ਲਹਿਰਾਗਾਗਾ, (ਜਿੰਦਲ, ਗਰਗ)- ਸੂਬਾ ਸਰਕਾਰ ਸਰਕਾਰੀ ਸਕੂਲਾਂ 'ਚ ਵਧੀਆ ਵਿੱਦਿਅਕ ਸਹੂਲਤਾਂ ਦੇਣ ਦੇ ਵੱਡੇ-ਵੱਡੇ ਬਿਆਨ ਦਿੰਦੀ ਨਹੀਂ ਥੱਕਦੀ ਪਰ ਇਹ ਬਿਆਨ ਸਰਕਾਰੀ ਸੀਨੀਅਰ ਮਾਡਲ ਸਕੂਲ ਲਹਿਲ ਕਲਾਂ ਦਾ ਹਾਲ ਦੇਖ ਕੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਲੱਗਦੇ ਹਨ।
ਅਧਿਆਪਕਾਂ ਦੀ ਘਾਟ
ਇਹ ਸਕੂਲ, ਜੋ ਸੀ. ਬੀ. ਐੱਸ. ਈ. (ਦਿੱਲੀ) ਤੋਂ ਮਾਨਤਾ ਪ੍ਰਾਪਤ ਹੈ, 'ਚ ਅਧਿਆਪਕਾਂ ਦੀ ਵੱਡੀ ਘਾਟ ਹੈ। ਪਿੰਡ ਦੀ ਸਰਪੰਚ ਸਰਬਜੀਤ ਕੌਰ, ਸਾਬਕਾ ਸਰਪੰਚ ਰਣਜੀਤ ਸਿੰਘ ਬਾਲੀਆਂ, ਸਤਿਗੁਰ ਸਿੰਘ ਦੰਦੀਵਾਲ, ਬਲਜੀਤ ਸਿੰਘ ਪੰਚ, ਬੀਰਬਲ ਸਿੰਘ, ਜੱਗਾ ਜ਼ੈਲਦਾਰ, ਸਕੂਲ ਕਮੇਟੀ ਦੇ ਚੇਅਰਮੈਨ ਰਾਮ ਸਿੰਘ, ਜਗਦੀਸ਼ ਰਾਏ, ਰੂਪ ਸਿੰਘ ਆਦਿ ਨੇ ਦੱਸਿਆ ਕਿ ਇਸ ਸਕੂਲ 'ਚ ਨੇੜਲੇ ਪਿੰਡਾਂ ਦੇ ਗਰੀਬ ਪਰਿਵਾਰਾਂ ਨਾਲ ਸੰਬੰਧਤ 390 ਬੱਚੇ ਪੜ੍ਹਨ ਲਈ ਆਉਂਦੇ ਹਨ ਪਰ ਸਕੂਲ 'ਚ ਅਧਿਆਪਕਾਂ ਦੀ ਘਾਟ ਕਾਰਨ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਅਧਿਆਪਕਾਂ ਦੀ ਘਾਟ ਸੰਬੰਧੀ ਪੰਚਾਇਤ ਤੇ ਸਕੂਲ ਕਮੇਟੀ ਕਈ ਵਾਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮਿਲ ਚੁੱਕੀ ਹੈ ਪਰ ਮਾਮਲਾ ਹੱਲ ਨਹੀਂ ਹੋਇਆ।
ਪ੍ਰਿੰਸੀਪਲ ਡੈਪੂਟੇਸ਼ਨ 'ਤੇ
ਰਣਜੀਤ ਸਿੰਘ ਬਾਲੀਆਂ ਨੇ ਦੱਸਿਆ ਕਿ ਇਸ ਸਕੂਲ 'ਚ ਅਧਿਆਪਕਾਂ ਦੀਆਂ 26 ਆਸਾਮੀਆਂ ਹਨ, ਜਿਨ੍ਹਾਂ 'ਚੋਂ ਸਕੂਲ ਦੀ ਪਿੰ੍ਰਸੀਪਲ ਡੈਪੂਟੇਸ਼ਨ 'ਤੇ ਹੈ। ਗਣਿਤ ਦੇ ਅਧਿਆਪਕਾਂ ਦੀਆਂ 2 ਆਸਾਮੀਆਂ, ਅੰਗਰੇਜ਼ੀ ਲਈ 2, ਸਮਾਜਕ ਸਿੱਖਿਆ ਲਈ 2, ਕੰਪਿਊਟਰ ਸਾਇੰਸ ਲਈ 2, ਸਾਇੰਸ ਲਈ 2 ਤੇ ਲੈਕਚਰਾਰ ਦੀਆਂ 3 ਆਸਾਮੀਆਂ ਖਾਲੀ ਹਨ। ਇਸ ਤੋਂ ਇਲਾਵਾ ਕਲਰਕ ਦੀ ਆਸਾਮੀ ਵੀ ਖਾਲੀ ਹੈ।
ਪੰਚਾਇਤ ਨੇ ਆਪਣੇ ਤੌਰ 'ਤੇ ਰੱਖੇ 4 ਅਧਿਆਪਕ
ਪੰਚਾਇਤ ਤੇ ਸਕੂਲ ਕਮੇਟੀ ਨੇ 4 ਪ੍ਰਾਈਵੇਟ ਅਧਿਆਪਕ ਰੱਖੇ ਹੋਏ ਹਨ, ਜਿਨ੍ਹਾਂ ਨੂੰ ਤਨਖਾਹ ਪੰਚਾਇਤ ਤੇ ਵਿਦਿਆਰਥੀਆਂ ਤੋਂ ਇਕੱਠੀ ਕਰ ਕੇ ਦਿੱਤੀ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਕੋਈ ਅਸਰ ਨਾ ਪਵੇ। ਮਾਰਚ ਮਹੀਨੇ 'ਚ ਵਿਦਿਆਰਥੀਆਂ ਦੀ ਪ੍ਰੀਖਿਆ ਹੈ ਤੇ ਪੜ੍ਹਾਈ ਨਾ ਹੋਣ ਕਾਰਨ ਨਤੀਜੇ 'ਤੇ ਮਾੜਾ ਅਸਰ ਪਵੇਗਾ।
ਸੰਘਰਸ਼ ਵਿੱਢਣ ਦੀ ਚਿਤਾਵਨੀ
ਉਨ੍ਹਾਂ ਸਿੱਖਿਆ ਵਿਭਾਗ ਤੇ ਸਰਕਾਰ ਤੋਂ ਮੰਗ ਕੀਤੀ ਤੁਰੰਤ ਸਕੂਲ 'ਚ ਅਧਿਆਪਕ ਭੇਜੇ ਜਾਣ ਨਹੀਂ ਤਾਂ ਪੰਚਾਇਤ, ਸਕੂਲ ਕਮੇਟੀ ਤੇ ਵਿਦਿਆਰਥੀਆਂ ਦੇ ਪਰਿਵਾਰ ਜਨਵਰੀ ਦੇ ਪਹਿਲੇ ਹਫਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਕੀ ਕਹਿੰਦੇ ਹਨ ਵਿਭਾਗ ਦੇ ਅਧਿਕਾਰੀ
ਜਦੋਂ ਇਸ ਸੰਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਵਿਸ਼ਿਆਂ ਦੇ ਅਧਿਆਪਕਾਂ ਦੀ ਸਕੂਲ 'ਚ ਘਾਟ ਹੈ, ਉਨ੍ਹਾਂ ਦੀ ਜਾਣਕਾਰੀ ਹਾਸਲ ਕਰ ਕੇ ਘਾਟ ਨੂੰ ਪੂਰਾ ਕੀਤਾ ਜਾਵੇਗਾ।
4 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 2 ਫਰਾਰ
NEXT STORY