ਗੁਰੂਹਰਸਹਾਏ (ਪਵਨ ਸਿਕਰੀ) : ਗੁਰੂਹਰਸਹਾਏ ਵਿਖੇ ਮਤਰੇਈ ਮਾਂ ਵਲੋਂ ਧੀ ਦਾ ਵਾਰਸਾਨਾ ਹੱਕ ਮਾਰ ਕੇ ਬੈਂਕ ਖ਼ਾਤਿਆਂ ’ਚੋਂ ਕਰੀਬ 50 ਲੱਖ ਰੁਪਏ ਦੀ ਰਕਮ ਧੋਖਾਧੜੀ ਨਾਲ ਕੱਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਗੁਰੂਹਰਸਹਾਏ ਪੁਲਸ ਨੇ ਦਿੱਤੀ ਗਈ ਦਰਖ਼ਾਸਤ ’ਤੇ ਜਾਂਚ ਤੋਂ ਬਾਅਦ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਾਨੀਆ ਹਾਂਡਾ ਪਤਨੀ ਸਮਰਾਟ ਵਾਸੀ ਪਿੰਡ ਬਾਜੇ ਕੇ, ਥਾਣਾ ਗੁਰੂਹਰਸਹਾਏ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਿਤਾ ਜੋਗਿੰਦਰ ਰਾਮ ਪੁੱਤਰ ਮਾਹਗਾ ਰਾਮ ਦੀ 28 ਸਤੰਬਰ 2022 ਨੂੰ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਕਾਨੂੰਨੀ ਵਾਰਸ ਵਜੋਂ ਸ਼ਿਕਾਇਤਕਰਤਾ ਅਤੇ ਉਸ ਦੀ ਮਤਰੇਈ ਮਾਂ ਸੁਮਿੱਤਰਾ ਰਾਣੀ ਦੋਵੇਂ ਹੀ ਬਰਾਬਰ ਦੀਆਂ ਹੱਕਦਾਰ ਸਨ।
ਪੁਲਸ ਨੇ ਦੱਸਿਆ ਕਿ ਜਾਂਚ ਰਿਪੋਰਟ ਮੁਤਾਬਕ ਮ੍ਰਿਤਕ ਜੋਗਿੰਦਰ ਰਾਮ ਦੇ ਨਾਂ ’ਤੇ ਵੱਖ-ਵੱਖ ਬੈਂਕਾਂ ’ਚ 3 ਖਾਤੇ ਸਨ, ਜਿਨ੍ਹਾਂ ’ਚ ਕੁੱਲ ਮਿਲਾ ਕੇ ਲਗਭਗ 50 ਲੱਖ ਰੁਪਏ ਜਮ੍ਹਾਂ ਸਨ। ਇਨ੍ਹਾਂ ਬੈਂਕ ਖ਼ਾਤਿਆਂ 'ਚ ਉਸ ਦੀ ਮਤਰੇਈ ਮਾਂ ਸੁਮਿੱਤਰਾ ਰਾਣੀ ਦਾ ਨਾਂ ਨੋਮੀਨੀ ਦਰਜ ਸੀ। ਸਾਨੀਆਂ ਨੇ ਦੱਸਿਆ ਕਿ ਸੁਮਿੱਤਰਾ ਰਾਣੀ ਨੇ ਦੋਸ਼ੀ ਰਮਨ ਕੁਮਾਰ ਪੁੱਤਰ ਸੋਹਣ ਲਾਲ, ਵਾਸੀ ਮੰਡੀ ਵਾਲ, ਗੁਰੂਹਰਸਹਾਏ ਨਾਲ ਮਿਲੀ-ਭੁਗਤ ਕਰਕੇ ਪਿਤਾ ਦੀ ਮੌਤ ਤੋਂ ਪਹਿਲਾਂ ਹੀ ਬੈਂਕਾਂ ’ਚੋਂ ਸਾਰੇ ਪੈਸੇ ਗੈਰ-ਕਾਨੂੰਨੀ ਢੰਗ ਨਾਲ ਕੱਢਵਾ ਲਏ। ਸਾਨੀਆ ਨੇ ਦੱਸਿਆ ਕਿ ਪੈਸੇ ਹੜੱਪਣ ਤੋਂ ਬਾਅਦ ਉਸ ਨੂੰ ਬਣਦਾ ਜਾਇਜ਼ ਵਾਰਸਾਨਾ ਹੱਕ ਨਹੀਂ ਦਿੱਤਾ ਗਿਆ ਅਤੇ ਉਸ ਨਾਲ ਠੱਗੀ ਮਾਰੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਥਾਣਾ ਗੁਰੂਹਰਸਹਾਏ ਵਿਖੇ ਸੁਮਿੱਤਰਾ ਰਾਣੀ ਅਤੇ ਰਮਨ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਾਕਿਸਤਾਨ ਹਾਈ ਕਮਿਸ਼ਨ ਨੂੰ ਮਿਲਿਆ SGPC ਦਾ ਵਫ਼ਦ, ਰੱਖੀਆਂ ਇਹ ਮੰਗਾਂ
NEXT STORY