ਔੜਾ, (ਛਿੰਜੀ)— ਗ੍ਰਾਮ ਪੰਚਾਇਤ ਸੋਢੀਆਂ ਵੱਲੋਂ ਇੰਟਰਲਾਕਿੰਗ ਟਾਈਲਾਂ ਨਾਲ ਬਣਾਈ ਜਾ ਰਹੀ ਗਲੀ ਦੇ ਨਿਰਮਾਣ ਨੂੰ ਰੋਕਣ ਦਾ ਮਾਮਲਾ ਪੂਰਾ ਭੱਖ ਚੁੱਕਾ ਹੈ ਅਤੇ ਪਿੰਡ ਵਾਸੀਆਂ ਦਾ ਗੁੱਸਾ ਇਸ ਵਕਤ ਸੱਤਵੇਂ ਅਾਸਮਾਨ ’ਤੇ ਪੁੱਜ ਚੁੱਕਾ ਹੈ। ਗਲੀ ਦਾ ਕੰਮ ਨੇਪਰੇ ਚਾੜ੍ਹਣ ਨੂੰ ਲੈ ਕੇ ਕੀਤੇ ਗਏ ਇਸ ਇਕੱਠ ਉਪਰੰਤ ਗੱਲਬਾਤ ਕਰਦਿਆਂ ਗੁਰਮੁਖ ਸਿੰਘ, ਸੁਰਜੀਤ ਸਿੰਘ, ਮੰਗਲ ਸਿੰਘ, ਸੁੱਚਾ ਰਾਮ, ਗੁਰਦੀਪ, ਗਿਆਨ ਸਿੰਘ, ਗੁਰਲਾਲ ਸਿੰਘ, ਬਲਹਿਰਾ ਸਿੰਘ, ਜੋਗਾ ਸਿੰਘ, ਸਤਵਿੰਦਰ ਕੌਰ, ਰੀਨਾ, ਤਲਵਿੰਦਰ ਕੌਰ, ਸ਼ੀਲਾ ਤੋਂ ਇਲਾਵਾ ਅਨੇਕਾਂ ਪਿੰਡ ਵਾਸੀਆਂ ਨੇ ਆਖਿਆ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਇੰਟਰਲਾਕਿੰਗ ਟਾਈਲਾਂ ਲਗਾ ਕੇ ਪਿੰਡ ਦੀ ਮੁੱਖ ਗਲੀ ਨੂੰ ਬਣਾਇਆ ਜਾ ਰਿਹਾ ਸੀ ਪਰ ਇਕ ਦੋ ਘਰਾਂ ਦੀ ਵਿਰੋਧਤਾ ਕਾਰਨ ਸਿਆਸੀ ਦਬਾਅ ਪਵਾ ਕੇ ਪੰਚਾਇਤ ਕੋਲੋਂ ਕੰਮ ਨੂੰ ਰੁਕਵਾ ਦਿੱਤਾ ਗਿਆ ਅਤੇ ਬਾਰਿਸ਼ ਕਾਰਨ ਪਾਣੀ ਲੋਕਾਂ ਦੇ ਮਕਾਨਾਂ ਦੀਆਂ ਨੀਹਾਂ ’ਚ ਪੈ ਰਿਹਾ ਹੈ। ਜਦੋਂਕਿ ਗਲੀ ਵਿਚਕਾਰ ਪਾਣੀ ਦੇ ਨਿਕਾਸ ਲਈ ਬਣਾਈ ਗਈ ਹੌਦੀ ਬੱਚਿਆਂ ਦੀ ਜਾਨ ਵੀ ਲੈ ਸਕਦੇ ਹਨ।

ਲੋਕਾਂ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਪ੍ਰਸ਼ਾਸਨਿਕ ਹਦਾਇਤਾਂ ਅਨੁਸਾਰ ਇੰਟਰਲਾਕਿੰਗ ਟਾਈਲਾਂ ਨਾਲ ਗਲੀ ਤਿਆਰ ਕਰਨ ਦਾ ਕੰਮ ਪਾਸ ਕਰਵਾਇਆ ਸੀ। ਉਪਰੰਤ ਲੱਖਾਂ ਰੁਪਏ ਦੀਆਂ ਇੰਟਰਲਾਕਿੰਗ ਟਾਇਲਾਂ, ਸੀਮਿੰਟ, ਰੇਤਾਂ ਬਜਰੀ ਵੀ ਮੰਗਵਾ ਲਈ ਗਈ। ਇਥੋਂ ਤਕ ਕਿ ਅੱਧੀ ਗਲੀ ਵਿਚ ਟਾਇਲਾਂ ਲੱਗ ਵੀ ਚੁੱਕੀਆਂ ਸਨ ਕਿ ਇਕ ਸਿਆਸੀ ਪਹੁੰਚ ਰੱਖਣ ਵਾਲੇ ਪਰਿਵਾਰ ਨੇ ਗਲੀ ਨੂੰ ਕੰਕਰੀਟ ਨਾਲ ਬਣਾਉਣ ਦੀ ਜ਼ਿੱਦ ਨੂੰ ਲੈ ਕੇ ਬਿਨਾਂ ਕਾਰਨ ਹੀ ਕੰਮ ਵਿਚਾਲੇ ਹੀ ਰੁਕਵਾ ਦਿੱਤਾ, ਜਿਸ ਕਾਰਨ ਲੋਕ ਭਾਰੀ ਪ੍ਰੇਸ਼ਾਨ ਹੋ ਰਹੇ ਹਨ।

ਲੋਕਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਵੀ ਗਲੀ ਦਾ ਕੰਮ ਚਲਾਇਆ ਜਾਂਦਾ ਹੈ ਤਾਂ ਪੁਲਸ ਰੁਕਵਾਉਣ ਆ ਜਾਂਦੀ ਹੈ ਜੇਕਰ ਅਜਿਹਾ ਰਿਹਾ ਤਾਂ ਡੀ. ਸੀ. ਦਫਤਰ ਅੱਗੇ ਦਰੀ ਵਿਛਾ ਕੇ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਬੀ. ਡੀ. ਪੀ. ਓ. ਨੀਰਜ ਕੁਮਾਰ, ਡੀ. ਡੀ. ਪੀ. ਓ. ਬਲਜੀਤ ਸਿੰਘ ਕੈਂਥ ਅਤੇ ਐੱਸ. ਡੀ. ਓ. ਜਸਮੇਲ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ, ਜਿਨ੍ਹਾਂ ਦੱਸਿਆ ਕਿ ਮਾਮਲਾ ਉਚ ਅਫਸਰਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਅਤੇ ਉਨ੍ਹਾਂ ਦੇ ਹੁਕਮ ਦੀ ਉਡੀਕ ਕੀਤੀ ਜਾ ਰਹੀ ਹੈ।
ਨਸ਼ੇ 'ਚ ਲੜਖੜਾਉਂਦੀ ਪੰਜਾਬ ਪੁਲਸ! (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY