ਫਾਜ਼ਿਲਕਾ, (ਨਾਗਪਾਲ)- ਜ਼ਿਲਾ ਫਾਜ਼ਿਲਕਾ ਪੁਲਸ ਵੱਲੋਂ ਅੱਜ ਕਰਵਾਈ ਗਈ ਪੰਜਾਬ ਮਿੰਨੀ ਮੈਰਾਥਨ ਦੌਰਾਨ ਇਕ ਵਿਦਿਆਰਥੀ ਤੇ ਵਿਦਿਆਰਥਣ ਦੇ ਡਿੱਗ ਜਾਣ ਦੀ ਖਬਰ ਮਿਲੀ ਹੈ।ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਰਾਜਿੰਦਰ ਕੌਰ ਵਾਸੀ ਪਿੰਡ ਝੁਰੜਖੇੜਾ ਅਬੋਹਰ ਨੇ ਦੱਸਿਆ ਕਿ ਉਹ ਗੁਰੂ ਨਾਨਕ ਕਾਲਜ ਅਬੋਹਰ ਦੀ ਵਿਦਿਆਰਥਣ ਹੈ ਤੇ ਅੱਜ ਜ਼ਿਲਾ ਫਾਜ਼ਿਲਕਾ ਪੁਲਸ ਵੱਲੋਂ ਨਸ਼ਿਆਂ ਖਿਲਾਫ਼ ਕਰਵਾਈ ਗਈ 'ਦੌੜਤਾ ਪੰਜਾਬ' ਨਾਮਕ ਮਿੰਨੀ ਮੈਰਾਥਨ ਦੋੜ ਵਿਚ ਹਿੱਸਾ ਲੈਣ ਲਈ ਆਈ ਸੀ। ਇਹ ਦੌੜ ਪੁਲਸ ਲਾਈਨਜ਼ ਫਾਜ਼ਿਲਕਾ ਦੇ ਪਰੇਡ ਗ੍ਰਾਊਂਡ ਤੋਂ ਸ਼ੁਰੂ ਹੋਕੇ 7 ਕਿਲੋਮੀਟਰ ਦੂਰ ਸਰਹੱਦੀ ਪਿੰਡ ਆਸਫ਼ ਵਾਲਾ 'ਚ 1971 ਦੀ ਭਾਰਤ ਪਾਕਿਸਤਾਨ ਜੰਗ 'ਚ ਸ਼ਹੀਦ ਹੋਏ ਸੈਨਿਕ ਅਧਿਕਾਰੀਆਂ ਤੇ ਜਵਾਨਾਂ ਦੀ ਯਾਦ 'ਚ ਬਣੀ ਸ਼ਹੀਦਾਂ ਦੀ ਸਮਾਧੀ 'ਤੇ ਜਾਕੇ ਖ਼ਤਮ ਹੋਣੀ ਸੀ।
ਉਸਨੇ ਦੱਸਿਆ ਕਿ ਜਦੋਂ ਉਹ ਦੌੜ ਦੌਰਾਨ ਪਿੰਡ ਆਸਫ਼ਵਾਲਾ ਤੋਂ ਲਗਭਗ ਦੋ ਕਿਲੋਮੀਟਰ ਦੂਰੀ 'ਤੇ ਸੀ ਤਾਂ ਗਰਮੀ ਕਾਰਨ ਉਹ ਸੜਕ 'ਤੇ ਡਿੱਗ ਗਈ, ਜਿਸ ਤੋਂ ਬਾਅਦ ਉਸਨੂੰ ਸਿਹਤ ਵਿਭਾਗ ਦੀ ਏ. ਸੀ. ਐਂਬੂਲੈਂਸ 'ਚ ਬਿਠਾਕੇ ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਦੌੜ ਦੌਰਾਨ ਡਿਊਟੀ ਕਰ ਰਹੇ ਸਿਹਤ ਵਿਭਾਗ ਦੇ ਫਾਰਮਾਸਿਸਟ ਸੁਨੀਲ ਸੇਠੀ ਨੇ ਦੱਸਿਆ ਕਿ ਡਿੱਗਣ 'ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਉਕਤ ਲੜਕੀ ਨੂੰ ਓ. ਆਰ. ਐੱਸ. ਦਾ ਘੋਲ ਪਿਲਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਕ ਵਿਦਿਆਰਥੀ ਵੀ ਦੌੜ ਦੌਰਾਨ ਡਿੱਗ ਗਿਆ ਸੀ, ਉਸਨੂੰ ਵੀ ਇਲਾਜ ਲਈ ਸਥਾਨਕ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਸੀ, ਜੋ ਕੁਝ ਸਮੇਂ ਬਾਅਦ ਹਸਪਤਾਲ ਤੋਂ ਚਲਾ ਗਿਆ।
ਸਰਹਾਲਾ ਰਾਣੂੰਆਂ ਵਿਖੇ ਘਰ 'ਚ ਲੱਗੀ ਅੱਗ
NEXT STORY