ਜਲੰਧਰ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਰਿੰਕੂ ਨੇ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58691 ਵੋਟਾਂ ਨਾਲ ਹਰਾਇਆ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ‘ਆਪ’ ਦੀ ਚੋਣ ਮੁਹਿੰਮ ’ਚ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਅਹਿਮ ਭੂਮਿਕਾ ਨਿਭਾਈ। ਕੈਬਨਿਟ ਮੰਤਰੀ ਧਾਲੀਵਾਲ ਨੇ ਇਸ ਜ਼ਿਮਨੀ ਚੋਣ ਦੌਰਾਨ ਧੜੱਲੇਦਾਰ ਚੋਣ ਮੁਹਿੰਮ ਚਲਾਈ ਤੇ ਆਦਮਪੁਰ ’ਚ ਵੀ ‘ਆਪ’ ਨੂੰ ਵੱਡੀ ਲੀਡ ਦਿਵਾਈ। ਕੈਬਨਿਟ ਮੰਤਰੀ ਧਾਲੀਵਾਲ ਨੇ ਚੋਣ ਮੁਹਿੰਮ ਦੌਰਾਨ ਦਾਅਵਾ ਕੀਤਾ ਸੀ ਕਿ ‘ਆਪ’ ਇਸ ਜ਼ਿਮਨੀ ਚੋਣ ਦੌਰਾਨ ਸ਼ਾਨਦਾਰ ਜਿੱਤ ਦਰਜ ਕਰੇਗੀ ਤੇ ਲੋਕ ਪਾਰਟੀ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ’ਤੇ ਮੋਹਰ ਲਾਉਣਗੇ। ਇਸ ਤਰ੍ਹਾਂ ਸੁਸ਼ੀਲ ਰਿੰਕੂ ਦੀ ਸ਼ਾਨਦਾਰ ਜਿੱਤ ਨਾਲ ਧਾਲੀਵਾਲ ਵੱਲੋਂ ਜਿੱਤ ਦੇ ਕੀਤੇ ਦਾਅਵੇ ’ਤੇ ਮੋਹਰ ਲੱਗ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ਵਿਧਾਨ ਸਭਾ ਹਲਕਾ ਮੁਤਾਬਕ ਜਾਣੋ ਕਿਸ ਪਾਰਟੀ ਨੂੰ ਪਈਆਂ ਕਿੰਨੀਆਂ ਵੋਟਾਂ
ਆਦਮਪੁਰ ਹਲਕਾ ਜਿਥੋਂ 2022 ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਸੁਖਵਿੰਦਰ ਸਿੰਘ ਕੋਟਲੀ (39373 ਵੋਟਾਂ) ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਤ ਲਾਲ ਭੱਟੀ (28687 ਵੋਟਾਂ) ਨੂੰ 10686 ਵੋਟਾਂ ਨਾਲ ਹਰਾਇਆ ਸੀ, ਇਸ ਜ਼ਿਮਨੀ ਚੋਣ ਦੌਰਾਨ ਉਥੇ ਕੈਬਨਿਟ ਮੰਤਰੀ ਧਾਲੀਵਾਲ ਦੀ ਧੜੱਲੇਦਾਰ ਚੋਣ ਮੁਹਿੰਮ ਰੰਗ ਲਿਆਈ। ਉਨ੍ਹਾਂ ਦੀ ਸ਼ਾਨਦਾਰ ਚੋਣ ਮੁਹਿੰਮ ਸਦਕਾ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਆਦਮਪੁਰ ’ਚ ਵੱਡੀ ਲੀਡ ਮਿਲੀ। ਆਦਮਪੁਰ ’ਚ ਰਿੰਕੂ ਨੂੰ 32228 ਵੋਟਾਂ ਨਾਲ ਹਾਸਲ ਕੀਤੀਆਂ।
ਵਾਅਦੇ ਮੁਤਾਬਕ 22 ਮਈ ਨੂੰ ਆਦਮਪੁਰ ਪਹੁੰਚਣਗੇ ਮੰਤਰੀ ਧਾਲੀਵਾਲ
ਆਦਮਪੁਰ ਵਾਸੀਆਂ ਵੱਲੋਂ ਹਲਕੇ ਵਿਚੋਂ 9351 ਵੋਟਾਂ ਦੀ ਆਮ ਆਦਮੀ ਪਾਰਟੀ ਨੂੰ ਲੀਡ ਦਵਾਈ ਗਈ ਹੈ। ਚੋਣ ਪ੍ਰਚਾਰ ਦੌਰਾਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਦਮਪੁਰ ਦਾ ਵਿਕਾਸ ਕਰਨ ਦਾ ਵਾਅਦਾ ਕੀਤਾ ਸੀ। ਇਸੇ ਸਬੰਧੀ ਮੰਤਰੀ ਧਾਲੀਵਾਲ 22 ਮਈ ਨੂੰ ਸਵੇਰੇ 10 ਵਜੇ ਦੇ ਕਰੀਬ ਆਦਮਪੁਰ ਬਲਾਕ ਵਿਚ ਸਰਪੰਚਾਂ-ਪੰਚਾਂ ਨੂੰ ਮਿਲਣ ਵਾਸਤੇ ਆ ਰਹੇ ਹਨ। ਉਥੇ ਹੀ ਆਦਮਪੁਰ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੀਆਂ ਪੰਜਾਬ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਉਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਮੇਰੇ ਨਾਲ ਹਲਕੇ ਵਿਚ ਚੋਣ ਮੁਹਿੰਮ ਵਿਚ ਹਿੱਸਾ ਲੈਣ ਵਾਲੇ ਸਾਰੇ ਵਿਧਾਇਕਾਂ, ਪਾਰਟੀ ਆਗੂ ਅਤੇ ਵਲੰਟੀਅਰਜ਼ ਦਾ ਵੀ ਕੋਟਿ-ਕੋਟਿ ਧੰਨਵਾਦ। ਆਦਮਪੁਰ ਵਾਸੀਆਂ ਨੇ ਆਪਣੇ ਪੁੱਤਰ ਅਤੇ ਭਰਾ ਦਾ ਮਾਣ ਰੱਖਿਆ ਹੈ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (302279 ਵੋਟਾਂ) ਨੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ (243450 ਵੋਟਾਂ) ਨੂੰ ਜ਼ਬਰਦਸਤ ਮੁਕਾਬਲੇ ’ਚ 58691 ਵੋਟਾਂ ਨਾਲ ਹਰਾਇਆ। ਇਸ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਡਾ. ਸੁਖਵਿੰਦਰ ਸਿੰਘ ਸੁੱਖੀ (158445 ਵੋਟਾਂ) ਹਾਸਲ ਕਰਕੇ ਤੀਜੇ ਨੰਬਰ ’ਤੇ ਰਹੇ, ਜਦਕਿ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ 134800 ਵੋਟਾਂ ਪ੍ਰਾਪਤ ਕੀਤੀਆਂ ਤੇ ਚੌਥੇ ਨੰਬਰ ’ਤੇ ਰਹੇ।
ਜਲੰਧਰ ਜ਼ਿਮਨੀ ਚੋਣ : ਵਿਧਾਨ ਸਭਾ ਹਲਕਾ ਮੁਤਾਬਕ ਜਾਣੋ ਕਿਸ ਪਾਰਟੀ ਨੂੰ ਪਈਆਂ ਕਿੰਨੀਆਂ ਵੋਟਾਂ
NEXT STORY