ਵਿਦਿਆਰਥੀਆਂ ਦਾ ਆਮ ਗਿਆਨ ਵਧਾਉਣ, ਉਨ੍ਹਾਂ ਨੂੰ ਦੇਸ਼-ਵਿਦੇਸ਼ ਦੀਆਂ ਘਟਨਾਵਾਂ ਤੋਂ ਜਾਣੂ ਕਰਵਾਉਣ, ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕਰਨ ਅਤੇ ਲੋਕਾਂ ਦੇ ਸਾਹਮਣੇ ਆਤਮਵਿਸ਼ਵਾਸ ਨਾਲ ਬੋਲਣ ਦੀ ਸਮਰੱਥਾ ’ਚ ਵਾਧਾ ਕਰਨ ਆਦਿ ਦੇ ਉਦੇਸ਼ ਨਾਲ ਇਸੇ ਸਾਲ 24 ਜੂਨ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਾਰੇ ਸਰਕਾਰੀ ਸਕੂਲਾਂ ਨੂੰ ਸਵੇਰ ਦੀਆਂ ਸਭਾਵਾਂ ’ਚ ਵਿਦਿਆਰਥੀ, ਵਿਦਿਆਰਥਣਾਂ ਵਲੋਂ ਰੋਜ਼ਾਨਾ ਅਖਬਾਰ ਪੜ੍ਹਨ ਦੇ ਸੈਸ਼ਨ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ ਸੀ।
ਅਤੇ ਹੁਣ ਉੱਤਰ ਪ੍ਰਦੇਸ਼ ਦੀ ‘ਯੋਗੀ ਸਰਕਾਰ’ ਨੇ ਵੀ ਰਾਜ ਦੇ ਸਾਰੇ ਸੈਕੰਡਰੀ ਅਤੇ ਬੇਸਿਕ ਸਰਕਾਰੀ ਸਕੂਲਾਂ ’ਚ ਵਿਦਿਆਰਥੀ-ਵਿਦਿਆਰਥਣਾਂ ਲਈ ਅਖਬਾਰ ਪੜ੍ਹਨਾ ਜ਼ਰੂਰੀ ਕਰ ਦਿੱਤਾ ਹੈ ਤਾਂ ਕਿ ਉਨ੍ਹਾਂ ’ਚ ਪੜ੍ਹਨ ਦੀਆਂ ਆਦਤਾਂ ਨੂੰ ਉਤਸ਼ਾਹ ਦੇ ਕੇ ਉਨ੍ਹਾਂ ’ਚ ਆਮ ਗਿਆਨ ਵਧਾਉਣ ਅਤੇ ਵਾਦ-ਵਿਵਾਦ ਦੀ ਸਮਰੱਥਾ ਵਿਕਸਤ ਕਰ ਕੇ ਉਨ੍ਹਾਂ ਨੂੰ ਭਵਿੱਖ ’ਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾਇਆ ਜਾ ਸਕੇ।
23 ਦਸੰਬਰ ਨੂੰ ਉੱਤਰ ਪ੍ਰਦੇਸ਼ ਸਰਕਾਰ ਦੇ ਚੀਫ ਸੈਕਟਰੀ ਬੇਸਿਕ ਅਤੇ ਸੈਕੰਡਰੀ ਸਿੱਖਿਆ ‘ਪਾਰਥਸਾਰਥੀ ਸੇਨ ਸ਼ਰਮਾ’ ਵਲੋਂ ਜਾਰੀ ਹੁਕਮ ’ਚ ਕਿਹਾ ਗਿਆ ਹੈ ਕਿ ਸੂਬੇ ’ਚ ਹਿੰਦੀ ਅਤੇ ਅੰਗਰੇਜ਼ੀ ਦੀਆਂ ਅਖਬਾਰਾਂ ਪੜ੍ਹਨ ਨੂੰ ਸਕੂਲਾਂ ’ਚ ਸਿੱਖਿਆ ਦੀ ਸੰਸਕ੍ਰਿਤੀ ਦਾ ਜ਼ਰੂਰੀ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ, ਤਾਂ ਕਿ ਵਿਦਿਆਰਥੀ-ਵਿਦਿਆਰਥਣਾਂ ਵਲੋਂ ਮੋਬਾਈਲ ਫੋਨਾਂ ’ਤੇ ਗੁਜ਼ਾਰੇ ਜਾਣ ਵਾਲੇ ਸਮੇਂ ’ਚ ਕਟੌਤੀ ਕੀਤੀ ਜਾ ਸਕੇ।
ਇਸ ਦੇ ਲਈ ਜਾਰੀ ਹੁਕਮ ’ਚ ਕਿਹਾ ਗਿਆ ਹੈ ਕਿ ਰੋਜ਼ਾਨਾ ਸਕੂਲ ਦੀ ਅਸੈਂਬਲੀ (ਪ੍ਰਾਰਥਨਾ ਸਭਾ) ’ਚ ਬੱਚਿਆਂ ਵਲੋਂ ਵਾਰੀ-ਵਾਰੀ ਅਖਬਾਰ ਪੜ੍ਹਨ ਲਈ 10 ਮਿੰਟ ਦਾ ਸਮਾਂ ਨਿਰਧਾਰਤ ਕੀਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਮਹੱਤਵਪੂਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਘਟਨਾਵਾਂ ਤੋਂ ਇਲਾਵਾ ਖੇਡ ਜਗਤ ਦੀ ਹਲਚਲ ਬਾਰੇ ਜਾਣਕਾਰੀ ਮਿਲ ਸਕੇ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਵਰਗ ’ਚ ਅਖਬਾਰ ਪੜ੍ਹਨ ਦੀ ਆਦਤ ਪਾਉਣ ਨਾਲ ਉਨ੍ਹਾਂ ਦੇ ਆਮ ਗਿਆਨ ’ਚ ਵਾਧਾ ਹੋਵੇਗਾ ਅਤੇ ਉਹ ਮੌਜੂਦਾ ਘਟਨਾਵਾਂ ਤੋਂ ਜਾਣੂ ਹੋ ਸਕਣਗੇ। ਇਹ ਗਿਆਨ ਉਨ੍ਹਾਂ ਨੂੰ ਆਪਣੇ ਬਾਅਦ ਦੇ ਜੀਵਨ ’ਚ ਅੱਗੇ ਵਧਣ ’ਚ ਸਹਾਇਤਾ ਦੇਵੇਗਾ ਅਤੇ ਉਨ੍ਹਾਂ ’ਚ ਚੰਗੇ-ਬੁਰੇ ਦੀ ਪਛਾਣ ਕਰਨ ਦੀ ਸਮਰੱਥਾ ਪੈਦਾ ਹੋਵੇਗੀ।
ਨਿਸ਼ਚਿਤ ਤੌਰ ’ਤੇ ਅਖਬਾਰਾਂ ਪੜ੍ਹਨ ਦੀ ਆਦਤ ਅੱਜ ਦੇ ਮੁਕਾਬਲੇਬਾਜ਼ੀ ਦੇ ਸੰਸਾਰ ’ਚ ਅੱਗੇ ਵਧਣ ’ਚ ਉਪਯੋਗੀ ਸਿੱਧ ਹੋ ਸਕਦੀ ਹੈ। ਇਸ ਲਈ ਸੂਬਾਈ ਸਰਕਾਰਾਂ ਨੂੰ ਵੀ ਆਪਣੇ ਸਕੂਲਾਂ ’ਚ ਇਹ ਵਿਵਸਥਾ ਕਰਨੀ ਚਾਹੀਦੀ ਹੈ।
-ਵਿਜੇ ਕੁਮਾਰ
‘ਅੱਤਵਾਦੀਆਂ ’ਤੇ ਨਜ਼ਰ ਰੱਖਣ ਲਈ’ ਜੰਮੂ ਦੇ ਪਿੰਡ ਵਾਸੀਆਂ ਨੂੰ ਹਥਿਆਰ ਟ੍ਰੇਨਿੰਗ!
NEXT STORY