ਡੇਰਾਬਸੀ (ਗੁਰਜੀਤ) : ਪੰਜਾਬ ’ਚ ਝੋਨੇ ਦੀ ਖ਼ਰੀਦ ਭਾਵੇਂ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਵੇਗੀ ਪਰ ਝੋਨੇ ਦੀ ਕਟਾਈ ਵੱਖ-ਵੱਖ ਜ਼ਿਲਿਆਂ ’ਚ ਸ਼ੁਰੂ ਹੋ ਚੁੱਕੀ ਹੈ। ਸੈਟੇਲਾਈਟ ’ਤੇ ਆਧਾਰਤ ਇਕੱਤਰ ਅੰਕੜਿਆਂ ਅਨੁਸਾਰ ਪੰਜਾਬ ਦੇ 23 ਜ਼ਿਲਿਆਂ ’ਚ ਹੁਣ ਤੱਕ 93 ਥਾਵਾਂ ’ਤੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਅੰਮ੍ਰਿਤਸਰ ’ਚ ਸਭ ਤੋਂ ਜ਼ਿਆਦਾ 58 ਥਾਵਾਂ ’ਤੇ ਅੱਗ ਲਾਉਣ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।
ਫ਼ਤਹਿਗੜ੍ਹ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ, ਰੂਪਨਗਰ ’ਚ 1-1, ਸੰਗਰੂਰ ’ਚ 2, ਫ਼ਿਰੋਜ਼ਪੁਰ ’ਚ 3, ਗੁਰਦਾਸਪੁਰ ’ਚ 7, ਜਲੰਧਰ ’ਚ 3, ਕਪੂਰਥਲਾ ’ਚ 5, ਤਰਨ ਤਾਰਨ ’ਚ 6 ਥਾਵਾਂ ’ਤੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ।
ਇਸੇ ਤਰ੍ਹਾਂ ਮੋਹਾਲੀ ਜ਼ਿਲੇ ’ਚ 2 ਦਿਨਾਂ ਦੌਰਾਨ ਅੱਗ ਲਾਉਣ ਦੇ ਪੰਜ ਮਾਮਲੇ ਸਾਹਮਣੇ ਆ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ 5 ਮਾਮਲੇ ਹਲਕਾ ਡੇਰਾਬਸੀ ਦੇ ਹੀ ਹਨ ਜਦਕਿ ਜ਼ਿਲੇ ਦੇ ਬਾਕੀ ਹਲਕਿਆਂ ’ਚ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ।
ਡੇਰਾਬਸੀ ਹਲਕੇ ’ਚ ਦੋ ਦਿਨਾਂ ’ਚ ਪੰਜ ਥਾਵਾਂ ’ਤੇ ਸੜੀ ਪਰਾਲੀ
ਜ਼ਿਲਾ ਮੋਹਾਲੀ ਦੇ ਹਲਕਾ ਡੇਰਾਬਸੀ ਦੇ ਪਿੰਡ ਸਿਹਪੁਰ ਵਿਖੇ ਪਰਾਲੀ ਨੂੰ ਅੱਗ ਲਾਉਣ ਵਾਲੇ ਦੋ ਕਿਸਾਨਾਂ ਖ਼ਿਲਾਫ਼ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ। ਇਹ ਜੁਰਮਾਨਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੋਹਾਲੀ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਡੇਰਾਬਸੀ ਹਲਕੇ ਦੇ ਹਮਾਯੂੰਪੁਰ, ਬਸੌਲੀ ਤੇ ਰੌਣੀ ਵਿਖੇ ਪਰਾਲੀ ਨੂੰ ਅੱਗ ਲਾਉਣ ਦੀ 1-1 ਘਟਨਾ ਸਾਹਮਣੇ ਆ ਚੁੱਕੀ ਹੈ।
ਦੋ ਏਕੜ ਤੋਂ ਘੱਟ ਜਗ੍ਹਾ ਦੀ ਮਾਲਕੀ ’ਚ ਅੱਗ ਲਾਉਣ ਵਾਲੇ ਕਿਸਾਨ ਨੂੰ 2500 ਰੁਪਏ ਪ੍ਰਤੀ ਵਾਕਾ, ਦੋ ਏਕੜ ਤੋਂ ਪੰਜ ਏਕੜ ਤੱਕ ਦੇ ਰਕਬੇ ’ਚ ਅੱਗ ਲਗਾਉਣ ਵਾਲੇ ਕਿਸਾਨ ਨੂੰ 5000 ਰੁਪਏ ਪ੍ਰਤੀ ਵਾਕਾ ਤੇ ਪੰਜ ਏਕੜ ਤੋਂ ਵੱਧ ਜਗ੍ਹਾ ’ਚ ਅੱਗ ਲਾਉਣ ਵਾਲੇ ਕਿਸਾਨ ਨੂੰ 15,000 ਰੁਪਏ ਪ੍ਰਤੀ ਵਾਕਾ ਜੁਰਮਾਨਾ ਕੀਤਾ ਜਾਵੇਗਾ।
ਪਿੰਡ ਮੁਸਾਹਿਬਪੁਰ ਨੇੜੇ ਵਾਪਰਿਆ ਹਾਦਸਾ, ਦੋ ਸਕੇ ਭਰਾਵਾਂ ਦੀ ਹੋਈ ਮੌਤ
NEXT STORY