ਚੰਡੀਗੜ੍ਹ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਵਫਦ ਨੇ ਅੱਜ ਰਾਜ ਦੇ ਚੋਣ ਕਮਿਸ਼ਨਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਉਨ੍ਹਾਂ ਅਧਿਕਾਰੀਆਂ ਖ਼ਿਲਾਫ ਸਖਤ ਕਾਰਵਾਈ ਕਰਨ, ਜਿਹੜੇ ਕਾਂਗਰਸ ਪਾਰਟੀ ਦੇ ਏਜੰਟਾਂ ਵਜੋਂ ਕੰਮ ਕਰਦੇ ਹੋਏ ਮਿਊਂਸੀਪਲ ਚੋਣਾਂ ਲਈ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਐੱਨ. ਓ. ਸੀਜ਼ ਜਾਰੀ ਕਰਨ ਤੋਂ ਇਨਕਾਰ ਕਰ ਰਹੇ ਹਨ। ਇਸ ਦੇ ਨਾਲ ਹੀ ਵਫਦ ਨੇ ਮੱਲਾਂਵਾਲਾ ਅਤੇ ਮੱਖੂ (ਫਿਰੋਜ਼ਪੁਰ) ਦੇ ਐੱਸ. ਐੱਚ. ਓਜ਼ ਨੂੰ ਹਟਾਉਣ ਦੀ ਮੰਗ ਵੀ ਕੀਤੀ।
ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿਚ ਗਏ ਇਸ ਸਾਂਝੇ ਵਫ਼ਦ ਨੇ ਪ੍ਰਦੇਸ਼ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੂੰ ਦੱਸਿਆ ਕਿ ਜਿਨ੍ਹਾਂ 5 ਅਕਾਲੀ ਵਰਕਰਾਂ ਨੇ ਨਗਰ ਪੰਚਾਇਤ ਮੱਖੂ ਅਤੇ ਮੱਲਾਂਵਾਲਾ ਦੇ ਕਾਰਜ ਸਾਧਕ ਅਫਸਰ (ਈ. ਓ.) ਦੇ ਵਤੀਰੇ ਬਾਰੇ ਸ਼ਿਕਾਇਤ ਕੀਤੀ ਸੀ, ਉਨ੍ਹਾਂ ਖ਼ਿਲਾਫ ਝੂਠੇ ਕੇਸ ਦਰਜ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕੋਲ ਇਸ ਲਈ ਸ਼ਿਕਾਇਤ ਕੀਤੀ ਸੀ ਕਿਉਂਕਿ ਈ. ਓ. ਉਨ੍ਹਾਂ ਨੂੰ ਐੱਨ. ਓ. ਸੀ. ਦੇਣ ਤੋਂ ਇਨਕਾਰ ਕਰ ਰਿਹਾ ਸੀ। ਇਨ੍ਹਾਂ ਵਰਕਰਾਂ ਵਿਚ ਨਗਰ ਪੰਚਾਇਤ ਮੱਲਾਂਵਾਲਾ ਦੇ ਮੀਤ ਪ੍ਰਧਾਨ ਨਿਸ਼ਾਨ ਸਿੰਘ ਭੁੱਲਰ, ਮਾਰਕੀਟ ਕਮੇਟੀ ਮੱਲਾਂਵਾਲਾ ਦੇ ਮੀਤ ਪ੍ਰਧਾਨ ਗੁਰਲਾਲ ਸਿੰਘ, ਯੂਥ ਅਕਾਲੀ ਦਲ ਮੱਲਾਂਵਾਲਾ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਅਜੈ ਕੁਮਾਰ ਅਤੇ ਮਾਰਕੀਟ ਕਮੇਟੀ ਮੱਖੂ ਦੇ ਮੀਤ ਪ੍ਰਧਾਨ ਜੋਗਾ ਸਿੰਘ ਅਤੇ ਦਰਸ਼ਨ ਸਿੰਘ ਸ਼ਾਮਲ ਹਨ।
ਅਕਾਲੀ ਦਲ ਦੇ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਸ ਦਿਨ ਮਿਊਂਸੀਪਲ ਚੋਣਾਂ ਦਾ ਐਲਾਨ ਹੋਇਆ ਸੀ, ਮੱਲਾਂਵਾਲਾ ਅਤੇ ਮੱਖੂ ਦੇ ਐੱਸ. ਐੱਚ. ਓਜ਼ ਨੇ ਉਸੇ ਦਿਨ ਚਾਰਜ ਸੰਭਾਲਿਆ ਸੀ। ਉਨ੍ਹਾਂ ਕਿਹਾ ਕਿ ਦੋਵਾਂ ਨਗਰ ਪੰਚਾਇਤਾਂ ਵਿਚ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਦੋਵਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ। ਡਾ. ਚੀਮਾ ਨੇ ਇਹ ਵੀ ਮੰਗ ਕੀਤੀ ਕਿ ਮੱਲਾਂਵਾਲਾ ਅਤੇ ਮੱਖੂ ਦੀ ਚੋਣ ਰੋਕ ਲਈ ਜਾਵੇ ਅਤੇ ਇਨ੍ਹਾਂ ਦੋਵੇਂ ਥਾਵਾਂ 'ਤੇ ਬਾਅਦ ਵਿਚ ਚੋਣ ਕਰਵਾਈ ਜਾਵੇ।
ਵਫ਼ਦ ਦੇ ਮੈਂਬਰਾਂ ਨੇ ਮੁੱਖ ਚੋਣ ਕਮਿਸ਼ਨਰ ਨੂੰ ਇਹ ਵੀ ਦੱਸਿਆ ਕਿ ਮੋਗਾ, ਧਰਮਕੋਟ ਅਤੇ ਬਾਘਾਪੁਰਾਣਾ ਵਿਚ ਵੀ ਅਕਾਲੀ ਉਮੀਦਵਾਰਾਂ ਨੂੰ ਐੱਨ. ਓ. ਸੀਜ਼ ਜਾਰੀ ਨਹੀਂ ਕੀਤੇ ਜਾ ਰਹੇ ਤੇ ਇਹੋ ਸਥਿਤੀ ਰਾਜਾਸਾਂਸੀ ਵਿਚ ਬਣੀ ਹੋਈ ਹੈ। ਵਫਦ ਨੇ ਕਿਹਾ ਕਿ ਜਦ ਤਕ ਮੁੱਖ ਚੋਣ ਅਧਿਕਾਰੀ ਇਨ੍ਹਾਂ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਕਰੜੇ ਹੱਥੀਂ ਨਹੀਂ ਲੈਂਦੇ, ਪੰਜਾਬ ਵਿਚ ਆਜ਼ਾਦ ਅਤੇ ਨਿਰਪੱਖ ਚੋਣਾਂ ਹੋਣ ਦੀ ਕੋਈ ਉਮੀਦ ਨਹੀਂ ਹੈ। ਇਸ ਵਫ਼ਦ ਵਿਚ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ, ਚਰਨਜੀਤ ਸਿੰਘ ਬਰਾੜ ਤੇ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਵੀ ਸ਼ਾਮਲ ਸਨ।
ਸੀਵਰੇਜ ਦੇ ਉੱਚੇ ਢੱਕਣ ਨੇ ਲਈ ਨੌਜਵਾਨ ਦੀ ਜਾਨ
NEXT STORY