ਨਵੀਂ ਦਿੱਲੀ/ਮੁੰਬਈ/ਚੰਡੀਗੜ੍ਹ, (ਏਜੰਸੀਆਂ)— ਭਾਰਤ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 81 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕਰਨਾਟਕ ਵਿਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਤੋਂ ਬਾਅਦ ਕੇਂਦਰ ਦੇ ਨਾਲ ਹੀ ਸੂਬਾ ਸਰਕਾਰਾਂ ਨੇ ਵੀ ਸਖ਼ਤ ਕਦਮ ਚੁੱਕਦਿਆਂ ਸਿੱਖਿਆ ਸੰਸਥਾਵਾਂ, ਸਿਨੇਮਾ ਹਾਲ, ਸਵੀਮਿੰਗ ਪੂਲ, ਇਥੋਂ ਤੱਕ ਕਿ ਵਿਆਹਾਂ ਦੇ ਆਯੋਜਨ ਤੱਕ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਸਿਹਤ ਮੰਤਰਾਲਾ ਦੇ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਸਿਹਤ ਐਮਰਜੈਂਸੀ ਨਹੀਂ ਹੈ ਅਤੇ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਪਰ ਕੋਰੋਨਾ ਦੇ ਖੌਫ ਨਾਲ ਲਗਭਗ ਅੱਧਾ ਦੇਸ਼ ਬੰਦ ਜਿਹਾ ਹੋ ਗਿਆ ਹੈ। ਕੇਂਦਰ ਸਰਕਾਰ ਨੇ ਕੁੱਲ 37 ਕੌਮਾਂਤਰੀ ਸਰਹੱਦੀ ਚੌਕੀਆਂ 'ਚੋਂ ਸਿਰਫ 19 'ਤੇ ਆਵਾਜਾਈ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਭਾਰਤ-ਬੰਗਲਾਦੇਸ਼ ਵਿਚਾਲੇ ਟਰੇਨ ਅਤੇ ਬੱਸਾਂ ਦਾ ਸੰਚਾਲਨ 15 ਅਪ੍ਰੈਲ ਤੱਕ ਜਾਂ ਉਸ ਤੋਂ ਪਹਿਲਾਂ ਕੋਈ ਫੈਸਲਾ ਹੋਣ ਤੱਕ ਮੁਲਤਵੀ ਰੱਖਣ ਦਾ ਫੈਸਲਾ ਕੀਤਾ ਹੈ। ਕੋਰੋਨਾ ਵਾਇਰਸ ਪ੍ਰਭਾਵਿਤ ਈਰਾਨ ਤੋਂ ਭਾਰਤੀਆਂ ਨੂੰ ਲੈ ਕੇ ਇਕ ਜਹਾਜ਼ ਸ਼ੁੱਕਰਵਾਰ ਦੁਪਹਿਰ ਮੁੰਬਈ ਪਹੁੰਚਿਆ। ਇਨ੍ਹਾਂ 120 ਯਾਤਰੀਆਂ ਨੂੰ ਏਅਰ ਇੰਡੀਆ ਦੇ ਜਹਾਜ਼ ਰਾਹੀਂ ਜੈਸਲਮੇਰ ਲਿਜਾਇਆ ਜਾਵੇਗਾ। ਉਨ੍ਹਾਂ ਨੂੰ ਜੈਸਲਮੇਰ ਵਿਚ ਫੌਜ ਵਲੋਂ ਤਿਆਰ ਆਰਜ਼ੀ ਮੈਡੀਕਲ ਕੈਂਪ ਵਿਚ ਰੱਖਿਆ ਜਾਵੇਗਾ। ਦਿੱਲੀ ਹਾਈ ਕੋਰਟ ਨੂੰ ਪੱਤਰ ਰਾਹੀਂ ਭੇਜੀ ਗਈ ਇਕ ਪਟੀਸ਼ਨ ਵਿਚ ਕੋਰੋਨਾ ਵਾਇਰਸ ਨੂੰ ਉਸ ਦੇ ਕੰਪਲੈਕਸ ਅਤੇ ਰਾਸ਼ਟਰੀ ਰਾਜਧਾਨੀ ਵਿਚ ਸਾਰੀਆਂ ਜ਼ਿਲਾ ਅਦਾਲਤਾਂ ਵਿਚ ਫੈਲਣ ਤੋਂ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਅਪੀਲ ਕੀਤੀ ਗਈ ਹੈ।
ਪੰਜਾਬ ਸਰਕਾਰ ਨੇ ਸੂਬੇ ਵਿਚ 31 ਮਾਰਚ ਤੱਕ ਸਾਰੇ ਸਿੱਖਿਆ ਸੰਸਥਾਨ ਬੰਦ ਕਰ ਦਿੱਤੇ ਹਨ ਅਤੇ ਵਾਹਗਾ ਸਰਹੱਦ 'ਤੇ ਪਾਕਿਸਤਾਨ ਵਲੋਂ ਟਰੱਕਾਂ ਦੀ ਆਮਦ ਰੋਕਣ ਨਾਲ ਵਪਾਰ ਰੁਕ ਗਿਆ ਹੈ। ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਸ਼ਹਿਰ ਦੇ ਸਾਰੇ ਜਨਤਕ ਸਵੀਮਿੰਗ ਪੂਲ 31 ਮਾਰਚ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਦਿੱਲੀ ਯੂਨੀਵਰਸਿਟੀ, ਜੇ. ਐੱਨ. ਯੂ. ਅਤੇ ਜਾਮੀਆ ਮਿਲੀਆ ਇਸਲਾਮੀਆ ਵਿਚ ਕਲਾਸਾਂ ਰੋਕ ਦਿੱਤੀਆਂ ਗਈਆਂ ਹਨ। ਹੁਨਰ ਵਿਕਾਸ ਅਤੇ ਸਿਖਲਾਈ ਦੇਣ ਵਾਲੀ ਕੰਪਨੀ ਐੱਨ. ਆਈ. ਆਈ. ਟੀ. ਨੇ ਅਗਲੇ ਹੁਕਮਾਂ ਤੱਕ ਦਿੱਲੀ-ਐੱਨ. ਸੀ.ਆਰ. ਵਿਚ ਆਪਣੇ ਸਿਖਲਾਈ ਕੇਂਦਰਾਂ ਵਿਚ ਕਲਾਸਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਮਹਾਰਾਸ਼ਟਰ ਸਰਕਾਰ ਨੇ ਪੁਣੇ, ਪਿੰਪਰੀ ਚਿੰਚਵਾੜ ਅਤੇ ਨਾਗਪੁਰ ਵਿਚ ਸ਼ੁੱਕਰਵਾਰ ਰਾਤ ਤੋਂ ਸਾਰੇ ਸਿਨੇਮਾ ਹਾਲ ਅਤੇ ਜਿਮ ਬੰਦ ਕਰਨ ਦਾ ਹੁਕਮ ਦਿੱਤਾ ਹੈ। ਕਰਨਾਟਕ ਵਿਚ ਮਾਲ, ਥੀਏਟਰ, ਨਾਈਟ ਕਲੱਬ, ਪਬ ਅਤੇ ਸਵੀਮਿੰਗ ਪੂਲ 'ਤੇ ਅਗਲੇ ਹਫਤੇ ਤੱਕ ਪਾਬੰਦੀ ਹੈ ਅਤੇ ਵਿਆਹ ਸਮਾਰੋਹ ਅਤੇ ਸਮਰ ਕੈਂਪ ਦੀ ਵੀ ਇਜਾਜ਼ਤ ਨਹੀਂ ਮਿਲੇਗੀ। ਇਸ ਤੋਂ ਇਲਾਵਾ ਸਾਰੇ ਸਰਕਾਰੀ ਡਾਕਟਰਾਂ ਅਤੇ ਸਿਹਤ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਬਿਹਾਰ ਵਿਚ 31 ਮਾਰਚ ਤੱਕ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ-ਕਾਲਜ ਅਤੇ ਕੋਚਿੰਗ ਸੈਂਟਰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਂਗਣਵਾੜੀ ਕੇਂਦਰ, ਸਿਨੇਮਾ ਹਾਲ, ਵੱਡੇ ਹਾਲ ਦੀ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਮੱਧ ਪ੍ਰਦੇਸ਼ ਵਿਚ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਮਿਊਂਸੀਪਲ ਇਮਾਰਤ ਉਪ-ਨਿਯਮਾਂ ਬਾਰੇ ਦਿੱਤੀ ਜਾਣਕਾਰੀ
NEXT STORY