ਮੋਹਾਲੀ (ਰਣਬੀਰ) : ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਨੇ ਜ਼ਿਲ੍ਹੇ ’ਚ ਦੀਵਾਲੀ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ, ਕ੍ਰਿਸਮਸ ਅਤੇ ਨਵੇਂ ਸਾਲ ਲਈ ਆਤਿਸ਼ਬਾਜ਼ੀ ਦੀ ਵਰਤੋਂ ’ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਜਨਤਕ ਹਿੱਤ ’ਚ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ (ਬੀ. ਐੱਨ. ਐੱਨ. ਐੱਸ) ਦੀ ਧਾਰਾ-163 ਅਧੀਨ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵਿਗਿਆਨ, ਟੈਕਨਾਲੋਜੀ ਤੇ ਵਾਤਾਵਰਨ ਵਿਭਾਗ ਵੱਲੋਂ 18 ਸਤੰਬਰ ਨੂੰ ਜਾਰੀ ਕੀਤੀਆਂ ਵਿਸਤ੍ਰਤ ਹਦਾਇਤਾਂ ਅਨੁਸਾਰ ਹੀ ਆਤਿਸ਼ਬਾਜੀ ਹੋਵੇਗੀ। ਤਿਉਹਾਰਾਂ ਦੌਰਾਨ ਵਪਾਰੀਆਂ ਵੱਲੋਂ ਪਟਾਕਿਆਂ ਦੀ ਖ਼ਰੀਦ, ਵਿਕਰੀ ਤੇ ਸਟੋਰੇਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸ ਲਈ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਲਾਜ਼ਮੀ ਹੈ। ਮਨਾਹੀ ’ਤੇ ਮਨਜ਼ੂਰੀ ਸਬੰਧੀ ਹਦਾਇਤਾਂ ’ਚ ਲੜੀਵਾਰ ਪਟਾਕਿਆਂ (ਸੀਰੀਜ਼ ਜਾਂ ਲਾਰੀਆਂ) ਦੇ ਨਿਰਮਾਣ, ਸਟੋਰੇਜ, ਵੰਡ, ਵਿਕਰੀ ਤੇ ਵਰਤੋਂ ’ਤੇ ਪਾਬੰਦੀ ਰਹੇਗੀ। ਸਿਰਫ਼ ਗ੍ਰੀਨ ਪਟਾਕੇ ਜੋ ਬੇਰੀਅਮ ਸਾਲਟ, ਐਂਟੀਮੈਨੀ, ਲਿਥੀਅਮ, ਪਾਰਾ, ਆਰਸੈਨਿਕ, ਲੀਡ ਜਾਂ ਸਟਰੋਂਟੀਅਮ ਕ੍ਰੋਮੇਟ ਵਰਗੇ ਰਸਾਇਣਾਂ ਦੀ ਵਰਤੋਂ ਨਹੀਂ ਕਰਦੇ, ਹੀ ਵਿਕਰੀ ਤੇ ਵਰਤੋਂ ਲਈ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ ਸਿਰਫ਼ ਲਾਇਸੈਂਸਸ਼ੁਦਾ ਵਿਕਰੇਤਾ ਹੀ ਮਨਜ਼ੂਰਸ਼ੁਦਾ ਪਟਾਕੇ ਵੇਚ ਸਕਣਗੇ। ਦੀਵਾਲੀ ’ਤੇ (20 ਅਕਤੂਬਰ) ਸ਼ਾਮ 8 ਤੋਂ ਰਾਤ 10 ਵਜੇ ਤੱਕ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ (5 ਨਵੰਬਰ) ਸਵੇਰੇ 4 ਤੋਂ 5 ਵਜੇ ਤੇ ਸ਼ਾਮ 9 ਤੋਂ 10 ਵਜੇ, ਕ੍ਰਿਸਮਸ ਮੌਕੇ (25 ਤੇ 26 ਦਸੰਬਰ) ਰਾਤ 11:55 ਤੋਂ 12:30 ਵਜੇ ਤੱਕ, ਨਵੇਂ ਸਾਲ ਮੌਕੇ (31 ਦਸੰਬਰ-1 ਜਨਵਰੀ) ਰਾਤ 11:55 ਤੋਂ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 3 ਘੰਟੇ ਭਾਰੀ! ਤੂਫ਼ਾਨ ਨਾਲ ਭਾਰੀ ਮੀਂਹ ਦੀ ਚਿਤਾਵਨੀ, ਸਾਵਧਾਨ ਰਹਿਣ ਲੋਕ
ਸਿਰਫ਼ ਗ੍ਰੀਨ ਪਟਾਕੇ ਹੀ ਚੱਲਣਗੇ
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕਮਿਊਨਿਟੀ ਫਾਇਰ ਕਰੈਕਿੰਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤੇ ਇਸ ਲਈ ਵਿਸ਼ੇਸ਼ ਖੇਤਰਾਂ ਦੀ ਪਛਾਣ ਪਹਿਲਾਂ ਤੋਂ ਕੀਤੀ ਜਾਵੇਗੀ। ਈ-ਕਾਮਰਸ ਵੈੱਬਸਾਈਟਾਂ (ਜਿਵੇਂ ਕਿ ਫਲਿਪਕਾਰਟ, ਐਮਾਜ਼ਨ ਆਦਿ) ਵੱਲੋਂ ਪਟਾਕਿਆਂ ਦੀ ਆਨਲਾਈਨ ਵਿਕਰੀ ਦੀ ਮਨਾਹੀ ਹੋਵੇਗੀ। ਪੁਲਸ ਤੇ ਪ੍ਰਦੂਸ਼ਣ ਵਿਭਾਗ ਵੱਲੋਂ ਨਿਰਦੇਸ਼ਾਂ ਦੀ ਸਖ਼ਤ ਪਾਲਣਾ ਯਕੀਨੀ ਬਣਾਈ ਜਾਵੇਗੀ। ਸਿਰਫ਼ ਮਨਜ਼ੂਰਸ਼ੁਦਾ ਸਮੇਂ ਤੇ ਸਥਾਨਾਂ ’ਤੇ ਹੀ ਗ੍ਰੀਨ ਪਟਾਕੇ ਚਲਾਏ ਜਾ ਸਕਣਗੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ! ਸਕੂਲ, ਕਾਲਜ ਅਤੇ ਦਫ਼ਤਰ ਰਹਿਣਗੇ ਬੰਦ
2 ਜਨਵਰੀ 2026 ਤੱਕ ਹਦਾਇਤਾਂ
ਉਦਯੋਗ ਅਤੇ ਵਣਜ ਵਿਭਾਗ ਦੇ ਧਮਾਕੇਖੇਜ ਨਿਯਮਾਂ 2008 ਤਹਿਤ ਨਿਰਪੱਖ ਅਤੇ ਨਿਆਂਪੂਰਨ ਕਾਰਵਾਈ ਕੀਤੀ ਜਾਵੇਗੀ। ਏਅਰ ਕੁਆਲਿਟੀ ਨੂੰ ਧਿਆਨ ’ਚ ਰੱਖਦਿਆਂ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇਗੀ। ਸੁਪਰੀਮ ਕੋਰਟ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਡੀ. ਸੀ. ਨੇ ਦੱਸਿਆ ਕਿ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਾਤਾਵਰਣ (ਸੁਰੱਖਿਆ) ਐਕਟ-1986 ਦੀ ਧਾਰਾ-15 ਅਧੀਨ ਤੁਰੰਤ ਦੰਡਾਤਮਕ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੀ.ਐੱਨ.ਐੱਨ.ਐੱਸ. ਦੀਆਂ ਸਬੰਧਤ ਧਾਰਾਵਾਂ ਤਹਿਤ ਸ਼ਿਕੰਜਾ ਕਸਿਆ ਜਾਵੇਗਾ। ਇਹ ਹੁਕਮ 1 ਅਕਤੂਬਰ ਤੋਂ 2 ਜਨਵਰੀ 2026 ਤੱਕ ਲਾਗੂ ਰਹਿਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਮੌਕੇ ਪਟਾਕੇ ਸਟੋਰ ਕਰਨ ਤੇ ਵੇਚਣ ਲਈ ਆਰਜ਼ੀ ਲਾਇਸੈਂਸ 7 ਤੋਂ 11 ਅਕਤੂਬਰ ਤੱਕ ਕੀਤੇ ਜਾਣਗੇ ਪ੍ਰਾਪਤ
NEXT STORY