ਚੰਡੀਗੜ੍ਹ(ਸ਼ਰਮਾ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੀਆਂ ਵਿਧਾਨ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਨੂੰ ਹਾਲੇ ਤੱਕ ਪਚਾ ਨਹੀਂ ਸਕੇ ਹਨ। ਇਹੀ ਕਾਰਨ ਹੈ ਕਿ ਉਹ ਹੁਣ ਸੂਬੇ 'ਚ ਗੁਆਚੀ ਆਪਣੀ ਤੇ ਅਕਾਲੀ ਦਲ ਦੀ ਰਾਜਨੀਤਕ ਜ਼ਮੀਨ ਨੂੰ ਫਿਰ ਪਾਉਣ ਲਈ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਸਹਾਰਾ ਲੈ ਰਹੇ ਹਨ। ਖਹਿਰਾ ਸੁਖਬੀਰ ਬਾਦਲ ਵੱਲੋਂ ਇਕ ਇੰਟਰਵਿਊ 'ਚ ਦਿੱਤੇ ਗਏ ਉਸ ਬਿਆਨ 'ਤੇ ਪ੍ਰਤੀਕਿਰਿਆ ਪ੍ਰਗਟ ਕਰ ਰਹੇ ਸਨ, ਜਿਸ 'ਚ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਹ ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਉਣਗੇ। ਖਹਿਰਾ ਨੇ ਦੋਸ਼ ਲਾਇਆ ਕਿ ਨਾ ਤਾਂ ਜੂਨੀਅਰ ਬਾਦਲ ਤੇ ਨਾ ਹੀ ਅਕਾਲੀ ਦਲ ਸਿੱਖਾਂ ਜਾਂ ਪੰਜਾਬ ਦੇ ਹਿੱਤਾਂ ਪ੍ਰਤੀ ਗੰਭੀਰ ਰਹੇ ਹਨ। ਜੇ ਅਜਿਹਾ ਨਹੀਂ ਤਾਂ ਫਿਰ ਸੁਖਬੀਰ ਜਾਂ ਅਕਾਲੀ ਦਲ ਨੂੰ ਪਿਛਲੇ 10 ਸਾਲਾਂ ਦੇ ਰਾਜ 'ਚ ਮਹੱਤਵਪੂਰਨ ਮਾਮਲੇ ਦੀ ਯਾਦ ਕਿਉਂ ਨਹੀਂ ਆਈ। ਕੇਂਦਰ 'ਚ ਸੱਤਾ 'ਚ ਹਿੱਸੇਦਾਰ ਹੋਣ 'ਤੇ ਵੀ ਸੰਸਦ 'ਚ ਇਸ ਬਾਬਤ ਸੰਵਿਧਾਨ ਦੇ ਆਰਟੀਕਲ 25 (2) 'ਚ ਸੋਧ ਲਈ ਪ੍ਰਸਤਾਵ ਕਿਉਂ ਨਹੀਂ ਲਿਆਂਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬਾਦਲਾਂ ਨੇ ਕਦੇ ਵੀ ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲੀ ਵਾਲੇ ਇਲਾਕਿਆਂ ਨੂੰ ਪੰਜਾਬ 'ਚ ਮਿਲਾਉਣ, ਪੰਜਾਬ ਦੇ ਪਾਣੀ 'ਤੇ ਸੂਬੇ ਦਾ ਅਧਿਕਾਰ ਆਦਿ ਮਾਮਲਿਆਂ 'ਤੇ ਗੰਭੀਰਤਾ ਨਹੀਂ ਦਿਖਾਈ। ਅਕਾਲੀ ਦਲ ਤੇ ਬਾਦਲਾਂ ਨੂੰ ਸਿਰਫ ਸੱਤਾ ਤੋਂ ਵਾਂਝੇ ਹੋਣ 'ਤੇ ਹੀ ਇਨ੍ਹਾਂ ਮੁੱਦਿਆਂ ਦੀ ਯਾਦ ਆਉਂਦੀ ਹੈ ਤਾਂ ਕਿ ਇਨ੍ਹਾਂ ਸੰਵੇਦਨਸ਼ੀਲ ਮੁੱਦਿਆਂ 'ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਹ ਆਪਣੇ ਰਾਜਨੀਤਕ ਹਿੱਤ ਪੂਰ ਸਕਣ।
ਖੁਦਕੁਸ਼ੀ ਕਰਨ ਵਾਲੀ ਕਰਾਟੇ ਖਿਡਾਰਨ ਦੇ ਕੇਸ 'ਚ ਸਿਆਸੀ ਦਖਲ ਦੀ ਹੋਵੇ ਜਾਂਚ : ਸੁਖਬੀਰ
NEXT STORY