ਚੰਡੀਗੜ੍ਹ (ਰੋਹਿਲਾ) : ਡੱਡੂਮਾਜਰਾ ਸਥਿਤ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-38 'ਚ ਐਤਵਾਰ ਦੇਰ ਰਾਤ ਸਕੂਲ 'ਚੋਂ ਕੱਢੇ ਗਏ ਵਿਦਿਆਰਥੀ ਨੇ ਆਪਣੇ ਸਾਥੀ ਨਾਲ ਦਾਖਲ ਹੋ ਕੇ ਖੂਬ ਹੰਗਾਮਾ ਕੀਤਾ ਅਤੇ ਸਕੂਲ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਦੋਵੇਂ ਲੜਕੇ ਪੂਰੀ ਤਰ੍ਹਾਂ ਨਸ਼ੇ 'ਚ ਟੱਲੀ ਸਨ। ਉਨ੍ਹਾਂ ਨੇ ਪਹਿਲਾਂ ਤਾਂ ਐਂਟਰੀ ਗੇਟ 'ਤੇ ਪਏ ਗਮਲਿਆਂ ਨੂੰ ਭੰਨਿਆ ਅਤੇ ਫਿਰ ਦੋਵੇਂ ਸਕੂਲ ਦੀ ਇਮਾਰਤ 'ਚ ਲੱਗੇ 4 ਪੱਖੇ ਤੋੜ ਦਿੱਤੇ।
ਜਾਣਕਾਰੀ ਮੁਤਾਬਿਕ ਜਿਨ੍ਹਾਂ ਨੇ ਭੰਨ-ਤੋੜ ਕੀਤੀ ਹੈ, ਉਨ੍ਹਾਂ 'ਚ ਇਕ 18 ਸਾਲਾ ਕਿਸ਼ਨ ਹੈ, ਜੋ ਇਸੇ ਸਕੂਲ ਦਾ ਵਿਦਿਆਰਥੀ ਰਹਿ ਚੁੱਕਾ ਹੈ। ਉਸਨੂੰ ਗਲਤ ਹਰਕਤਾਂ ਕਾਰਨ ਸਕੂਲ 'ਚੋਂ ਕੱਢ ਦਿੱਤਾ ਗਿਆ ਸੀ। ਦੂਜੇ ਲੜਕੇ ਦੀ ਪਛਾਣ ਡੱਡੂਮਾਜਰਾ ਦੇ ਰਹਿਣ ਵਾਲੇ ਚਿੰਟੂ ਦੇ ਰੂਪ 'ਚ ਹੋਈ ਹੈ, ਜੋ ਇਸੇ ਸਕੂਲ ਦਾ ਪੁਰਾਣਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਇਸ ਨੂੰ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੋਣ ਕਾਰਨ ਸਕੂਲੋਂ ਕੱਢ ਦਿੱਤਾ ਗਿਆ ਸੀ। ਪੁਲਸ ਮੁਤਾਬਿਕ ਕਿਸ਼ਨ 'ਤੇ ਮਰਡਰ ਤੇ ਰੇਪ ਦਾ ਕੇਸ ਵੀ ਦਰਜ ਹੈ ਪਰ ਨਾਬਾਲਿਗ ਹੋਣ ਕਾਰਨ ਉਸਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਸੀ, ਜਿਥੋਂ ਬਾਹਰ ਆਉਂਦੇ ਹੀ ਉਹ ਮੁੜ ਤੋਂ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੋ ਗਿਆ।
ਪ੍ਰਿੰਸੀਪਲ ਚਿਤਰੰਜਨ ਸਿੰਘ ਮੁਤਾਬਿਕ ਕਿਸ਼ਨ ਕੰਧ ਟੱਪ ਕੇ ਸਕੂਲ 'ਚ ਵੜਦਾ ਸੀ ਅਤੇ ਵਿਦਿਆਰਥੀਆਂ ਨੂੰ ਚਾਕੂ ਦਿਖਾ ਕੇ ਡਰਾਉਂਦਾ ਸੀ, ਜਿਸ ਕਾਰਨ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਡਰੇ ਹੋਏ ਰਹਿੰਦੇ ਸਨ ਅਤੇ ਉਸਦੇ ਖਿਲਾਫ ਆਵਾਜ਼ ਨਹੀਂ ਉਠਾਉਂਦੇ ਸਨ। ਪ੍ਰਿੰਸੀਪਲ ਮੁਤਾਬਿਕ ਇਸ ਭੰਨ-ਤੋੜ 'ਚ ਸਕੂਲ ਦੀ ਕਰੀਬ 70 ਹਜ਼ਾਰ ਰੁਪਏ ਤਕ ਦੀ ਸੰਪਤੀ ਦਾ ਨੁਕਸਾਨ ਹੋਇਆ ਹੈ। ਇਸ 'ਚ 4 ਪੱਖੇ, ਛੋਟੇ-ਵੱਡੇ ਗਮਲੇ ਅਤੇ ਹੋਰ ਜਾਇਦਾਦ ਸ਼ਾਮਲ ਹੈ। ਉਨ੍ਹਾਂ ਮੁਤਾਬਿਕ ਸਕੂਲ 'ਚ 125 ਦੇ ਕਰੀਬ ਛੋਟੇ ਤੇ 25 ਵੱਡੇ ਗਮਲੇ ਸਨ। ਗਮਲਿਆਂ 'ਚ ਲਗਾਏ ਗਏ ਬੂਟੇ ਵੀ ਕਾਫੀ ਮਹਿੰਗੇ ਸਨ।
ਸਕਿਓਰਿਟੀ ਗਾਰਡ ਸੰਜੂ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਉਸਨੂੰ ਰੌਲਾ ਸੁਣਾਈ ਦਿੱਤਾ। ਇਸ ਤੋਂ ਬਾਅਦ ਦੋ ਲੜਕੇ ਸਕੂਲ 'ਚ ਵੜੇ, ਜਿਨ੍ਹਾਂ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ। ਜਿਵੇਂ ਹੀ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਤਾਂ ਲੜਕਿਆਂ ਨੇ ਉਸਨੂੰ ਮਾਰਨ ਲਈ ਗਮਲਾ ਚੁੱਕਿਆ। ਸੰਜੂ ਨੇ ਉਥੋਂ ਭੱਜ ਕੇ ਜਾਨ ਬਚਾਈ ਅਤੇ ਫਿਰ 100 ਨੰਬਰ 'ਤੇ ਫੋਨ ਕਰਕੇ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਕਰੀਬ 15-20 ਮਿੰਟ ਦੋਵੇਂ ਲੜਕਿਆਂ ਨੇ ਸਕੂਲ 'ਚ ਭੰਨ-ਤੋੜ ਕੀਤੀ ਅਤੇ ਪੁਲਸ ਦੇ ਉਥੇ ਪਹੁੰਚਦੇ ਹੀ ਦੋਵੇਂ ਕੰਧ ਟੱਪ ਕੇ ਫਰਾਰ ਹੋ ਗਏ।
ਉਥੇ ਹੀ ਇੰਨੀ ਵੱਡੀ ਘਟਨਾ ਹੋਣ ਤੋਂ ਬਾਅਦ ਵੀ ਸਿੱਖਿਆ ਵਿਭਾਗ ਦਾ ਇਕ ਵੀ ਅਧਿਕਾਰੀ ਸਕੂਲ 'ਚ ਜਾਇਜ਼ਾ ਲੈਣ ਨਹੀਂ ਪਹੁੰਚਿਆ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਇਸ ਘਟਨਾ ਦੀ ਜਾਣਕਾਰੀ ਸਿੱਖਿਆ ਵਿਭਾਗ ਅਤੇ 'ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ' ਨੂੰ ਵੀ ਦਿੱਤੀ ਹੈ। ਪ੍ਰਿੰਸੀਪਲ ਨੇ ਦੱਸਿਆ ਕਿਸ਼ਨ ਨੂੰ ਸਕੂਲ 'ਚੋਂ ਕੱਢਿਆ ਜਾ ਚੁੱਕਾ ਸੀ ਪਰ ਫਿਰ ਵੀ ਉਹ ਸਕੂਲ ਦੀ ਕੰਧ ਟੱਪ ਕੇ ਸਕੂਲ 'ਚ ਵੜ ਜਾਂਦਾ ਸੀ ਅਤੇ ਕਲਾਸ 'ਚ ਜਾ ਕੇ ਵਿਦਿਆਰਥੀਆਂ ਨੂੰ ਦੱਸਦਾ ਸੀ ਕਿ ਕਿਵੇਂ ਉਸਨੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ। ਸਕੂਲ ਦੇ ਅਧਿਆਪਕ ਵੀ ਉਸ ਤੋਂ ਡਰਦੇ ਸਨ ਕਿਉਂਕਿ ਉਹ ਇਕ ਅਧਿਆਪਕ 'ਤੇ ਪੱਥਰ ਨਾਲ ਵਾਰ ਕਰ ਚੁੱਕਾ ਸੀ।
ਭੜਕੇ ਅਧਿਆਪਕਾਂ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ
NEXT STORY