ਜਲੰਧਰ (ਧਵਨ) : ਪੰਜਾਬ ਦੇ ਉੱਪ ਮੁੱਖ ਮੰਤਰੀ (ਗ੍ਰਹਿ) ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੱਤਾ ’ਚ ਆਉਣ ’ਤੇ ਉਨ੍ਹਾਂ (ਰੰਧਾਵਾ) ਨੂੰ ਜੇਲ ਭੇਜਣ ਦੀ ਦਿੱਤੀ ਗਈ ਧਮਕੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕਿਸੇ ਵੀ ਜਾਂਚ ਤੋਂ ਡਰਨ ਵਾਲੇ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਕੋਈ ਵੀ ਗਲਤ ਕੰਮ ਨਹੀਂ ਕੀਤਾ ਹੈ। ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਖਬੀਰ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਜੋ ਵਿਅਕਤੀ ਗਲਤ ਕੰਮ ਕਰਦਾ ਹੈ, ਉਸ ਦੇ ਮਨ ’ਚ ਹੀ ਘਬਰਾਹਟ ਹੁੰਦੀ ਹੈ ਜਦ ਕਿ ਉਨ੍ਹਾਂ ਨੇ ਸਰਕਾਰੀ ਪੱਧਰ ’ਤੇ ਪੁਲਸ ਵਿਭਾਗ ’ਚ ਨਿਯੁਕਤੀਆਂ ਵੀ ਮੈਰਿਟ ਦੇ ਆਧਾਰ ’ਤੇ ਕੀਤੀਆਂ ਸਨ।
ਇਹ ਵੀ ਪੜ੍ਹੋ : ਸਿਧਾਰਥ ਚਟੋਪਾਧਿਆਏ ਨੇ ਪੰਜਾਬ ਦੇ ਡੀ. ਜੀ. ਪੀ. ਦਾ ਅਹੁਦਾ ਸੰਭਾਲਿਆ
ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਨਸ਼ਿਆਂ ਅਤੇ ਧਾਰਮਿਕ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਚੱਲ ਰਹੀ ਜਾਂਚ ’ਚ ਤੇਜ਼ੀ ਲਿਆਂਦੀ ਗਈ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਅਕਾਲੀ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਦੇ ਟੀਚੇ ਨਾਲ ਡੀ. ਜੀ. ਪੀ. ’ਚ ਤਬਦੀਲੀ ਕਰ ਕੇ ਚਟੋਪਾਧਿਆਏ ਨੂੰ ਚਾਰਜ ਦਿੱਤਾ ਗਿਆ ਹੈ, ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚਟੋਪਾਧਿਆਏ ਦੀ ਰਿਪੋਰਟ ਨਸ਼ਿਆਂ ਨਾਲ ਸਬੰਧਤ ਸੀ ਜਦ ਕਿ ਐੱਸ. ਟੀ. ਐੱਫ. ਦੀ ਰਿਪੋਰਟ ਭੋਲਾ ਕਾਂਡ ਨਾਲ ਜੁੜੀ ਹੋਈ ਸੀ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਦੀ ਡੀ. ਜੀ. ਪੀ. ਦੀ ਨਿਯੁਕਤੀ ’ਚ ਕੋਈ ਭੂਮਿਕਾ ਨਹੀਂ ਹੁੰਦੀ ਅਤੇ ਸਰਕਾਰ ਵਲੋਂ ਸਮੂਹਿਕ ਫ਼ੈਸਲਾ ਲਿਆ ਜਾਂਦਾ ਹੈ। ਉਹ ਸਮਝਦੇ ਹਨ ਕਿ ਚਟੋਪਾਧਿਆਏ ਨੇ ਵੀ ਪੁਲਸ ’ਚ ਲੰਮੇ ਸਮੇਂ ਤੱਕ ਸੇਵਾਵਾਂ ਦਿੱਤੀਆਂ ਹਨ ਅਤੇ ਉਹ ਹੁਣ ਕਾਰਜਵਾਹਕ ਡੀ. ਜੀ. ਪੀ. ਦੇ ਰੂਪ ’ਚ ਵੀ ਚੰਗੀਆਂ ਸੇਵਾਵਾਂ ਦੇਣਗੇ।
ਇਹ ਵੀ ਪੜ੍ਹੋ : ਪੁੱਤ ਦੇ ਵਿਆਹ ਲਈ ਕੈਨੇਡਾ ਤੋਂ ਪਰਤੇ ਪਰਿਵਾਰ ਨਾਲ ਵਾਪਰਿਆ ਹਾਦਸਾ, 4 ਮਹੀਨੇ ਦੇ ਬੱਚੇ ਸਣੇ 4 ਦੀ ਮੌਤ
ਉਨ੍ਹਾਂ ਨੇ ਸਾਬਕਾ ਕਾਰਜਵਾਹਕ ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਹਟਾਏ ਜਾਣ ਦੇ ਸਬੰਧ ’ਚ ਕਿਹਾ ਕਿ ਸਹੋਤਾ ਨੇ ਵੀ ਚੰਗਾ ਕੰਮ ਕੀਤਾ ਅਤੇ ਉਨ੍ਹਾਂ ’ਚ ਕੋਈ ਕਮੀ ਨਹੀਂ ਸੀ। ਰੰਧਾਵਾ ਨੇ ਕਿਹਾ ਕਿ ਅਕਾਲੀ ਉਂਝ ਹੀ ਨਸ਼ਿਆਂ ਨੂੰ ਲੈ ਕੇ ਚੱਲ ਰਹੀ ਜਾਂਚ ਦੇ ਮਾਮਲੇ ’ਚ ਰੌਲਾ ਪਾ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਕਾਂਗਰਸ ਸਰਕਾਰ ਸਿਆਸੀ ਈਰਖਾ ਦੀ ਭਾਵਨਾ ਨਾਲ ਕਿਸੇ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਬੋਲੇੜਾ ਡਰ ਸਤਾ ਰਿਹਾ ਹੈ, ਇਸ ਲਈ ਵਾਰ-ਵਾਰ ਉਹ ਅਦਾਲਤ ’ਚ ਜਾ ਰਹੇ ਹਨ। ਰੰਧਾਵਾ ਨੇ ਸਪੱਸ਼ਟ ਕੀਤਾ ਕਿ ਅਸਲ ’ਚ ਸਿਆਸੀ ਈਰਖਾ ਦੀ ਭਾਵਨਾ ਨਾਲ ਕੰਮ ਸੁਖਬੀਰ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਬਾਦਲ ਨੇ 1977 ’ਚ ਗਿਆਨੀ ਜ਼ੈਲ ਸਿੰਘ ਖ਼ਿਲਾਫ਼ ਈਰਖਾ ਦੀ ਭਾਵਨਾ ਨਾਲ ਕੇਸ ਦਰਜ ਕੀਤੇ ਸਨ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਅਤੇ ਬਾਦਲਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤੇ। ਬਾਅਦ ’ਚ ਦੋਹਾਂ ਨੇ ਆਪਸ ’ਚ ਹੱਥ ਮਿਲਾ ਲਿਆ।
ਇਹ ਵੀ ਪੜ੍ਹੋ : ਕੇਜਰੀਵਾਲ ਦੇ ਬਿਆਨ ਤੋਂ ਭੜਕੇ ਰਾਜਾ ਵੜਿੰਗ ਨੇ ਆਖ ਦਿੱਤੀ ਵੱਡੀ ਗੱਲ
ਗ੍ਰਹਿ ਮੰਤਰੀ ਤੋਂ ਜਦੋਂ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਵਲੋਂ ਵਾਰ-ਵਾਰ ਸਰਕਾਰ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਰੋਸ ਪ੍ਰਗਟਾਇਆ ਜਾ ਰਿਹਾ ਹੈ, ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ ਸਰਕਾਰ ਨੂੰ ਸੁਚੇਤ ਕਰਨਾ ਸਿੱਧੂ ਦਾ ਫਰਜ਼ ਹੈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਵ. ਸੰਤੋਖ ਸਿੰਘ ਰੰਧਾਵਾ ਵੀ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਸਨ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਾਂਗਰਸ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਹਨ? ਪਰ ਮੌਜੂਦਾ ਕਾਂਗਰਸ ਸਰਕਾਰ ਨੇ ਜਨਤਾ ਨਾਲ ਕੀਤੇ ਕਈ ਵਾਅਦਿਆਂ ਨੂੰ ਪੂਰਾ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਡਿਫਾਲਟਰਾਂ ਨੂੰ ਰਾਹਤ ਦਿੱਤੀ ਅਤੇ ਭੂਮੀਹੀਣ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਦੇ 520 ਕਰੋੜ ਦੇ ਕਰਜ਼ਿਆਂ ਨੂੰ ਮੁਆਫ ਕੀਤਾ। ਪੈਨਸ਼ਨਰਾਂ ਦੇ ਖਾਤੇ ’ਚ ਹੁਣ ਸਿੱਧੀ ਪੈਨਸ਼ਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦਰਾਂ ’ਚ ਵੀ ਸਰਕਾਰ ਨੇ 3 ਰੁਪਏ ਪ੍ਰਤੀ ਯੂਨਿਟ ਦੀ ਕਮੀ ਕੀਤੀ ਹੈ। ਇਸ ਤਰ੍ਹਾਂ ਵਪਾਰੀਆਂ ਨੂੰ ਸੀ-ਫਾਰਮ ਰਾਹੀਂ ਰਾਹਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਦਾਅ, ਇਸ ਫਾਰਮੂਲੇ ਨਾਲ ਮੈਦਾਨ ’ਚ ਉਤਰਨ ਦੀ ਤਿਆਰੀ
ਇੰਨੇ ਜ਼ਿਆਦਾ ਕੰਮ ਪਹਿਲਾਂ ਦੀ ਕੋਈ ਵੀ ਸਰਕਾਰ ਨਹੀਂ ਕਰ ਸਕੀ। ਕਾਂਗਰਸ ਟਿੱਕਟਾਂ ਨੂੰ ਲੈ ਕੇ ਮਤਭੇਦਾਂ ਬਾਰੇ ਰੰਧਾਵਾ ਨੇ ਕਿਹਾ ਕਿ ਕਾਂਗਰਸ ਇਕ ਪਰਿਵਾਰ ਹੈ ਜਿੱਥੇ ਛੋਟੀਆਂ-ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਪਰ ਉਹ ਜਾਣਦੇ ਹਨ ਕਿ ਇਕ ਵਾਰ ਕਾਂਗਰਸ ਲੀਡਰਸ਼ਿਪ ਜਿਸ ਨੂੰ ਵੀ ਟਿਕਟ ਅਲਾਟ ਕਰ ਦੇਵੇਗੀ, ਉਸ ਨੂੰ ਜਿਤਾਉਣਾ ਹਰੇਕ ਕਾਂਗਰਸੀ ਦਾ ਫਰਜ਼ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਮੁੜ ਸਰਕਾਰ ਬਣਾਏਗੀ ਅਤੇ ਸੂਬੇ ਨੂੰ ਖੁਸ਼ਹਾਲੀ ਦੇ ਮਾਰਗ ’ਤੇ ਲੈ ਕੇ ਜਾਇਆ ਜਾਵੇਗਾ। ਰੰਧਾਵਾ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੀਆਂ ਚੋਣਾਂ ’ਚ ਪੰਜਾਬ ਦੇ ਲੋਕ ਸੋਚ-ਸਮਝ ਕੇ ਵੋਟ ਪਾਉਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਨਾ ਤਾਂ ਆਮ ਆਦਮੀ ਪਾਰਟੀ ਪੰਜਾਬ ਦਾ ਭਲਾ ਕਰ ਸਕਦੀ ਹੈ ਅਤੇ ਨਾ ਹੀ ਅਕਾਲੀ ਦਲ।
ਇਹ ਵੀ ਪੜ੍ਹੋ : ਸਿਆਸਤ ’ਚ ਜਾਣ ਦੀਆਂ ਚਰਚਾਵਾਂ ਦਰਮਿਆਨ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜਦੋਂ ਵਿਆਹੁਣ ਆਏ ਲਾੜੇ ਦੇ ਨਾਜਾਇਜ਼ ਸੰਬੰਧਾਂ ਦਾ ਪ੍ਰੇਮਿਕਾ ਦੇ ਪਤੀ ਨੇ ਖੋਲ੍ਹਿਆ ਭੇਤ, ਹੈਰਾਨ ਕਰੇਗਾ ਪੂਰਾ ਮਾਮਲਾ
NEXT STORY