਲੌਕਿਕ ਨਜ਼ਾਰਾ ਵੀ ਪੇਸ਼ ਕੀਤਾ ਜਾਵੇਗਾ। ਗੁਰਪੁਰਬ ਦੇ ਸਬੰਧ 'ਚ ਸੁਲਤਾਨਪੁਰ ਲੋਧੀ 'ਚ ਦੇਸ਼-ਵਿਦੇਸ਼ ਦੀ ਗਿਣਤੀ 'ਚ ਸ਼ਰਧਾਲੂਆਂ ਦੀ ਗਿਣਤੀ ਨੂੰ ਦੇਖਦੇ ਹੋਏ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਵੱਲ ਜਾਣ ਵਾਲੇ ਸਾਰੇ ਵਾਹਨਾਂ ਦੀ ਐਂਟਰੀ ਰੋਕ ਦਿੱਤੀ ਗਈ ਹੈ ਅਤੇ ਵੱਖ-ਵੱਖ ਜਗ੍ਹਾ 'ਤੇ ਪਾਰਕਿੰਗ ਦੇ ਇੰਤਜ਼ਾਮ ਕੀਤੇ ਗਏ ਹਨ। ਸੁਲਤਾਨਪੁਰ ਲੋਧੀ 'ਚ ਜ਼ਿਲਾ ਕਪੂਰਥਲਾ ਅਤੇ ਨੇੜੇ ਦੇ ਜ਼ਿਲਿਆਂ ਤੋਂ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ।
ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਗ੍ਰਿਫਤਾਰ
NEXT STORY