ਗੁਰਾਇਆ, (ਮੁਨੀਸ਼)- ਨੇੜਲੇ ਪਿੰਡ ਵਿਰਕਾਂ ਵਿਚ ਇਕ ਵਿਧਵਾ ਵਲੋਂ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਗਈ। ਸੁਸਾਈਡ ਨੋਟ ਵਿਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਦਾਰ ਆਪਣੇ ਸਹੁਰੇ ਪਰਿਵਾਰ ਨੂੰ ਦੱਸਿਆ ਹੈ। ਇਸ ਦੌਰਾਨ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਣ ਤੋਂ ਗੁੱਸਾਏ ਪਰਿਵਾਰਕ ਮੈਂਬਰਾਂ ਵਲੋਂ ਮੁਠੱਡਾ ਕਲਾਂ ਦੇ ਸਰਪੰਚ ਕਾਂਤੀ ਮੋਹਨ ਦੀ ਅਗਵਾਈ ਵਿਚ ਬੁੱਧਵਾਰ ਰਾਤ 12 ਵਜੇ ਥਾਣਾ ਗੁਰਾਇਆ ਦੇ ਸਾਹਮਣੇ ਧਰਨਾ ਲਾਇਆ ਗਿਆ, ਜੋ ਵੀਰਵਾਰ 2 ਵਜੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਹੋਣ ਮਗਰੋਂ ਖਤਮ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਕਾਂਤੀ ਮੋਹਨ ਨੇ ਦੱਸਿਆ ਕਿ ਪਿੰਡ ਵਿਰਕਾਂ ਦੀ ਰਹਿਣ ਵਾਲੀ ਜੋਤੀ ਪੁੱਤਰੀ ਸੁੱਚਾ ਰਾਮ ਦਾ ਵਿਆਹ ਪਿੰਡ ਚੱਕ ਸਾਬੂ ਦੇ ਕੁਲਵਿੰਦਰ ਕੁਮਾਰ ਨਾਲ ਹੋਇਆ ਸੀ, ਜਿਸਦੇ ਪਤੀ ਕੁਲਵਿੰਦਰ ਕੁਮਾਰ ਵਲੋਂ ਆਪਣੇ ਹੀ ਪਰਿਵਾਰ ਨਾਲ ਲੜਾਈ ਝਗੜਾ ਕਰਕੇ ਖੁਦਕੁਸ਼ੀ ਕਰ ਲਈ ਗਈ ਸੀ, ਜਿਸ ਤੋਂ ਬਾਅਦ ਕੁਲਵਿੰਦਰ ਕੁਮਾਰ ਦੇ ਪਰਿਵਾਰ ਨੇ ਸਹੁਰੇ ਪਰਿਵਾਰ ਉਪਰ ਝੂਠਾ ਮਾਮਲਾ ਦਰਜ ਕਰਵਾ ਦਿੱਤਾ ਸੀ, ਜਿਸ ਕਾਰਨ ਜੋਤੀ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਜੋਤੀ ਪਿੰਡ ਵਿਰਕਾਂ ਹੀ ਰਹਿੰਦੀ ਸੀ। ਬੁੱਧਵਾਰ ਨੂੰ ਉਨ੍ਹਾਂ ਦਾ ਪਰਿਵਾਰ ਕਿਸੇ ਸਮਾਗਮ ਵਿਚ ਗਿਆ ਹੋਇਆ ਸੀ ਤੇ ਜੋਤੀ ਘਰ ਇਕੱਲੀ ਸੀ, ਜਦੋਂ ਜੋਤੀ ਦੇ ਮਾਤਾ-ਪਿਤਾ ਘਰ ਵਾਪਸ ਆਏ ਤਾਂ ਜੋਤੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਇਸ ਦੀ ਸੂਚਨਾ ਦੁਸਾਂਝ ਕਲਾਂ ਚੌਕੀ ਇੰਚਾਰਜ ਦਲਜੀਤ ਕੁਮਾਰ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜੋਤੀ ਦਾ ਲਿਖਿਆ ਇਕ ਸੁਸਾਈਡ ਨੋਟ ਬਰਾਮਦ ਕੀਤਾ, ਜਿਸ ਵਿਚ ਉਸਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੀ ਸੱਸ ਸੁਰਿੰਦਰ ਕੌਰ, ਦਿਉਰ ਭੁਪਿੰਦਰ ਸਿੰਘ, ਮਾਮਾ ਸੋਢੀ ਅਤੇ ਪਤੀ ਕੁਲਵਿੰਦਰ ਨੂੰ ਦੱਸਿਆ। ਉਸ ਨੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਉਸਦੇ ਪਰਿਵਾਰ ਨੂੰ ਝੂਠਾ ਫਸਾਇਆ ਗਿਆ ਹੈ ਅਤੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਹੈ, ਜਿਸ ਤੋਂ ਦੁਖੀ ਹੋ ਕੇ ਉਹ ਖੁਦਕੁਸ਼ੀ ਕਰ ਰਹੀ ਹੈ। ਪੁਲਸ ਵਲੋਂ ਦੋਸ਼ੀਆਂ ਖਿਲਾਫ ਥਾਣਾ ਗੁਰਾਇਆ ਵਿਖੇ ਧਾਰਾ 306,34 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਸ਼ਨੀਵਾਰ ਤੱਕ ਗ੍ਰਿਫਤਾਰ ਕਰਨ ਦਾ ਸਮਾਂ ਧਰਨਾਕਾਰੀਆਂ ਨੂੰ ਦਿੱਤਾ ਹੈ, ਜਿਸ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ ਅਤੇ ਸ਼ੁੱਕਰਵਾਰ ਨੂੰ ਜੋਤੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕੀਤਾ ਗਿਆ।
ਰੇਲਵੇ ਸਟੇਸ਼ਨ ਤੋਂ ਮਿਲਿਆ ਬੱਚਾ ਪਰਿਵਾਰ ਨੂੰ ਸੌਂਪਿਆ
NEXT STORY