ਜਲਾਲਾਬਾਦ (ਜਤਿੰਦਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਦੀ ਪਿੰਡ ਟਿਵਾਨਾਂ ਕਲਾਂ ਵਿਖੇ ਹੋ ਰਹੀ ਰੈਲੀ ਦੌਰਾਨ ਉਸ ਵੇਲੇ ਪੁਲਸ ਨੂੰ ਭਾਜੜਾਂ ਪੈ ਗਈਆਂ ਜਦੋਂ ਪਿੰਡ ਦਾ ਇਕ ਸ਼ਖਸ ਜੋਗਿੰਦਰ ਸਿੰਘ ਉਰਫ ਜੇ.ਡੀ. ਟਿਵਾਨਾਂ ਕਲਾਂ ਹੱਥ 'ਚ ਪੈਟਰੋਲ ਦੀ ਬੋਤਲ ਲੈਕੇ ਉਥੇ ਪਹੁੰਚ ਗਿਆ। ਇਸ ਦੌਰਾਨ ਜਿਵੇਂ ਹੀ ਉਸ ਨੇ ਪੈਟਰੋਲ ਦੀ ਬੋਤਲ ਕੱਢੀ ਤਾਂ ਉਥੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਉਸਨੂੰ ਉਪਰੋਕਤ ਬੋਤਲ ਸਣੇ ਕਾਬੂ ਕਰ ਲਿਆ। ਤੇਜ਼ੀ ਨਾਲ ਵਾਪਰੇ ਇਸ ਘਟਨਾਕ੍ਰਮ ਦੌਰਾਨ ਉਪਰੋਕਤ ਸ਼ਖਸ ਵੱਲੋਂ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਚੌਕਸ ਪੁਲਸ ਮੁਲਾਜ਼ਮਾਂ ਵੱਲੋਂ ਨਿਕਾਮ ਕਰ ਦਿੱਤੀ ਗਈ। ਪੁਲਸ ਵੱਲੋਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਥਾਣਾ ਸਦਰ ਜਲਾਲਾਬਾਦ ਵਿਖੇ ਲਿਜਾਏ ਜਾਣ ਦੀ ਖਬਰ ਮਿਲੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੱਤਰਕਾਰਾਂ ਵੱਲੋਂ ਥਾਣਾ ਸਦਰ ਅਤੇ ਹੋਰ ਪੁਲਸ ਅਧਿਕਾਰੀਆਂ ਕੋਲ ਇਸ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਅਧਿਕਾਰੀ ਇਸ ਘਟਨਾਂ 'ਤੇ ਕੋਈ ਜਾਣਕਾਰੀ ਦੇਣ ਤੋਂ ਆਨਾਕਾਨੀ ਕਰਦੇ ਨਜ਼ਰ ਆਏ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਪੱਤਰਕਾਰ ਥਾਣਾ ਸਿਟੀ ਵਿਖੇ ਪੁੱਜੇ ਤਾਂ ਉਨ੍ਹਾਂ ਨੂੰ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਕੋਲ ਸ਼ਖ਼ਸ ਦੇ ਕੋਲ ਹੋਣ ਬਾਰੇ ਕਿਹਾ ਗਿਆ ਪਰ ਸਦਰ ਥਾਣੇ 'ਚ ਮੌਜੂਦ ਪੁਲਸ ਕਰਮਚਾਰੀਆਂ ਵੱਲੋਂ ਇਸ ਸਬੰਧੀ ਕੋਈ ਵੀ ਜਾਣਕਾਰੀ ਐੱਸ.ਐੱਚ.ਓ. ਕੋਲ ਹੋਣ ਦੀ ਗੱਲ ਆਖ ਕੇ ਟਾਲ ਦਿੱਤਾ ਗਿਆ। ਉਕਤ ਵਿਅਕਤੀ ਵਲੋਂ ਪੈਟਰੋਲ ਦੀ ਬੋਤਲ ਲੈ ਕੇ ਸੁਖਬੀਰ ਬਾਦਲ ਦੀ ਰੈਲੀ 'ਚ ਪਹੁੰਚਣ ਦਾ ਮਨਸ਼ਾ ਕੀ ਸੀ, ਇਸ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।
ਦੂਜੇ ਇਸ ਘਟਨਾਂ ਨੂੰ ਲੈ ਕੇ ਪਿੰਡ ਟਿਵਾਨਾਂ ਕਲਾਂ ਅਤੇ ਅਕਾਲੀ ਵਰਕਰਾਂ 'ਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਰਕਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਚੜ੍ਹਤ ਵੇਖ ਕੇ ਵਿਰੋਧੀ ਬੌਖਲਾ ਗਏ ਹਨ ਅਤੇ ਕੋਝੀਆਂ ਹਰਕਤਾਂ 'ਤੇ ਉਤਰ ਆਏ ਹਨ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਪੰਜਾਬ 'ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਪਰੋਕਤ ਵਿਅਕਤੀ ਬਾਰੇ ਪਿੰਡ 'ਚੋਂ ਇਕੱਠੀ ਕੀਤੀ ਗਈ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਹਮੇਸ਼ਾ ਹੀ ਵਿਵਾਦਾਂ 'ਚ ਘਿਰਿਆ ਰਹਿੰਦਾ ਹੈ ਅਤੇ ਲੋਕਾਂ 'ਤੇ ਝੂਠੇ ਪਰਚੇ ਕਰਵਾਉਣ ਲਈ ਦਰਖਾਸਤਾਂ ਦੇਣ 'ਚ ਮੋਹਰੀ ਮੰਨਿਆਂ ਜਾਂਦਾ ਹੈ। ਇਸ ਮਾਮਲੇ ਸਬੰਧੀ ਜਦੋਂ ਜਲਾਲਾਬਾਦ ਦੇ ਡੀ.ਐਸ. ਜਸਪਾਲ ਸਿੰਘ ਢਿੱਲੋਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਸਰਕਾਰੀ ਫੋਨ ਬੰਦ ਹੋਣ ਕਾਰਨ ਸੰਪਰਕ ਨਹੀਂ ਹੋ ਸਕਿਆ।
ਪਹਿਲਾ ਪੱਗੜੀਧਾਰੀ ਸਿੱਖ ਨਾਰਵੇ ਵਿਚ ਬਣਿਆ ਕੌਂਸਲਰ
NEXT STORY