ਚੰਡੀਗੜ੍ਹ (ਸੁਸ਼ੀਲ) : ਆਨਲਾਈਨ ਗੇਮਿੰਗ ਦੀ ਲਤ ਨੇ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ। ਧਨਾਸ ਸਥਿਤ ਈ. ਡਬਲਿਊ. ਐੱਸ. ਕਾਲੋਨੀ ’ਚ ਨੌਜਵਾਨ ਨੇ ਆਨਲਾਈਨ ਗੇਮਿੰਗ ਦੌਰਾਨ ਕਰੀਬ 40 ਹਜ਼ਾਰ ਰੁਪਏ ਗੁਆਉਣ ਮਗਰੋਂ ਆਪਣੇ ਘਰ ਦੀ ਬਾਲਕੋਨੀ ’ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬਿਜਨੇਸ਼ ਸਿੰਘ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਾਰੰਗਪੁਰ ਥਾਣਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਧਨਾਸ ਦੇ ਸਮਾਲ ਫਲੈਟ ਨੰਬਰ-1853 ’ਚ ਨੌਜਵਾਨ ਨੇ ਫ਼ਾਹਾ ਲੈ ਲਿਆ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ। ਪੁਲਸ ਨੇ ਤੁਰੰਤ ਉਸ ਨੂੰ ਹੇਠਾਂ ਉਤਾਰ ਕੇ ਸੈਕਟਰ-16 ਦੇ ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਉਹ ਪਾਰਟ ਟਾਈਮ ਬਾਈਕ ਰਾਈਡਰ ਵਜੋਂ ਕੰਮ ਕਰਦਾ ਸੀ, ਜਦਕਿ ਉਸ ਦੇ ਪਿਤਾ ਵੈਲਡਿੰਗ ਦਾ ਕੰਮ ਕਰਦੇ ਹਨ। ਸ਼ੁਰੂਆਤੀ ਜਾਂਚ ’ਚ ਪਤਾ ਲੱਗਿਆ ਹੈ ਕਿ ਉਹ ਆਨਲਾਈਨ ਗੇਮਿੰਗ ’ਚ ਸਰਗਰਮ ਸੀ ਤੇ ਗੇਮ ਰਾਹੀਂ ਪੈਸੇ ਕਮਾਉਣ ਦੀ ਉਮੀਦ ’ਚ ਕਰੀਬ 40 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਗੁਆ ਬੈਠਾ ਸੀ।
ਭੈਣ ਨੂੰ ਭੇਜਿਆ ਆਖ਼ਰੀ ਸੁਨੇਹਾ
ਜਾਂਚ ਦੌਰਾਨ ਸਾਹਮਣੇ ਆਇਆ ਕਿ ਖ਼ੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਆਪਣੀ ਭੈਣ ਨੂੰ ਸੁਨੇਹਾ ਭੇਜਿਆ ਸੀ। ਸੁਨੇਹੇ ’ਚ ਉਸ ਨੇ ਲਿਖਿਆ ਸੀ ਕਿ ਉਹ ਪਿਤਾ ਦੇ ਖਾਤੇ ’ਚੋਂ ਪੈਸੇ ਗੁਆ ਚੁੱਕਾ ਹੈ ਤੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ। ਇਸ ਸੁਨੇਹੇ ਤੋਂ ਬਾਅਦ ਪਰਿਵਾਰ ਨਾਲ ਉਸ ਦਾ ਕੋਈ ਸੰਪਰਕ ਨਹੀਂ ਹੋਇਆ। ਸਾਰੰਗਪੁਰ ਥਾਣਾ ਪੁਲਸ ਮੁਤਾਬਕ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਹਾਲਾਂਕਿ ਮੋਬਾਇਲ ਫੋਨ ਤੇ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਆਨਲਾਈਨ ਗੇਮਿੰਗ ’ਚ ਹੋਏ ਵਿੱਤੀ ਨੁਕਸਾਨ ਕਾਰਨ ਨੌਜਵਾਨ ਮਾਨਸਿਕ ਤਣਾਅ ’ਚ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੋ ਸਕਦਾ ਹੈ। ਫਿਲਹਾਲ ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ 'ਚ ਹਾਦਸਾ, 20 ਫੁੱਟ ਡੂੰਘੇ ਖੂਹ 'ਚ ਫਸੇ 3 ਮਜ਼ਦੂਰ, ਇਕ ਦੀ ਮੌਤ
NEXT STORY