ਸੰਗਰੂਰ,(ਸਿੰਗਲਾ)- ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੰਥ ਹਿਤੈਸ਼ੀ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਅਤੇ ਪੰਥਕ ਸੰਸਥਾਵਾਂ ਨੂੰ ਇਕ ਪਰਿਵਾਰ ਦੇ ਗਲਬੇ ਤੋਂ ਮੁਕਤ ਕਰਵਾਉਣ ਲਈ ਅੱਗੇ ਆਉਣ ਤਾਂ ਕਿ ਸ਼੍ਰੋਮਣੀ ਕਮੇਟੀ ਅਤੇ ਸੰਸਥਾਵਾਂ ਦੀ ਸਰਬਉੱਚਤਾ ਅਤੇ ਮਾਣ ਮਰਿਆਦਾ ਬਹਾਲ ਕਰਵਾਉਣ ਲਈ ਸ਼ੁਰੂ ਕੀਤੀ ਪੰਥਕ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ। ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਜਿਸ ਢੰਗ ਨਾਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦਾ ਜਨ ਆਧਾਰ ਹੇਠਾਂ ਗਿਆ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ। ਸਵਾਲ ਜਿੱਤਾਂ-ਹਾਰਾਂ ਦਾ ਨਹੀਂ ਹੈ ਸਗੋਂ ਸਵਾਲ ਤਾਂ ਇਹ ਹੈ ਕਿ ਪੰਥਕ ਵਿਚਾਰਧਾਰਾ ਵਾਲੇ ਪਰਿਵਾਰ ਵੀ ਅਕਾਲੀ ਦਲ ਤੋਂ ਕਿਉਂ ਦੂਰ ਹੋ ਰਹੇ ਹਨ। ਡੇਰਾ ਮੁਖੀ ਨੂੰ ਮੁਆਫੀ ਦੇਣ ਅਤੇ ਬਰਗਾੜੀ ਕਾਂਡ ਜਿਹੇ ਮੁੱਦਿਆਂ ਨੂੰ ਪੰਥਕ ਵਿਚਾਰਧਾਰਾ ਅਤੇ ਅਕਾਲੀ ਦਲ ਦੇ ਸਿਧਾਂਤਾਂ ਅਨੁਸਾਰ ਹੱਲ ਕਰਨ ਦੀ ਬਜਾਏ 'ਹੰਕਾਰੀ' ਲਹਿਜ਼ੇ 'ਚ ਦਬਾਇਆ ਗਿਆ।
ਢੀਂਡਸਾ ਨੇ ਪੰਥਕ ਸੰਸਥਾਵਾਂ ਦੀ ਮਾਣ-ਮਰਿਆਦਾ ਬਹਾਲ ਕਰਵਾਉਣ ਲਈ ਕੀਤੀਆਂ ਜਾਂ ਰਹੀਆਂ ਰੈਲੀਆਂ 'ਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ 'ਤੇ ਲਿਜਾਣ ਲਈ ਇਹ ਰੈਲੀਆਂ ਇਨਕਲਾਬੀ ਕਦਮ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਖਿਲਾਫ਼ ਰੋਸ ਧਰਨੇ ਦੇ ਨਾਂ ਇਕੱਠ ਕਰ ਕੇ ਕੀਤੀ ਰੈਲੀ ਨੂੰ ''ਅੰਤਿਮ ਅਰਦਾਸ'' ਰੈਲੀ ਕਰਨ ਵਾਲਿਆਂ ਨੂੰ 'ਵਜ਼ੀਰੀਆਂ' ਮੁਬਾਰਕ ਹੋਣ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਜੇਕਰ ਪੰਥ 'ਤੇ ਆਏ ਸੰਕਟਾਂ ਨੂੰ ਪਿੰਡੇ 'ਤੇ ਨਹੀਂ ਹੰਢਾਇਆ ਤਾਂ ਘੱਟੋ-ਘੱਟ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੀ ਪੜ੍ਹ ਲੈਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਥ ਅਤੇ ਪੰਜਾਬ ਦੇ ਭਲੇ ਲਈ ਸੰਘਰਸ਼ ਲੜੇ ਹਨ ਪਰ ਸੁਖਬੀਰ ਬਾਦਲ ਨੇ ਤਾਂ ਬਿਨਾਂ ਸੰਘਰਸ਼ ਕੀਤਿਆਂ ਅਹੁਦਿਆਂ ਦਾ ਅਨੰਦ ਮਾਣਿਆ ਹੈ, ਇਸ ਕਰਕੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਦਾ ਹਾਣੀ ਨਹੀਂ ਹੋ ਸਕਿਆ। ਇਸ ਸਮੇਂ ਰਜਿੰਦਰ ਸਿੰਘ ਕਾਂਝਲਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਾਬਕਾ ਚੇਅਰਮੈਨ ਹਾਜ਼ੀ ਮੁਹੰਮਦ ਤੁਫੈਲ ਮਲਿਕ ਮਾਲੇਰਕੋਟਲਾ, ਅਜੀਤ ਸਿੰਘ ਕੁਤਬਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ, ਗੁਰਮੇਲ ਸਿੰਘ ਕੁਠਾਲਾ ਸੇਵਾ ਮੁਕਤ ਡਿਪਟੀ ਡਾਇਰੈਕਟਰ, ਜਤਿੰਦਰ ਸਿੰਘ ਸੋਨੀ ਮੰਡੇਰ ਆੜ੍ਹਤੀਆ, ਉੱਘੇ ਟਰਾਂਸਪੋਰਟਰ ਤਲਵੀਰ ਸਿੰਘ ਧਨੇਸਰ ਧੂਰੀ ਹਾਜ਼ਰ ਸਨ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਨੇ ਖੋਲ੍ਹੇ ਭੇਦ, ਕਿਵੇਂ ਲੁੱਟਿਆ ਜਾਂਦੈ ਗੁਰਦੁਆਰਿਆਂ ਦਾ ਧਨ
NEXT STORY