ਲੁਧਿਆਣਾ(ਵਿੱਕੀ)- ਇਸ ਅਜੋਕੇ ਦੌਰ 'ਚ ਜਿੱਥੇ ਨੌਜਵਾਨ ਵਰਗ ਸਮਾਰਟ ਫੋਨ ਨੂੰ ਜੇਬ ਵਿਚ ਰੱਖ ਕੇ ਉਸ 'ਤੇ ਉਂਗਲੀਆਂ ਘੁਮਾਉਣ ਦਾ ਸ਼ੌਕ ਤਾਂ ਰੱਖਦਾ ਹੈ ਪਰ ਕਈ ਨੌਜਵਾਨ ਅਜਿਹੇ ਹਨ ਜੋ ਆਪਣੇ ਆਨਲਾਈਨ ਫਾਰਮ ਨੂੰ ਸਹੀ ਢੰਗ ਨਾਲ ਭਰਨਾ ਹੀ ਨਹੀਂ ਜਾਣਦੇ। ਇਸ ਗੱਲ ਦਾ ਪੁਖਤਾ ਸਬੂਤ ਹੈ ਐੱਸ. ਸੀ. ਡੀ. ਸਰਕਾਰੀ ਕਾਲਜ ਵਿਚ ਅੰਡਰ ਗ੍ਰੈਜੂਏਟ ਕਲਾਸਾਂ ਦੀ ਦਾਖਲਾ ਪ੍ਰਕਿਰਿਆ ਲਈ ਸ਼ੁਰੂ ਹੋਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ। ਇਸ ਪ੍ਰਕਿਰਿਆ ਵਿਚ ਹਿੱਸਾ ਲੈ ਕੇ 1400 ਦੇ ਕਰੀਬ ਵਿਦਿਆਰਥੀ ਅਜਿਹੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਆਪਣੇ ਦਾਖਲਾ ਫਾਰਮ ਸਹੀ ਢੰਗ ਨਾਲ ਨਹੀਂ ਭਰੇ, ਜਿਸ ਕਾਰਨ ਕਾਲਜ ਨੇ ਉਨ੍ਹਾਂ ਵਿਦਿਆਰਥੀਆਂ ਦੇ ਫਾਰਮਾਂ ਨੂੰ ਅਨਕੰਪਲੀਟ ਐਪਲੀਕੇਸ਼ਨ ਲਿਸਟ ਵਿਚ ਪਾ ਦਿੱਤਾ ਹੈ। ਇਹੀ ਨਹੀਂ, ਕਾਲਜ ਨੇ ਬਾਕਾਇਦਾ ਆਪਣੀ ਵੈੱਬਸਾਈਟ 'ਤੇ ਇਸ ਲਿਸਟ ਨੂੰ ਅਪਲੋਡ ਕਰ ਕੇ ਲਿਖਿਆ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਫਾਰਮ ਪੂਰੇ ਨਹੀਂ ਭਰੇ, ਜਿਸ ਕਾਰਨ ਉਕਤ ਵਿਦਿਆਰਥੀ ਕਿਸੇ ਵੀ ਕਲਾਸ ਦੀ ਦਾਖਲਾ ਸੂਚੀ ਵਿਚ ਸ਼ਾਮਲ ਨਹੀਂ ਕੀਤੇ ਜਾ ਸਕਦੇ।
ਇਨ੍ਹਾਂ ਕਮੀਆਂ ਨੇ ਅਨਕੰਪਲੀਟ ਲਿਸਟ 'ਚ ਸ਼ਾਮਲ ਕਰਵਾਏ ਫਾਰਮ
ਜਾਣਕਾਰੀ ਮੁਤਾਬਕ ਐੱਸ. ਸੀ. ਡੀ. ਸਰਕਾਰੀ ਕਾਲਜ ਵਿਚ ਅੰਡਰ ਗ੍ਰੈਜੂਏਟ ਕਲਾਸਾਂ ਦੇ ਪਹਿਲੇ ਸਾਲ ਵਿਚ ਦਾਖਲੇ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਆਨਲਾਈਨ ਪ੍ਰਕਿਰਿਆ ਸ਼ੁੱਕਰਵਾਰ ਰਾਤ 12 ਵਜੇ ਬੰਦ ਹੋ ਰਹੀ ਹੈ। ਅਜਿਹੇ ਵਿਚ ਜਿਨ੍ਹਾਂ ਵਿਦਿਆਰਥੀਆਂ ਦੇ ਆਨਲਾਈਨ ਫਾਰਮਾਂ 'ਚ ਤਰੁੱਟੀਆਂ ਹਨ, ਕਾਲਜ ਨੇ ਉਨ੍ਹਾਂ ਨੂੰ ਵੈੱਬਸਾਈਟ 'ਤੇ ਹੀ ਦਿੱਤੇ ਲਿੰਕ ਵਿਚ ਅਨਕੰਪਲੀਟ ਫਾਰਮ ਦੀ ਸੂਚੀ ਵਿਚ ਪਾ ਦਿੱਤਾ ਹੈ ਤਾਂ ਕਿ ਵਿਦਿਆਰਥੀ ਇਸ ਨੂੰ ਦਰੁਸਤ ਕਰ ਲੈਣ। ਇਨ੍ਹਾਂ ਫਾਰਮਾਂ ਵਿਚ ਜੋ ਜ਼ਿਆਦਾਤਰ ਤਰੁੱਟੀਆਂ ਸਾਹਮਣੇ ਆਈਆਂ ਹਨ, ਉਨ੍ਹਾਂ ਵਿਚ ਵਿਦਿਆਰਥੀਆਂ ਨੇ ਆਪਣੀ ਨਿੱਜੀ ਜਾਣਕਾਰੀ, ਪਿਛਲੀ ਕਲਾਸ ਦੀ ਡਿਟੇਲ ਤੋਂ ਇਲਾਵਾ ਜਿਸ ਕਲਾਸ ਵਿਚ ਦਾਖਲਾ ਲੈਣਾ ਹੈ, ਉਸ ਸਬੰਧੀ ਵੀ ਵੇਰਵਾ ਨਹੀਂ ਦਿੱਤਾ।
400 ਵਿਦਿਆਰਥੀਆਂ ਦੇ ਫਾਰਮ ਇਨਵੇਲਿਡ ਲਿਸਟ ਵਿਚ
ਇੱਥੇ ਹੀ ਬੱਸ ਨਹੀਂ ਕਈ ਵਿਦਿਆਰਥੀ ਅਜਿਹੇ ਵੀ ਹਨ, ਜਿਨ੍ਹਾਂ ਦੇ ਦਾਖਲਾ ਫਾਰਮਾਂ ਨੂੰ ਇਨਵੈਲਿਡ ਸੂਚੀ ਵਿਚ ਸ਼ਾਮਲ ਕਰ ਕੇ ਇਨ੍ਹਾਂ ਦੀ ਵੱਖਰੀ ਲਿਸਟ ਬਣਾਈ ਗਈ ਹੈ। ਕਾਲਜ ਦੇ ਕੰਪਿਊਟਰ ਵਿਭਾਗ ਦੇ ਪ੍ਰੋ. ਵਰੁਣ ਨੇ ਦੱਸਿਆ ਕਿ ਇਨਵੈਲਿਡ ਲਿਸਟ ਵਿਚ ਸ਼ਾਮਲ ਕੀਤੇ ਗਏ ਵਿਦਿਆਰਥੀਆਂ ਨੇ ਆਪਣੇ ਫਾਰਮ ਸਹੀ ਨਹੀਂ ਭਰੇ। ਇਸ ਲਈ ਜਿਨ੍ਹਾਂ ਵਿਦਿਆਰਥੀਆਂ ਦੇ ਨਾਂ ਇਸ ਲਿਸਟ ਵਿਚ ਸ਼ਾਮਲ ਹਨ, ਨੂੰ ਆਪਣੇ ਫਾਰਮ 'ਚ ਸੋਧ ਕਰਨੀ ਹੋਵੇਗੀ। ਇਸ ਸੂਚੀ ਵਿਚ ਅੰਡਰ ਗ੍ਰੈਜੂਏਟ ਕਲਾਸਾਂ ਦੇ ਕਰੀਬ 400 ਵਿਦਿਆਰਥੀਆਂ ਦੇ ਫਾਰਮ ਸ਼ਾਮਲ ਹਨ। ਇਨ੍ਹਾਂ ਵਿਚ ਬੀ. ਏ. ਦੇ 143, ਬੀ. ਕਾਮ ਦੇ 135, ਬੀ. ਬੀ. ਏ. ਅਤੇ ਬੀ. ਸੀ. ਏ. ਅਤੇ ਬੀ. ਸੀ. ਏ. ਦੇ 61 ਵਿਦਿਆਰਥੀ ਸ਼ਾਮਲ ਹਨ। ਇਸ ਤੋਂ ਇਲਾਵਾ ਬੀ. ਐੱਸ. ਸੀ. ਮੈਡੀਕਲ ਅਤੇ ਨਾਨ-ਮੈਡੀਕਲ ਦੇ ਵਿਦਿਆਰਥੀ ਵੀ ਇਸ ਵਿਚ ਸ਼ਾਮਲ ਹਨ।
30 ਜੂਨ ਨੂੰ ਲੱਗੇਗੀ ਟੈਂਟੇਟਿਵ ਰੈਂਕਿੰਗ ਲਿਸਟ
ਉਧਰ ਅੰਡਰ ਗ੍ਰੈਜੂਏਟ ਕਲਾਸਾਂ ਦੇ ਪਹਿਲੇ ਸਾਲ ਵਿਚ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 29 ਜੂਨ ਨੂੰ ਰਾਤ 12 ਵਜੇ ਬੰਦ ਹੋ ਜਾਵੇਗੀ। ਕਾਲਜ ਤੋਂ ਮਿਲੀ ਜਾਣਕਾਰੀ ਮੁਤਾਬਕ 30 ਜੂਨ ਨੂੰ ਪਹਿਲੀ ਟੈਂਟੇਟਿਵ ਰੈਂਕਿੰਗ ਲਿਸਟ ਲਾ ਦਿੱਤੀ ਜਾਵੇਗੀ। ਇਸ ਲਿਸਟ ਨੂੰ ਦੇਖਣ ਤੋਂ ਬਾਅਦ ਵਿਦਿਆਰਥੀਆਂ ਨੂੰ 3 ਦਿਨ ਆਪਣੇ ਫਾਰਮਾਂ ਦੀਆਂ ਤਰੁੱਟੀਆਂ ਸੁਧਾਰਨ ਲਈ ਦਿੱਤੇ ਜਾਣਗੇ। ਪ੍ਰਿੰਸੀਪਲ ਡਾ. ਧਰਮ ਸਿੰਘ ਸੰਧੂ ਨੇ ਦੱਸਿਆ ਕਿ 3 ਜੁਲਾਈ ਨੂੰ ਰਾਤ ਤੱਕ ਵਿਦਿਆਰਥੀਆਂ ਦੇ ਇਤਰਾਜ਼ਾਂ 'ਤੇ ਗੌਰ ਕਰਨ ਤੋਂ ਬਾਅਦ 5 ਜੁਲਾਈ ਨੂੰ ਫਾਈਨਲ ਮੈਰਿਟ ਲਿਸਟ ਜਾਰੀ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ 9 ਜੁਲਾਈ ਤੋਂ ਵਿਦਿਆਰਥੀਆਂ ਦੇ ਦਾਖਲੇ ਸ਼ੁਰੂ ਹੋਣਗੇ।
ਲੜਕਿਆਂ ਦੀਆਂ ਸੀਟਾਂ 'ਤੇ ਬੀ. ਕਾਮ ਵਿਚ ਲੜਕੀਆਂ ਨੇ ਕਰ ਦਿੱਤਾ ਅਪਲਾਈ
ਬੀ. ਕਾਮ ਵਿਚ ਦਾਖਲਾ ਲੈਣ ਦਾ ਕ੍ਰੇਜ਼ ਵਿਦਿਆਰਥੀਆਂ ਵਿਚ ਕਿਸ ਹੱਦ ਤੱਕ ਹੈ, ਇਸ ਗੱਲ ਦਾ ਸਬੂਤ ਐੱਸ. ਸੀ. ਡੀ. ਸਰਕਾਰੀ ਕਾਲਜ ਵਿਚ ਬੀ. ਕਾਮ ਵਿਚ ਦਾਖਲੇ ਲਈ ਆਈਆਂ ਅਰਜ਼ੀਆਂ ਨੂੰ ਦੇਖ ਕੇ ਮਿਲਦਾ ਹੈ। ਅੰਡਰ ਗ੍ਰੈਜੂਏਟ ਲਈ ਲੜਕਿਆਂ ਦੇ ਇਸ ਕਾਲਜ ਵਿਚ ਬੀ. ਕਾਮ ਦੀਆਂ ਸੀਟਾਂ 'ਤੇ ਵੀ ਲੜਕੀਆਂ ਨੇ ਦਾਖਲੇ ਲਈ ਆਨਲਾਈਨ ਅਪਲਾਈ ਕਰ ਦਿੱਤਾ। ਕਾਲਜ ਵਿਚ ਵਿਦਿਆਰਥੀਆਂ ਦੀ ਮੈਰਿਟ ਲਿਸਟ ਲਈ ਲਿਸਟ ਬਣਾਉਂਦੇ ਸਮੇਂ ਜਦੋਂ ਇਹ ਫਾਰਮ ਸਾਹਮਣੇ ਆਏ ਤਾਂ ਇਨ੍ਹਾਂ ਅਰਜ਼ੀਆਂ ਨੂੰ ਇਨਵੈਲਿਡ ਲਿਸਟ 'ਚ ਪਾਉਂਦੇ ਹੋਏ ਕਾਲਜ ਨੇ ਵਿਦਿਆਰਥੀਆਂ ਨੂੰ ਸੂਚਿਤ ਕਰ ਦਿੱਤਾ ਕਿ ਬੀ. ਕਾਮ ਸਟ੍ਰੀਮ 'ਚ ਵਿਦਿਆਰਥਣਾਂ ਨੂੰ ਦਾਖਲਾ ਇਸ ਕਾਲਜ ਵਿਚ ਨਹੀਂ ਦਿੱਤਾ ਜਾ ਸਕਦਾ।
ਲੁਧਿਆਣਾ ਦੇ 11 ਨੌਜਵਾਨਾਂ ਨੇ ਮਨਾਲੀ ਤੋਂ ਲੇਹ-ਲੱਦਾਖ ਤਕ 480 ਕਿਲੋਮੀਟਰ ਚਲਾਇਆ ਸਾਈਕਲ
NEXT STORY