ਸੁਲਤਾਨਪੁਰ ਲੋਧੀ (ਸੋਢੀ)- ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 552ਵੇਂ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ’ਚ ਬੁੱਧਵਾਰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਆਰੰਭ ਹੋ ਗਏ। ਸਾਰਾ ਦਿਨ ਨਿਰੰਤਰ ਗੁਰੂ ਨਾਨਕ ਬਾਣੀ ਦੇ ਪ੍ਰਵਾਹ ਚੱਲਦੇ ਰਹੇ। ਜਿਸ ਦੌਰਾਨ ਉੱਚ ਕੋਟੀ ਦੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਸਰਵਨ ਕਰਵਾਇਆ।

ਰਾਤ ਕੇਵਲ ਧਾਲੀਵਾਲ ਦੇ ਸਾਥੀ ਕਲਾਕਾਰਾਂ ਵੱਲੋਂ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ‘ਕਲਿ ਤਾਰਣ ਗੁਰ ਨਾਨਕੁ ਆਇਆ’ ਤੇ ਹੋਰ ਧਾਰਮਿਕ ਨਾਟਕ ਖੇਡੇ ਗਏ ਅਤੇ ਗੁਰ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਦੇਰ ਰਾਤ 1.40 ਵਜੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ’ਚ ਸ੍ਰੀ ਅਖੰਡ ਪਾਠ ਸਾਹਿਬ ਮੁੱਖ ਦਰਬਾਰ ਸਾਹਿਬ ’ਚ ਬੜੀ ਸ਼ਰਧਾ ਨਾਲ ਆਰੰਭ ਕਰਵਾਏ ਗਏ, ਜਿਨ੍ਹਾਂ ਦੇ ਭੋਗ 19 ਅਤੇ 20 ਦੀ ਵਿਚਕਾਰਲੀ ਰਾਤ ਨੂੰ ਪਾਏ ਜਾਣਗੇ ਅਤੇ ਇਸ ਸਮੇਂ ਫੁੱਲਾਂ ਦੀ ਵਰਖਾ ਦਾ ਆਲੌਕਿਕ ਦ੍ਰਿਸ਼ ਵੇਖਣਯੋਗ ਹੋਵੇਗਾ।

ਸਵੇਰ ਤੋਂ ਹੀ ਹਜ਼ਾਰਾਂ ਸ਼ਰਧਾਲੂ ਗੁਰਦੁਆਰਾ ਸਾਹਿਬ ਨਤਮਸਤਕ ਹੋਏ। ਇਸ ਸਮੇਂ ਵੱਖ-ਵੱਖ ਰਾਗੀ ਜਥਿਆਂ ਗੁਰਬਾਣੀ ਦਾ ਕੀਰਤਨ ਕੀਤਾ। ਸਮਾਗਮ ਦੌਰਾਨ ਭਾਈ ਸੁਰਜੀਤ ਸਿੰਘ ਸਭਰਾ ਹੈੱਡ ਗ੍ਰੰਥੀ ਨੇ ਸੰਗਤਾਂ ਨੂੰ ਗੁਰ ਇਤਿਹਾਸ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ ਪ੍ਰਕਾਸ਼ ਪੁਰਬ 'ਤੇ 50 ਕੁਇੰਟਲ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ

ਸਵੇਰੇ ਸਜਾਏ ਜਾਣ ਵਾਲੇ ਨਗਰ ਕੀਰਤਨ ਤੇ ਪਾਲਕੀ ਸਾਹਿਬ ਦੀ ਸਜਾਵਟ ਲਈ ਨਿਰਵੈਰ ਖਾਲਸਾ ਸੇਵਾ ਸੋਸਾਇਟੀ ਵੱਲੋਂ ਜਥੇ. ਹਰਜਿੰਦਰ ਸਿੰਘ ਖਾਲਸਾ ਤੇ ਭਾਈ ਗੁਰਪ੍ਰੀਤ ਸਿੰਘ ਦੀ ਦੇਖ-ਰੇਖ ’ਚ ਫੁੱਲਾਂ ਦੀ ਸੇਵਾ ਕੀਤੀ ਗਈ। ਸ਼ਰਧਾਲੂ ਬੀਬੀਆਂ ਵੱਲੋਂ ਫੁੱਲਾਂ ਦੀਆਂ ਮਾਲਾਵਾਂ ਬਣਾਉਣ ਤੇ ਫੁੱਲ ਭੋਰਨ ਦੀ ਸੇਵਾ ਸ਼ਰਧਾ ਨਾਲ ਨਿਭਾਈ ਗਈ। ਬੀਬੀਆਂ ਵੱਲੋਂ ਸ਼ਹਿਰ ’ਚ ਕੇਸਰੀ ਝੰਡੀਆਂ ਸਜਾਉਣ ਲਈ ਖੁਦ ਮਸ਼ੀਨ ਨਾਲ ਸੀਣਾ ਲਗਾ ਕੇ ਤਿਆਰ ਕੀਤੀਆਂ ਗਈਆਂ।

ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਬੇਰ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ, ਗੁਰਦੁਆਰਾ ਸ੍ਰੀ ਕੋਠੜੀ ਸਾਹਿਬ, ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ, ਗੁਰਦੁਆਰਾ ਸ੍ਰੀ ਹੱਟ ਸਾਹਿਬ ਤੇ ਗੁਰਦੁਆਰਾ ਸਿਹਰਾ ਸਾਹਿਬ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ ਤੇ ਲਾਈਟਿੰਗ ਕੀਤੀ ਗਈ।
ਇਹ ਵੀ ਪੜ੍ਹੋ: ਕਰਤਾਰਪੁਰ ਸਾਹਿਬ ਜਾਣ ਲਈ ਕਿਵੇਂ ਕਰੀਏ ਅਪਲਾਈ, ਕਿੰਨੇ ਲੱਗਣਗੇ ਪੈਸੇ, ਜਾਣੋ ਪੂਰੀ ਪ੍ਰਕਿਰਿਆ

ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਤੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਆਰੰਭ ਹੋ ਚੁੱਕੇ ਹਨ ਤੇ 18 ਨਵੰਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸੰਤਘਾਟ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਹੋਵੇਗਾ ਤੇ ਜਿਸ ਉੱਪਰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਹੋਵੇਗੀ ।

ਪ੍ਰਧਾਨ ਬੀਬੀ ਜਗੀਰ ਕੌਰ 19 ਦੀ ਰਾਤ ਦੇ ਸਮਾਗਮ ’ਚ ਭਰਨਗੇ ਹਾਜ਼ਰੀ
ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਰੋਡੇ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਮਿਤੀ 19 ਨਵੰਬਰ ਸ਼ਾਮ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਪੁੱਜਣਗੇ ਤੇ ਰਾਤ ਦੇ ਦੀਵਾਨ ’ਚ ਹਾਜ਼ਰੀ ਭਰਨਗੇ ਅਤੇ ਸਮਾਗਮ ਨੂੰ ਸੰਬੋਧਨ ਕਰਨਗੇ।
ਜਲੰਧਰ ’ਚ ‘ਬਾਬਾ ਨਾਨਕ’ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ, ਸੰਗਤ ਦਾ ਉਮੜਿਆ ਸੈਲਾਬ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪ੍ਰਦੂਸ਼ਣ ਦੀ ਸਮੱਸਿਆ ਕੇਂਦਰ ਤੇ ਦਿੱਲੀ ਸਰਕਾਰ ਦੀ ਲਾਪ੍ਰਵਾਹੀ ਕਾਰਨ ਉੱਭਰੀ : ਮਨੀਸ਼ ਤਿਵਾੜੀ
NEXT STORY