ਧਰਮਕੋਟ (ਅਕਾਲੀਆਂਵਾਲਾ) - ਕਾਂਗਰਸ ਹਾਈਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਉਪਰੰਤ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਵਾਲਾ ਨਵਜੋਤ ਸਿੱਧੂ ਦਾ ਜਾਦੂ ਪਾਰਟੀ ਦੀਆਂ ਸਟੇਜਾਂ ਤੋਂ ਬੇਲਗਾਮ ਭਾਸ਼ਣ ਸੁਣਨ ਤੋਂ ਬਾਅਦ ਉਤਰਨਾ ਸ਼ੁਰੂ ਹੋ ਗਿਆ ਹੈ। ਲੋਕਾਂ ਨੂੰ ਉਨ੍ਹਾਂ ਤੋਂ ਜਿੰਨੀਆਂ ਵੱਡੀਆਂ ਉਮੀਦਾਂ ਸਨ, ਉਸ ਮੁਤਾਬਕ ਸਿੱਧੂ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਦੇ ਨਜ਼ਰ ਨਹੀਂ ਆ ਰਹੇ। ਨਵਜੋਤ ਸਿੱਧੂ ਜਿਸ ਲਹਿਜੇ ਨਾਲ ਸਟੇਜਾਂ ਤੋਂ ਬੇਲਗਾਮ ਭਾਸ਼ਣ ਦੇ ਰਹੇ ਹਨ, ਲੋਕ ਉਸ ਲਹਿਜੇ ਨੂੰ ਗੁੰਮਰਾਹ ਕਰਨ ਤੋਂ ਸਿਵਾਏ ਕੁਝ ਵੀ ਨਹੀਂ ਸਮਝ ਰਹੇ।
ਲੋਕਾਂ ਵਿੱਚ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਜਿਸ ਸਿਸਟਮ ਨੂੰ ਸੁਧਾਰਨ ਦੀ ਗੱਲ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਬਣਨ ਤੋਂ ਪਹਿਲਾਂ ਅਤੇ ਪ੍ਰਧਾਨਗੀ ਦੀ ਤਾਜਪੋਸ਼ੀ ਸਮੇਂ ਕੀਤੀ ਸੀ, ਉਸ ਵਿੱਚ ਕੋਈ ਬਹੁਤੀ ਸੱਚਾਈ ਝਲਕਦੀ ਨਜ਼ਰ ਨਹੀਂ ਆ ਰਹੀ। ਪ੍ਰਧਾਨਗੀ ਦੇ ਰੂਪ ਵਿੱਚ ਤਾਜਪੋਸ਼ੀ ਤੋਂ ਬਾਅਦ ਜਿਹੜੇ ਵਿਧਾਇਕਾਂ ਨਾਲ ਨਾਲ ਘਿਰੇ ਹੋਏ ਨਵਜੋਤ ਸਿੱਧੂ ਦਾ ਪੱਖ ਪੂਰਨ ਵਾਲੇ ਵਿਧਾਇਕਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ। ਉਨ੍ਹਾਂ ਵਿੱਚੋਂ ਵਧੇਰੇ ਵਿਧਾਇਕ ਖੁਦ ਮਾਫੀਆ ਨਾਲ ਜੁੜੇ ਹੋਏ ਹਨ। ਲੋਕਾਂ ਵਿੱਚ ਇਸ ਗੱਲ ਦੀ ਚਰਚਾ ਉੱਠਣ ਲੱਗੀ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਵਿਧਾਇਕਾਂ ਨਾਲ ਯਾਰੀ ਰੱਖ ਕੇ ਸਿੱਧੂ ਅਜਿਹੇ ਸਿਸਟਮ ਨੂੰ ਕਿਵੇਂ ਸੁਧਾਰਣਗੇ? ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਸਿਆਸੀ ਜੰਗ ਅਜੇ ਠੰਡੀ ਨਹੀਂ ਪੈ ਰਹੀ। ਇਸ ਵਿੱਚ ਪਿਆ ਪਾੜਾ ਆਏ ਦਿਨ ਘਟਣ ਦੀ ਥਾਂ ਵਧਦਾ ਨਜ਼ਰ ਆ ਰਿਹਾ।
ਦਾਗ਼ੀ ਵਿਧਾਇਕਾਂ ਕਰ ਕੇ ਤਾਅਨੇ ਮਿਹਣੇ ਸੁਣਨ ਲੱਗੇ ਨਵਜੋਤ ਸਿੰਘ ਸਿੱਧੂ
ਪੰਜਾਬ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਜਿਸ ਤਰੀਕੇ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਵਿਧਾਇਕਾਂ ਨੇ ਨਵਜੋਤ ਸਿੰਘ ਸਿੱਧੂ ਦਾ ਪੱਖ ਪੂਰਿਆ ਸੀ ਅਤੇ ਉਸ ਦੇ ਅੱਗੇ ਪਿੱਛੇ ਫਿਰ ਕੇ ਉਸ ਨੂੰ ਅਜਿਹਾ ਅਹਿਸਾਸ ਕਰਵਾਇਆ ਸੀ ਕਿ ਅਸੀਂ ਤੁਹਾਡੇ ਸ਼ੁਭਚਿੰਤਕ ਹਾਂ। ਜਦੋਂ ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ ’ਤੇ ਤਾਅਨੇ ਮਿਹਣੇ ਵੱਜਣ ਲੱਗੇ ਕਿ ਤੁਹਾਡੀ ਤਾਂ ਖੁਦ ਦਾਗੀ ਵਿਧਾਇਕਾਂ ਨਾਲ ਯਾਰੀ ਹੈ ਤਾਂ ਨਵਜੋਤ ਸਿੱਧੂ ਨੇ ਮਾਮਲੇ ਨੂੰ ਵਧੇਰੇ ਤੂਲ ਫੜਨ ਤੋਂ ਪਹਿਲਾਂ ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਦਾਗ਼ੀ ਵਿਧਾਇਕਾਂ ਤੋਂ ਦੂਰੀ ਬਣਾ ਲਈ ਤਾਂ ਜੋ ਉਨ੍ਹਾਂ ’ਤੇ ਕੋਈ ਉਂਗਲ ਨਾ ਚੁੱਕ ਸਕੇ।
ਕਾਂਗਰਸ ਫਿਰ ਬਣ ਸਕਦੀ ਹੈ ਲੋਕਾਂ ਲਈ ਤਮਾਸ਼ਬੀਨ
ਕਾਂਗਰਸ ਹਾਈ ਕਮਾਨ ਨੇ ਪੰਜਾਬ ਦਾ ਸਿਆਸੀ ਪਿੜ ਜਿੱਤਣ ਲਈ ਨਵਜੋਤ ਸਿੰਘ ਸਿੱਧੂ ਦਾ ਪੱਤਾ ਤਾਂ ਖੇਡਿਆ ਹੈ। ਜਿਸ ਤਰੀਕੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸ਼ਬਦਾਂ ਦੇ ਤਿੱਖੇ ਤੀਰ ਛੱਡ ਕੇ ਉਨ੍ਹਾਂ ਨੂੰ ਵੰਗਾਰ ਰਹੇ ਹਨ, ਉਸ ਤੋਂ ਇੰਝ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੀ ਖਾਨਾਜੰਗੀ ਇਕ ਵਾਰ ਫਿਰ ਲੋਕਾਂ ਦੀ ਕਚਹਿਰੀ ਵਿੱਚ ਤਮਾਸ਼ਾ ਬਣ ਸਕਦੀ ਹੈ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਪੰਜਾਬ ਦੀਆਂ ਸਟੇਜਾਂ ’ਤੇ ਆਪਣੇ ਬੇਲਗਾਮ ਭਾਸ਼ਣ ਦੇ ਕੇ ਖੁਦ ਤਮਾਸ਼ਬੀਨ ਬਣ ਚੁੱਕੇ ਹਨ। ਇਨ੍ਹਾਂ ਭਾਸ਼ਣਾਂ ’ਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਨਿਹੋਰੇ ਦਿੱਤੇ ਗਏ, ਜਿਸ ਵਿੱਚ ਬਿਜਲੀ ਦਰਾਂ ਦੀ ਕਟੌਤੀ ਦਾ ਮੁੱਖ ਮੁੱਦਾ ਸੀ।
ਇਸ ਮੁੱਦੇ ਨੂੰ ਪੰਜਾਬ ਦੀਆਂ ਵਿਰੋਧੀ ਧਿਰਾਂ ਨੇ ਲੋਕਾਂ ਵਿੱਚ ਖ਼ੂਬ ਪ੍ਰਚਾਰਿਆ ਸੀ। ਹੁਣ ਵੀ ਜੇਕਰ ਉਨ੍ਹਾਂ ਨੇ ਵਿਰੋਧੀ ਧਿਰਾਂ ਨਾਲ ਲੜਨ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨਾਲ ਆਢਾ ਲਾਈ ਰੱਖਿਆ ਤਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।
ਨਵਜੋਤ ਸਿੱਧੂ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੀਤੀ ਭਵਿੱਖਬਾਣੀ, ਕਿਹਾ-ਪੰਜਾਬ ਨੂੰ ਕਰੇਗਾ ਬਰਬਾਦ (ਵੀਡੀਓ)
NEXT STORY