ਗੁਰਦਾਸਪੁਰ, (ਵਿਨੋਦ)—ਭਾਰਤੀ ਸੰਸਕ੍ਰਿਤੀ ਵਿਚ ਹਰ ਤਿਉਹਾਰ ਦੀ ਆਪਣੀ ਮਹੱਤਤਾ ਹੈ। ਇਸ ਨੂੰ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਮਨਾਉਂਦਾ ਹੈ ਪਰ ਰੱਖੜੀ ਦਾ ਤਿਉਹਾਰ ਭਰਾ-ਭੈਣ ਦੇ ਅਤੁੱਟ ਰਿਸ਼ਤੇ ਦਾ ਪੈਗਾਮ ਲੈ ਕੇ ਆਉਂਦਾ ਹੈ ਅਤੇ ਹਰ ਅਮੀਰ, ਗਰੀਬ ਇਸ ਤਿਉਹਾਰ ਨੂੰ ਬੜੀ ਸ਼ਰਧਾ ਨਾਲ ਮਨਾਉਂਦਾ ਹੈ ਪਰ ਜ਼ਿਲੇ ਦੇ ਪਿੰਡ ਬਰਨਾਲਾ ਦੇ 1965 ਦੇ ਭਾਰਤ-ਪਾਕਿ ਯੁੱਧਬੰਦੀ ਦੇ ਸਿਪਾਹੀ ਸੁਜਾਨ ਸਿੰਘ ਦਾ ਇਕ ਅਜਿਹਾ ਪਰਿਵਾਰ ਵੀ ਹੈ, ਜਿਸ ਦੀਆਂ ਪਿਛਲੀਆਂ ਚਾਰ ਪੀੜ੍ਹੀਆਂ ਇਸ ਤਿਉਹਾਰ ਨੂੰ ਨਹੀਂ ਮਨਾ ਰਹੀਆਂ। ਰੇਸ਼ਮ ਦੀ ਡੋਰੀ ਦੇ ਅਤੁੱਟ ਬੰਧਨ ਦਾ ਪ੍ਰਤੀਕ ਜਦੋਂ ਇਹ ਤਿਉਹਾਰ ਆਉਂਦਾ ਹੈ ਤਾਂ ਯੁੱਧਬੰਦੀ ਸਿਪਾਹੀ ਸੁਜਾਨ ਸਿੰਘ ਦੇ ਪਰਿਵਾਰ ਦੀਆਂ ਅੱਖਾਂ ਭਰ ਜਾਂਦੀਆਂ ਹਨ।
ਸਿਪਾਹੀ ਸੁਜਾਨ ਸਿੰਘ ਦੇ ਭਰਾ ਮਹਿੰਦਰ ਸਿੰਘ ਤੇ ਭਾਬੀ ਕੌਸ਼ਲਿਆ ਦੇਵੀ ਨੇ ਨਮ ਅੱਖਾਂ ਨਾਲ ਦੱਸਿਆ ਕਿ 1965 ਵਿਚ ਭਾਰਤ-ਪਾਕਿ ਯੁੱਧ ਵਿਚ ਸਿਪਾਹੀ ਸੁਜਾਨ ਸਿੰਘ ਪਾਕਿ ਸੈਨਾ ਵੱਲੋਂ ਬੰਦੀ ਬਣਾ ਲਏ ਗਏ ਸਨ। ਸਭ ਤੋਂ ਜ਼ਿਆਦਾ ਮਾਨਸਿਕ ਰੂਪ ਵਿਚ ਹਤਾਸ਼ ਸੁਜਾਨ ਸਿੰਘ ਦੀ ਨਵ-ਵਿਆਹੀ ਵਹੁਟੀ ਤਾਰੋ ਦੇਵੀ ਹੋਈ, ਜਿਸ ਦੇ ਹੱਥਾਂ ਦੀ ਮਹਿੰਦੀ ਵੀ ਫਿੱਕੀ ਨਹੀਂ ਹੋਈ ਸੀ ਕਿ ਸੁਜਾਨ ਸਿੰਘ ਦੇ ਪਾਕਿਸਤਾਨ ਜੇਲ ਵਿਚ ਬੰਦ ਹੋਣ ਦੀ ਜਾਣਕਾਰੀ ਪਰਿਵਾਰ ਨੂੰ 1970 ਵਿਚ ਉਸ ਸਮੇਂ ਮਿਲੀ ਜਦੋਂ ਜੇਲ ਤੋਂ ਲਿਖਿਆ ਖਤ ਉਨ੍ਹਾਂ ਨੂੰ ਮਿਲਿਆ।
ਪਾਕਿਸਤਾਨ ਜੇਲ ਤੋਂ ਵਾਪਸ ਆਈ ਰੱਖੜੀ
ਰੱਖੜੀ ਦਾ ਤਿਉਹਾਰ ਆਉਣ 'ਤੇ ਜਦੋਂ ਉਨ੍ਹਾਂ ਦੀਆਂ ਭੈਣਾਂ ਪ੍ਰਕਾਸ਼ੋ ਦੇਵੀ ਤੇ ਮੇਲੋ ਦੇਵੀ ਨੇ ਸੁਜਾਨ ਸਿੰਘ ਨੂੰ ਰੱਖੜੀ ਭੇਜੀ ਤਾਂ ਉਹ ਰੱਖੜੀ ਪਾਕਿਸਤਾਨ ਤੋਂ ਵਾਪਸ ਆ ਗਈ, ਜਿਸ ਨਾਲ ਦੋਵਾਂ ਭੈਣਾਂ ਤੇ ਪੂਰੇ ਪਰਿਵਾਰ ਨੂੰ ਡੂੰਘੀ ਠੇਸ ਪਹੁੰਚੀ। ਮਹਿੰਦਰ ਸਿੰਘ ਤੇ ਕੌਸ਼ਲਿਆ ਦੇਵੀ ਨੇ ਨਮ ਅੱਖਾਂ ਨਾਲ ਦੱਸਿਆ ਕਿ ਕੁਝ ਸਮੇਂ ਪਹਿਲਾਂ ਭਰਾ ਦੇ ਗਮ ਵਿਚ ਦੋਵੇਂ ਭੈਣਾਂ ਚੱਲ ਵਸੀਆਂ।
ਉਨ੍ਹਾਂ ਦੱਸਿਆ ਕਿ ਸੁਜਾਨ ਸਿੰਘ ਨੂੰ ਵਿਛੜੇ ਬੇਸ਼ੱਕ 53 ਸਾਲ ਬੀਤ ਚੁੱਕੇ ਹਨ ਪਰ ਹੁਣ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਵਤਨ ਜ਼ਰੂਰ ਆਉਣਗੇ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਚੌਥੀ ਪੀੜ੍ਹੀ ਸ਼ੁਰੂ ਹੋ ਚੁੱਕੀ ਹੈ। 1965 ਤੋਂ ਲੈ ਕੇ ਅੱਜ ਤੱਕ ਪਰਿਵਾਰ ਦਾ ਕੋਈ ਵੀ ਮੈਂਬਰ ਰੱਖੜੀ ਦਾ ਤਿਉਹਾਰ ਨਹੀਂ ਮਨਾਉਂਦਾ।
ਯੁੱਧਬੰਦੀ ਸੁਜਾਨ ਸਿੰਘ ਦੇ ਪਰਿਵਾਰ ਦੇ ਜਜ਼ਬੇ ਨੂੰ ਦੇਸ਼ ਦਾ ਸਲਾਮ : ਕੁੰਵਰ ਵਿੱਕੀ
ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਅੱਜ ਦੇ ਯੁੱਗ ਵਿਚ ਜਿਥੇ ਰਿਸ਼ਤੇ ਦੀ ਗਰਮਾਹਟ ਖਤਮ ਹੋ ਰਹੀ ਹੈ, ਇਸ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਸੁਜਾਨ ਸਿੰਘ ਦੇ ਇੰਤਜ਼ਾਰ ਵਿਚ ਰੱਖੜੀ ਦਾ ਤਿਉਹਾਰ ਨਹੀਂ ਮਨਾਉਂਦੀਆਂ। ਇਨ੍ਹਾਂ ਦੇ ਜਜ਼ਬੇ ਨੂੰ ਸਾਰਾ ਦੇਸ਼ ਸਲਾਮ ਕਰਦਾ ਹੈ। ਉਨ੍ਹਾਂ ਕਿਹਾ ਕਿ ਸੁਜਾਨ ਸਿੰਘ 1965 ਤੇ 1971 ਦੇ ਭਾਰਤ-ਪਾਕਿ ਯੁੱਧ ਦੇ ਉਨ੍ਹਾਂ 54 ਯੁੱਧਬੰਦੀਆਂ ਵਿਚ ਸ਼ਾਮਲ ਹਨ ਜਿਨ੍ਹਾਂ 'ਤੇ ਅੱਜ ਵੀ ਪਾਕਿਸਤਾਨ ਦੀ ਜੇਲ ਵਿਚ ਜ਼ੁਲਮ ਉਠਾਏ ਜਾ ਰਹੇ ਹਨ ਅਤੇ ਇਹ ਪਰਿਵਾਰ ਸਾਲਾਂ ਤੋਂ ਉਨ੍ਹਾਂ ਦੀ ਰਿਹਾਈ ਲਈ ਸਰਕਾਰ ਤੋਂ ਗੁਹਾਰ ਲਾ ਰਿਹਾ ਹੈ ਅਤੇ ਭਰਾ ਨੂੰ ਗਲੇ ਲਾਉਣ ਦੀ ਹਸਰਤ ਦਿਲ ਵਿਚ ਲਈ ਤਿੰਨ ਭਰਾ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।
ਲੜਕੇ ਦੀ ਯਾਦ ਦਿਲ 'ਚ ਸੰਜੋਏ ਮਾਂ ਵੀ ਚੱਲ ਵਸੀ
ਪਾਕਿ ਜੇਲ ਵਿਚ ਬੰਦ ਸੁਜਾਨ ਸਿੰਘ ਦੀ ਮਾਂ ਸੰਤੋ ਦੇਵੀ 25 ਸਾਲ ਤੱਕ ਇਕ ਟਾਈਮ ਖਾਣਾ ਖਾ ਕੇ ਲੜਕੇ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀ ਰਹੀ ਅਤੇ ਸਰਕਾਰ ਤੋਂ ਲੜਕੇ ਦੀ ਪੈਨਸ਼ਨ ਵੀ ਨਹੀਂ ਲਈ। ਜੇਲ ਵਿਚ ਬੰਦ ਲੜਕੇ ਦੀ ਯਾਦ ਦਿਲ 'ਚ ਸੰਜੋਏ ਉਹ ਚੱਲ ਵਸੀ। ਸੁਜਾਨ ਸਿੰਘ ਦਾ ਪਰਿਵਾਰ ਪਾਕਿ ਵਿਚ ਇਮਰਾਨ ਖਾਂ ਦੀ ਨਵੀਂ ਬਣੀ ਸਰਕਾਰ ਤੋਂ ਇਹ ਅਪੀਲ ਕਰਦਾ ਹੈ ਕਿ 54 ਯੁੱਧਬੰਦੀਆਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੀ ਰਿਹਾਈ ਕਰੇ ਤਾਂ ਕਿ ਵਤਨ ਵਾਪਸ ਆ ਕੇ ਆਪਣਿਆਂ ਨਾਲ ਮਿਲ ਸਕੇ। ਜੋ ਪੰਜ ਦਹਾਕਿਆਂ ਤੋਂ ਉਨ੍ਹਾਂ ਦੇ ਇੰਤਜ਼ਾਰ ਵਿਚ ਬੈਠੇ ਹਨ। ਇਸ ਮੌਕੇ ਪ੍ਰਕਾਸ਼ ਸਿੰਘ, ਬਿਮਲਾ ਦੇਵੀ, ਲਖਵਿੰਦਰ ਸਿੰਘ, ਦਮਨਪ੍ਰੀਤ ਸਿੰਘ, ਨਵਦੀਪ ਸਿੰਘ, ਮੱਖਣ ਸਿੰਘ, ਅਰਜਨ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
ਜਲੰਧਰ: ਮਾਈਨਿੰਗ ਰੋਕਣ ਗਏ ਪਿੰਡ ਵਾਸੀਆਂ 'ਤੇ ਚਲਾਈਆਂ ਗੋਲੀਆਂ (ਵੀਡੀਓ)
NEXT STORY