ਚੰਡੀਗੜ੍ਹ (ਅਰਚਨਾ ਸੇਠੀ) : ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦਰਮਿਆਨ ਸਬੰਧ ਵਿਗੜਨ ਦਾ ਕਾਰਨ ਨਾ ਸਿਰਫ਼ ਸਿੰਘ ਸਾਹਿਬਾਨ ਨੂੰ ਹਟਾਉਣਾ ਹੈ, ਸਗੋਂ ਪਿਛਲੇ ਇਕ ਸਾਲ ਤੋਂ ਉਨ੍ਹਾਂ ਦੇ ਸਬੰਧ ਠੀਕ ਨਹੀਂ ਚੱਲ ਰਹੇ। ਮਜੀਠੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਫ਼ੈਸਲੇ ਦਾ ਭਾਵੇਂ ਖੁੱਲ੍ਹ ਕੇ ਵਿਰੋਧ ਕੀਤਾ ਹੈ ਪਰ ਦੋਹਾਂ ਦਰਮਿਆਨ ਦੂਰੀ ਹੌਲੀ-ਹੌਲੀ ਵੱਧਦੀ ਜਾ ਰਹੀ ਸੀ। ਸੂਤਰਾਂ ਮੁਤਾਬਕ ਬਾਦਲ ਨੇ ਲੰਬੇ ਸਮੇਂ ਤੋਂ ਮਜੀਠੀਆ ਨਾਲ ਸਲਾਹ-ਮਸ਼ਵਰਾ ਕਰਨ ਤੋਂ ਵੀ ਬਚਣਾ ਸ਼ੁਰੂ ਕਰ ਦਿੱਤਾ ਸੀ ਅਤੇ ਮਜੀਠੀਆ ਵੀ ਉਨ੍ਹਾਂ ਤੋਂ ਦੂਰ ਰਹਿਣ ਲੱਗ ਪਏ ਸਨ। ਜੇਕਰ ਦੋਹਾਂ ਵਿਚਕਾਰ ਸਭ ਕੁੱਝ ਠੀਕ ਹੁੰਦਾ ਤਾਂ ਅਕਾਲੀ ਦਲ ਅੰਦਰ ਇਸ ਫੁੱਟ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਸੀ। ਮਜੀਠੀਆ ਅਤੇ ਬਾਦਲ ਵਿਚਕਾਰ ਦਰਾੜ ਹਾਲ ਹੀ ’ਚ ਉਦੋਂ ਸਪੱਸ਼ਟ ਹੋ ਗਈ ਸੀ, ਜਦੋਂ ਸੁਖਬੀਰ ਬਾਦਲ ਧਾਰਮਿਕ ਫ਼ੈਸਲਾ ਸੁਣਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸਨ। ਉਸ ਸਮੇਂ ਸਿੰਘ ਸਾਹਿਬਾਨ ਨੇ ਕਿਹਾ ਸੀ ਕਿ ਜੋ ਲੋਕ ਸੁਖਬੀਰ ਬਾਦਲ ਦੇ ਪੱਖ ’ਚ ਹਨ, ਉਹ ਉਨ੍ਹਾਂ ਨਾਲ ਆ ਕੇ ਖੜ੍ਹੇ ਹੋ ਜਾਣ।
ਇਹ ਵੀ ਪੜ੍ਹੋ : ਪੰਜਾਬ 'ਚ ਚੜ੍ਹਦੀ ਸਵੇਰ ਗੂੰਜੀਆਂ ਮੌਤ ਦੀਆਂ ਚੀਕਾਂ, ਟੂਰਿੱਸਟ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ
ਉਸ ਸਮੇਂ ਮਜੀਠੀਆ, ਸੁਖਬੀਰ ਨਾਲ ਖੜ੍ਹੇ ਹੋਣ ਲਈ ਵੀ ਤਿਆਰ ਨਹੀਂ ਸਨ। ਉਹ ਸੁਖਬੀਰ ਬਾਦਲ ਤੋਂ ਉਦੋਂ ਵੀ ਦੂਰੀ ਬਣਾ ਕੇ ਖੜ੍ਹੇ ਰਹੇ। ਭਾਵੇਂ ਉਹ ਨਾ ਸਿਰਫ਼ ਅਕਾਲੀ ਸਰਕਾਰ ਦੌਰਾਨ ਮੰਤਰੀ ਰਹਿ ਚੁੱਕੇ ਸਨ, ਸਗੋਂ ਰਿਸ਼ਤੇ ’ਚ ਸੁਖਬੀਰ ਬਾਦਲ ਦੇ ਸਾਲੇ ਵੀ ਹਨ। ਮਜੀਠੀਆ ਦੀ ਨਾਰਾਜ਼ਗੀ ਨੂੰ ਉਦੋਂ ਵੀ ਲੋਕਾਂ ਨੇ ਉਨ੍ਹਾਂ ਦੀਆਂ ਅੱਖਾਂ ਤੇ ਵਤੀਰੇ ਤੋਂ ਪੜ੍ਹ ਲਿਆ ਸੀ। ਮਜੀਠੀਆ ਦੇ ਆਪਹੁਦਰੇ ਰਵੱਈਏ ਤੋਂ ਵੀ ਬਾਦਲ ਨਾਰਾਜ਼ ਸਨ ਕਿਉਂਕਿ ਕਈ ਅਕਾਲੀ ਵਰਕਰਾਂ ਤੇ ਆਗੂਆਂ ਨੇ ਸੁਖਬੀਰ ਨੂੰ ਮਜੀਠੀਆ ਦੇ ਵਿਵਹਾਰ ਬਾਰੇ ਸ਼ਿਕਾਇਤ ਕੀਤੀ ਸੀ। ਕਈ ਆਗੂਆਂ ਨੇ ਮਜੀਠੀਆ ਤੇ ਬਾਦਲ ਵਿਚਕਾਰ ਠੰਡੀ ਜੰਗ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਖ਼ਾਸ ਪ੍ਰਭਾਵ ਨਹੀਂ ਦੇਖਿਆ ਗਿਆ। ਜਦੋਂ ਮਜੀਠੀਆ ਨਸ਼ਿਆਂ ਦੇ ਮਾਮਲੇ 'ਚ ਜੇਲ੍ਹ ਗਏ, ਭਗੌੜਾ ਵੀ ਐਲਾਨ ਦਿੱਤਾ ਗਿਆ ਅਤੇ ਬਾਅਦ ਵਿਚ ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਤਾਂ ਸੁਖਬੀਰ ਬਾਦਲ ਅਕਾਲੀ ਆਗੂਆਂ ਸਮੇਤ ਉਨ੍ਹਾਂ ਨੂੰ ਜੇਲ੍ਹ ਤੋਂ ਲਿਜਾਣ ਲਈ ਤਿਆਰ ਨਹੀਂ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕ ਹੋ ਜਾਣ Alert, 15 ਮਾਰਚ ਤੱਕ ਲੱਗੀਆਂ ਸਖ਼ਤ ਪਾਬੰਦੀਆਂ
ਕਾਫ਼ੀ ਸਮੇਂ ਤੋਂ ਅੰਦਰੋਂ ਚੱਲ ਰਹੀ ਸੀ ਰਿਸ਼ਤਿਆਂ ’ਚ ਤਕਰਾਰ : ਚੰਦੂਮਾਜਰਾ
ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਭਾਵੇਂ ਬਿਕਰਮ ਸਿੰਘ ਮਜੀਠੀਆ ਨੇ ਜੱਥੇਦਾਰਾਂ ਨੂੰ ਹਟਾਉਣ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ ਪਰ ਸੁਖਬੀਰ ਬਾਦਲ ਤੇ ਮਜੀਠੀਆ ਵਿਚਕਾਰ ਲੰਬੇ ਸਮੇਂ ਤੋਂ ਅੰਦਰੂਨੀ ਫੁੱਟ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਪਾਰਟੀ ਅੰਦਰ ਚੱਲ ਰਹੇ ਟਕਰਾਅ ਕਾਰਨ ਹੈ। ਵਰਕਰ ਮੰਨਦੇ ਹਨ ਕਿ ਮਜੀਠੀਆ ਦੀ ਬਾਦਲ ਨਾਲ ਨਾਰਾਜ਼ਗੀ ਦਾ ਕਾਰਨ ਇਹ ਹੈ ਕਿ ਸੁਖਬੀਰ ਆਪਣੇ ਪਰਿਵਾਰਕ ਮੈਂਬਰਾਂ ਨਾਲੋਂ ਨਵੇਂ ਸਲਾਹਕਾਰਾਂ ’ਤੇ ਜ਼ਿਆਦਾ ਭਰੋਸਾ ਕਰਦੇ ਹਨ। ਸੀਨੀਅਰ ਆਗੂਆਂ ਨੇ ਅਕਾਲੀ ਦਲ ਲਈ ਕੁਰਬਾਨੀਆਂ ਦਿੱਤੀਆਂ ਹਨ ਪਰ ਜਿਹੜੇ ਨਵੇਂ ਸਲਾਹਕਾਰ ਬਣੇ ਹੋਏ ਹਨ, ਉਨ੍ਹਾਂ ਨੇ ਸਿਰਫ਼ ਪਾਰਟੀ ਦੇ ਚੰਗੇ ਦਿਨਾਂ ਦਾ ਹੀ ਸਵਾਦ ਚੱਖਿਆ ਹੈ। ਜੱਥੇਦਾਰਾਂ ਨੂੰ ਹਟਾਉਣ ਤੋਂ ਸਿਰਫ਼ ਬਿਕਰਮ ਮਜੀਠੀਆ ਹੀ ਨਾਰਾਜ਼ ਨਹੀਂ ਹਨ, ਸਗੋਂ ਪੂਰਾ ਸਿੱਖ ਭਾਈਚਾਰਾ ਇਸ ਫ਼ੈਸਲੇ ਦਾ ਵਿਰੋਧ ਕਰ ਰਿਹਾ ਹੈ। ਲੋਕ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੀ ਆਜ਼ਾਦੀ ਬਾਰੇ ਗੱਲ ਕਰ ਰਹੇ ਹਨ। ਨਿਹੰਗ ਤੇ ਸਿੱਖ ਜਥੇਬੰਦੀਆਂ ਨੇ ਵੀ ਐਲਾਨ ਕੀਤਾ ਹੈ ਕਿ ਉਹ ਨਵੇਂ ਜੱਥੇਦਾਰ ਦੀ ਤਾਜਪੋਸ਼ੀ ਦਾ ਵਿਰੋਧ ਕਰਨਗੇ। ਅਜਿਹੀ ਸਥਿਤੀ ’ਚ ਇਕੋ-ਇਕ ਬਦਲ ਬਚਦਾ ਹੈ ਕਿ ਕਮੇਟੀ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰੇ।
ਪ੍ਰਧਾਨਗੀ ਨੂੰ ਲੈ ਕੇ ਪਿਆ ਰੱਫੜ
ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਵੀ ਜੀਜੇ-ਸਾਲੇ ਦੇ ਰਿਸ਼ਤਿਆਂ ’ਚ ਕੁੜੱਤਣ ਦਾ ਕਾਰਨ ਬਣਿਆ। ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ’ਚ ਪਈ ਫੁੱਟ ਤੋਂ ਬਾਅਦ ਜਦੋਂ ਅਕਾਲੀ ਦਲ ਦੀ ਸਰਪ੍ਰਸਤੀ ’ਚ ਬਦਲਾਅ ਦੀ ਮੰਗ ਉੱਠ ਰਹੀ ਸੀ ਤਾਂ ਕੁੱਝ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਨੂੰ ਪ੍ਰਸਤਾਵ ਸੌਂਪਿਆ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਦੀ ਕਮਾਨ ਮਜੀਠੀਆ ਨੂੰ ਸੌਂਪ ਦਿੱਤੀ ਜਾਵੇ। ਕਿਹਾ ਗਿਆ ਸੀ ਕਿ ਅਜਿਹਾ ਕਰਨ ਨਾਲ ਅਕਾਲੀ ਦਲ ਪਰਿਵਾਰ ਦੇ ਮੈਂਬਰਾਂ ਕੋਲ ਹੀ ਰਹੇਗਾ ਅਤੇ ਮਾਹੌਲ ਵੀ ਸ਼ਾਂਤ ਹੋ ਜਾਵੇਗਾ। ਪਾਰਟੀ ’ਚ ਉੱਠਣ ਵਾਲੀਆਂ ਬਾਗ਼ੀ ਸੁਰਾਂ ਅਤੇ ਝੂੰਦਾਂ ਕਮੇਟੀ ਦੀ ਰਿਪੋਰਟ ਤੋਂ ਬਾਅਦ ਪ੍ਰਧਾਨ ਦੀ ਕੁਰਸੀ ’ਤੇ ਹੋਣ ਵਾਲੇ ਹੰਗਾਮੇ ਨੂੰ ਸ਼ਾਂਤ ਕਰਨ ਦੇ ਅਕਾਲੀ ਆਗੂਆਂ ਦੇ ਇਸ ਸੁਝਾਅ ’ਤੇ ਸੁਖਬੀਰ ਬਾਦਲ ਨੇ ਮਨਜ਼ੂਰੀ ਨਹੀਂ ਦਿੱਤੀ, ਜਿਸ ਤੋਂ ਬਾਅਦ ਵਿਵਾਦ ਵੱਧਦਾ ਗਿਆ। ਹਾਲਾਂਕਿ ਮਜੀਠੀਆ ਵੱਲੋਂ ਕਦੇ ਵੀ ਪ੍ਰਧਾਨ ਦੇ ਅਹੁਦੇ ਲਈ ਕੋਈ ਮੰਗ ਨਹੀਂ ਕੀਤੀ ਗਈ ਸੀ। ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਬਿਕਰਮ ਸਿੰਘ ਮਜੀਠੀਆ ਦੀ ਦੋਸਤੀ ਵੀ ਸੁਖਬੀਰ ਤੇ ਮਜੀਠੀਆ ਦੇ ਰਿਸ਼ਤਿਆਂ ’ਚ ਦਰਾੜ ਦਾ ਕਾਰਨ ਦੱਸੀ ਜਾ ਰਹੀ ਹੈ। ਅਕਾਲੀ ਦਲ ਵੱਲੋਂ ਮਾਘੀ ਮੌਕੇ ਕਰਵਾਈ ਗਈ ਸਿਆਸੀ ਕਾਨਫਰੰਸ ਤੋਂ ਵੀ ਮਜੀਠੀਆ ਨੇ ਦੂਰੀ ਬਣਾਈ ਰੱਖੀ ਸੀ। ਅਕਾਲੀ ਦਲ ’ਚ ਚੱਲ ਰਹੀ ਭਰਤੀ ਮੁਹਿੰਮ ਤੋਂ ਵੀ ਮਜੀਠੀਆ ਨੇ ਖ਼ੁਦ ਨੂੰ ਦੂਰ ਰੱਖਿਆ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ-ਮਹੱਲਾ ਦੇ ਪਹਿਲੇ ਪੜ੍ਹਾਅ ਦੀ ਹੋਈ ਸ਼ੁਰੂਆਤ
NEXT STORY