ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਤੋਂ ਇਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਰਕਿੰਗ ਕਮੇਟੀ ਮੈਂਬਰਾ ਦੀ ਅਹਿਮ ਮੀਟਿੰਗ ਭਾਈ ਗੁਰਦਾਸ ਹਾਲ ਵਿਖੇ ਹੋਈ ਜਿਸ ਵਿਚ ਪਾਰਟੀ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਮੀਟਿੰਗ ਤੋਂ ਮੀਡੀਆ ਨੂੰ ਪੂਰੀ ਤਰ੍ਹਾਂ ਨਾਲ ਦੂਰ ਰੱਖਿਆ ਗਿਆ ਤੇ ਮੀਟਿੰਗ ਖਤਮ ਹੋਣ ਤੋਂ ਬਾਅਦ ਵੀ ਸੁਖਬੀਰ ਬਾਦਲ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਬਿਨਾਂ ਹੀ ਚਲੇ ਗਏ ਜਿਨ੍ਹਾਂ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਤੇ ਚੋਣ ਸਬੰਧੀ ਵਿਸਥਾਰ ਸਹਿਤ ਵਿਚਾਰਾਂ ਕੀਤੀਆ ਗਈਆਂ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਪਾਰਟੀ ਦੀਆਂ ਪ੍ਰਾਪਤੀਆ 'ਤੇ ਚਾਨਣਾ ਪਾਉਂਦਿਆਂ 550 ਸਾਲਾ ਸ਼ਤਾਬਦੀ 'ਤੇ ਬਾਦਲ ਵਲੋਂ ਨਿਭਾਏ ਗਏ ਅਹਿਮ ਰੋਲ ਨੂੰ ਵੀ ਸਲਹਾਇਆ ਗਿਆ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ 14 ਦਸੰਬਰ ਨੂੰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਪਾਰਟੀ ਦੇ ਡੈਲੀਗੇਟ ਕਰਨਗੇ।
ਡਾ.ਚੀਮਾ ਨੇ ਟਕਸਾਲੀਆ ਬਾਰੇ ਗੱਲ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਅੱਜ ਉਨ੍ਹਾਂ ਦੀਆਂ ਵੱਖ ਸੁਰਾਂ ਹਨ ਜਿਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਹਮੇਸ਼ਾ ਬੇਹੱਦ ਮਾਣ ਦਿਤਾ ਤੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾ ਕਦੇ ਵੀ ਕੋਈ ਫੈਂਸਲਾ ਨਹੀਂ ਕੀਤਾ। ਡਾ. ਚੀਮਾ ਨਾਲ ਜਦੋਂ ਸੇਵਾ ਸਿੰਘ ਸੇਖਵਾਂ ਦੇ ਉਸ ਬਿਆਨ ਬਾਰੇ ਗੱਲ ਕੀਤੀ ਗਈ ਜਿਸ 'ਚ ਉਨ੍ਹਾਂ ਆਖਿਆ ਸੀ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾਂ ਟਕਸਾਲੀ ਦਲ ਦੇ ਨਾਲ ਹਨ ਤੇ 14 ਦਸੰਬਰ ਨੂੰ ਉਨ੍ਹਾਂ ਦੇ ਹੀ ਸਮਾਗਮ 'ਚ ਸ਼ਮੂਲੀਅਤ ਕਰਨਗੇ 'ਤੇ ਡਾ.ਚੀਮਾ ਨੇ ਜਵਾਬ ਦਿੰਦਿਆਂ ਆਖਿਆ ਕਿ ਸੇਖਵਾਂ ਢੀਡਸਾਂ ਪਰਿਵਾਰ ਦਾ ਘਰ ਪਾੜਨ 'ਚ ਲੱਗੇ ਹੋਏ ਹਨ। ਵੇਖੋ ਕਿੰਨੇ ਕੁ ਸਫਲ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਪਾਰਟੀ 'ਚ ਇਨ੍ਹਾਂ ਆਗੂਆਂ ਨੇ ਵੱਡੇ-ਵੱਡੇ ਅਹੁੱਦਿਆ 'ਤੇ ਅਨੰਦ ਵੀ ਬੇਹੱਦ ਮਾਣੇ ਹਨ ਤੇ ਸੁਖਬੀਰ ਬਾਦਲ ਨੂੰ ਪਹਿਲੀ ਵਾਰ 2008 'ਚ ਪ੍ਰਧਾਨ ਬਨਾਉਣ ਵੇਲੇ ਵੀ ਉਕਤ ਆਗੂਆਂ ਨੇ ਹੀ ਤਾਈਦ ਮਜੀਦ ਸਮੈਤ ਸਭ ਕਾਰਜ ਕੀਤੇ ਸਨ। 10 ਸਾਲ ਸੂਬੇ 'ਚ ਅਕਾਲੀ ਸਰਕਾਰ ਹੋਣ ਮੌਕੇ ਸੁਖਬੀਰ ਬਾਦਲ ਦੀ ਅਗਵਾਈ 'ਚ ਇਹ ਵਿਧਾਇਕ, ਐੱਮ.ਪੀ.ਤੇ ਵਜ਼ੀਰ ਬਣਦੇ ਰਹੇ ਉਦੋਂ ਤਾਂ ਇਨ੍ਹਾਂ ਸੁਖਬੀਰ ਦੀ ਪ੍ਰਧਾਨਗੀ 'ਤੇ ਕਦੇ ਇਤਰਾਜ ਨਹੀਂ ਕੀਤਾ ਤੇ ਹੁਣ ਜਦੋਂ ਅਕਾਲੀ ਦਲ ਸੱਤਾ ਤੋਂ ਬਾਹਰ ਹੈ ਤਾਂ ਉਹ ਵਿਰੋਧ ਕਰਨ ਲੱਗ ਪਏ ਹਨ। ਡਾ.ਚੀਮਾ ਨੇ ਕਿਹਾ ਕਿ ਐੱਮ.ਪੀ. ਚੋਣਾਂ 'ਚ ਹੀ ਟਕਸਾਲੀਆ ਨੂੰ ਲੋਕ ਰੱਦ ਕਰ ਚੁੱਕੇ ਹਨ ਜਿਸ ਸਦਕਾ ਉਨ੍ਹਾਂ ਦਾ ਸੂਬੇ 'ਚ ਕੋਈ ਵਜੂਦ ਨਹੀਂ ਹੈ।
ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ 4 ਜਨਵਰੀ ਤੱਕ ਮੁਲਤਵੀ
NEXT STORY