ਫਗਵਾੜਾ (ਜਲੋਟਾ) : ਫਗਵਾੜਾ ਦੇ ਸੰਘਣੀ ਵਸੋਂ ਵਾਲੇ ਸੁਖਚੈਨ ਨਗਰ 'ਚ ਬੀਤੀ ਅੱਧੀ ਰਾਤ ਤੋਂ ਬਾਅਦ ਕਰੀਬ 2.30 ਵਜੇ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇੱਕ ਘਰ ਦੇ ਬਾਹਰ 3 ਵਾਹਨਾਂ ਨੂੰ ਭੇਦਭਰੇ ਹਾਲਾਤ 'ਚ ਇੱਕ ਤੋਂ ਬਾਅਦ ਇੱਕ ਕਰਕੇ ਅੱਗ ਲੱਗ ਗਈ। ਦੱਸਣ ਮੁਤਾਬਕ ਪੀੜਤ ਪੱਖ ਦਾ ਦਾਅਵਾ ਹੈ ਕੀ ਇਸ ਦੌਰਾਨ ਉਹਨਾਂ ਨੂੰ ਧਮਾਕੇ ਦੀ ਵੀ ਆਵਾਜ਼ ਸੁਣਾਈ ਦਿੱਤੀ ਹੈ? ਵਾਪਰੇ ਅਗਨੀਕਾਂਡ 'ਚ ਤਿੰਨੋਂ ਵਾਹਨ ਅੱਗ ਨਾਲ ਸੜ ਕੇ ਬੁਰੀ ਤਰਾਂ ਨਾਲ ਨੁਕਸਾਨੇ ਗਏ ਹਨ।

ਅੱਗ ਨਾਲ ਸੜੀਆਂ ਗੱਡੀਆਂ ਦੇ ਮਾਲਕ ਕੁਲਦੀਪ ਸਿੰਘ, ਮਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਤੋਂ ਬਾਅਦ ਜਦੋਂ ਉਹ ਸੁਖਚੈਨ ਨਗਰ 'ਚ ਆਪਣੇ ਘਰ 'ਚ ਰਾਤ ਨੂੰ ਆਰਾਮ ਕਰ ਰਹੇ ਸਨ ਤਾਂ ਇਸੇ ਦੌਰਾਨ ਉਹਨਾਂ ਆਪਣੇ ਘਰ ਦੇ ਬਾਹਰ ਧਮਾਕੇ ਦੀ ਆਵਾਜ਼ ਸੁਣੀ ਅਤੇ ਜਦੋਂ ਘਰ ਤੋਂ ਬਾਹਰ ਆਏ ਤੇ ਉਹਨਾਂ ਵੇਖਿਆ ਕਿ ਉਹਨਾਂ ਦੀਆਂ ਗੱਡੀਆਂ ਨੂੰ ਅੱਗ ਲੱਗੀ ਹੋਈ ਹੈ। ਇਸ ਤੋਂ ਬਾਅਦ ਉਹਨਾਂ ਫਗਵਾੜਾ ਫਾਇਰ ਬਿਗ੍ਰੇੜ ਨੂੰ ਗੱਡੀਆਂ 'ਚ ਲੱਗੀ ਹੋਈ ਅੱਗ ਦੀ ਸੂਚਨਾ ਦਿੱਤੀ ਜਿਸ ਤੋਂ ਕੁਝ ਮਿੰਟ ਬਾਅਦ ਹੀ ਮੌਕੇ 'ਤੇ ਪੁੱਜੀ ਫਾਇਰ ਟੀਮ ਨੇ ਫਾਇਰ ਟੈਂਡਰ ਗੱਡੀ ਦੀ ਵਰਤੋਂ ਕਰਦੇ ਹੋਏ ਪਾਣੀ ਦਾ ਲਗਾਤਾਰ ਛਿੜਕਾਅ ਕਰਕੇ ਭੜਕੀ ਹੋਈ ਅੱਗ 'ਤੇ ਕਾਬੂ ਪਾਇਆ।

ਇਸ ਦੌਰਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਵਾਪਰੇ ਅਗਨੀ ਕਾਂਡ 'ਚ ਉਹਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਪੱਖ ਨੇ ਗੱਡੀਆਂ ਨੂੰ ਸ਼ਰਾਰਤਨ ਅੱਗ ਲਗਾਏ ਜਾਣ ਦੀ ਸ਼ੰਕਾ ਜ਼ਾਹਿਰ ਕੀਤੀ ਹੈ। ਉਹਨਾਂ ਦੱਸਿਆ ਕਿ ਮਾਮਲੇ ਸਬੰਧੀ ਫਗਵਾੜਾ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਵਾਪਰੇ ਅਗਨੀ ਕਾਂਡ ਦੀ ਜਾਂਚ ਕਰ ਰਹੀ ਸੀ।
ਵਿਆਹਾਂ ਤੇ ਸੋਸ਼ਲ ਮੀਡੀਆ ’ਤੇ ਹਥਿਆਰ ਦਿਖਾਉਣਾ ਪਿਆ ਭਾਰੀ, 7,000 ਲਾਇਸੈਂਸ ਹੋਣਗੇ ਰੱਦ
NEXT STORY