ਭਵਾਨੀਗੜ(ਅੱਤਰੀ/ਵਿਕਾਸ)- ਸ਼ਹਿਰ ਵਿਚ ਟਰੱਕ ਯੂਨੀਅਨ ਨੇੜੇ ਸਰਵਿਸ ਲਾਈਨ 'ਤੇ ਸੜਕ ਤੋਂ ਉੱਚਾ ਬਣਿਆ ਸੀਵਰੇਜ ਦਾ ਢੱਕਣ ਇਕ ਨੌਜਵਾਨ ਲਈ ਕਾਲ ਬਣ ਗਿਆ । ਹਰਦੀਪ ਸਿੰਘ ਵਾਸੀ ਪਿੰਡ ਕਪਿਆਲ ਨੇ ਦੱਸਿਆ ਕਿ ਸੋਮਵਾਰ ਰਾਤ ਉਸ ਦਾ ਭਰਾ ਗੁਰਚਰਨ ਅਤੇ ਤਰਨਵੀਰ ਸਿੰਘ ਵਾਸੀ ਪਿੰਡ ਸੰਘਰੇੜੀ ਮੋਟਰਸਾਈਕਲ 'ਤੇ ਭਵਾਨੀਗੜ੍ਹ ਤੋਂ ਟਰੈਕਟਰ ਦਾ ਸਪੇਅਰ ਪਾਰਟਸ ਲੈਣ ਆਏ ਸਨ ਜਦੋਂ ਉਹ ਨਵੇਂ ਬੱਸ ਸਟੈਂਡ ਤੋਂ ਪਿੰਡ ਵੱਲ ਵਾਪਸ ਮੁੜ ਰਹੇ ਸਨ ਤਾਂ ਟਰੱਕ ਯੂਨੀਅਨ ਦੇ ਸਾਹਮਣੇ ਬੰਦ ਪਏ ਪੈਟਰੋਲ ਪੰਪ ਨੇੜੇ ਸਰਵਿਸ ਲਾਈਨ 'ਤੇ ਸੜਕ ਦੇ ਲੈਵਲ ਨਾਲੋਂ ਉੱਚੇ ਬਣੇ ਸੀਵਰੇਜ ਢੱਕਣ ਤੋਂ ਮੋਟਰਸਾਈਕਲ ਬੁੜਕ ਗਿਆ, ਜਿਸ ਕਾਰਨ ਉਕਤ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ। ਦੋਵਾਂ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿਥੋਂ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ, ਜਿਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਤਰਨਵੀਰ ਸਿੰਘ (22) ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸੰਘਰੇੜੀ ਦਮ ਤੋੜ ਗਿਆ । ਜਦੋਂਕਿ ਗੁਰਚਰਨ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ । ਮ੍ਰਿਤਕ ਦੇ ਵਾਰਿਸਾਂ ਪ੍ਰਗਟਾਇਆ ਰੋਹ : ਘਟਨਾ ਸਥਾਨ 'ਤੇ ਇਕੱਤਰ ਹੋਏ ਮ੍ਰਿਤਕ ਦੇ ਵਾਰਿਸਾਂ ਅਤੇ ਦੁਕਾਨਦਾਰਾਂ ਸਣੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰਸ਼ੋਤਮ ਸਿੰਘ ਫੱਗੂਵਾਲਾ, ਹਰਭਜਨ ਹੈਪੀ, ਮੰਗਲ ਢਿੱਲੋਂ ਅਤੇ ਸੁਖਚੈਨ ਸਿੰਘ ਨੇ ਨੈਸ਼ਨਲ ਹਾਈਵੇ ਅਥਾਰਟੀ ਅਤੇ ਸੜਕ ਬਣਾਉਣ ਵਾਲੇ ਇੰਜੀਨੀਅਰਾਂ ਖਿਲਾਫ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸੜਕ ਦੇ ਨਿਰਮਾਣ ਦੌਰਾਨ ਵਰਤੀ ਗਈ ਲਾਪ੍ਰਵਾਹੀ ਕਾਰਨ ਅੱਜ ਇਕ ਪਰਿਵਾਰ ਨੇ ਆਪਣਾ ਨੌਜਵਾਨ ਪੁੱਤਰ ਗਵਾ ਲਿਆ । ਸ਼ਹਿਰ 'ਚੋਂ ਲੰਘਦੀ ਨੈਸ਼ਨਲ ਹਾਈਵੇ ਦੀਆਂ ਸਰਵਿਸ ਲਾਈਨਾਂ 'ਤੇ ਕਈ ਥਾਵਾਂ 'ਤੇ ਸੀਵਰੇਜ ਦੇ ਢੱਕਣ ਸੜਕ ਤੋਂ ਉੱਚੇ ਹਨ ਅਤੇ ਆਏ ਦਿਨ ਛੋਟੇ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਪਰ ਸਬੰਧਤ ਵਿਭਾਗ ਇਨ੍ਹਾਂ ਨੂੰ ਠੀਕ ਕਰਨ ਦੀ ਬਜਾਏ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ । ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ।
ਇਸ ਸਬੰਧੀ ਗੱਲਬਾਤ ਕਰਦਿਆਂ ਐੱਨ. ਐੱਚ. ਦੇ ਮੈਂਟੀਨੈਂਸ ਇੰਜ. ਨਰਿੰਦਰ ਸਿੰਘ ਨੇ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਦੇ ਹੁਣ ਧਿਆਨ ਵਿਚ ਆ ਗਈ ਹੈ ਅਤੇ ਉਹ 10 ਦਿਨਾਂ ਵਿਚ ਇਸ ਸਮੱਸਿਆ ਨੂੰ ਹੱਲ ਕਰ ਦੇਣਗੇ ।
ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ
NEXT STORY