ਜਲੰਧਰ (ਵੈੱਬ ਡੈਸਕ) : ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਕ ਵਾਰ ਫਿਰ ਚਰਚਾ ਵਿਚ ਹਨ। ਇਹ ਚਰਚਾ ਹੁਣ ਸੁਖਬੀਰ ਸਿੰਘ ਬਾਦਲ ਦੇ 'ਗਾਤਰੇ' ਨੂੰ ਲੈ ਕੇ ਛਿੜੀ ਹੈ। ਦਰਅਸਲ ਬੀਤੇ ਦਿਨੀਂ ਸੁਖਬੀਰ ਬਾਦਲ ਦਿੜਬਾ 'ਚ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਸੁਖਬੀਰ ਦੇ ਕੁੜਤੇ ਦੇ ਉਪਰਲੇ ਦੋ ਬਟਨ ਖੁੱਲ੍ਹੇ ਹੋਏ ਸਨ ਅਤੇ ਉਨ੍ਹਾਂ ਵਲੋਂ ਪਹਿਨਿਆ ਗਿਆ 'ਗਾਤਰਾ' ਸਾਫ ਨਜ਼ਰ ਆ ਰਿਹਾ ਸੀ। ਇਹ ਪਹਿਲਾ ਮੌਕਾ ਹੈ ਜਦੋਂ ਸੁਖਬੀਰ ਬਾਦਲ ਨੇ ਜਨਤਕ ਤੌਰ 'ਤੇ ਆਪਣੇ ਆਪ ਨੂੰ 'ਪੂਰਨ ਸਿੱਖ' ਸਾਬਤ ਕਰਦੇ ਹੋਏ 'ਗਾਤਰਾ' ਦਿਖਾਇਆ ਹੋਵੇ। ਇਸ ਤੋਂ ਪਹਿਲਾਂ ਵਿਰੋਧੀਆਂ ਵਲੋਂ ਲਗਾਤਾਰ ਸੁਖਬੀਰ ਬਾਦਲ 'ਤੇ ਖੁਦ ਨੂੰ 'ਪੂਰਨ ਸਿੱਖ' ਸਾਬਤ ਕਰਨ ਨੂੰ ਲੈ ਕੇ ਹਮਲੇ ਕੀਤੇ ਜਾਂਦੇ ਰਹੇ ਹਨ।
ਇਸ ਸੰਬੰਧੀ ਸੁਖਬੀਰ ਬਾਦਲ ਨਾਲ ਤਾਂ ਗੱਲ ਨਹੀਂ ਹੋ ਸਕੀ ਪਰ ਜਦੋਂ ਇਕ ਅਕਾਲੀ ਆਗੂ ਤੋਂ ਇਸ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਧਾਨ ਸਾਬ੍ਹ 2008 ਵਿਚ ਹੀ ਪੂਰਨ ਸਿੱਖ ਬਣ ਗਏ ਸਨ ਪਰ ਉਨ੍ਹਾਂ ਨੇ ਕਦੇ ਵੀ ਜਨਤਕ ਤੌਰ 'ਤੇ ਇਸ ਦਾ ਦਿਖਾਵਾ ਨਹੀਂ ਕੀਤਾ।
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵਲੋਂ ਬੀਤੇ ਵਰ੍ਹੇ ਵਿਧਾਨ ਸਭਾ ਵਿਚ ਸੁਖਬੀਰ ਬਾਦਲ ਦੇ ਪੂਰਨ ਸਿੱਖ ਹੋਣ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਵਿਧਾਨ ਸਭਾ ਵਿਚ ਸੁਖਬੀਰ ਬਾਦਲ ਦੀ ਇਕ ਤਸਵੀਰ ਪੇਸ਼ ਕੀਤੀ ਸੀ, ਜਿਸ ਵਿਚ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਦੌਰਾਨ ਸੁਖਬੀਰ ਬਾਦਲ ਪਾਣੀਆਂ ਦੀਆਂ ਵਾਛੜਾਂ 'ਚ ਭਿੱਜ ਗਏ ਸਨ ਅਤੇ ਉਨ੍ਹਾਂ ਦੇ ਗਿੱਲੇ ਕੱਪੜਿਆਂ ਵਿਚ 'ਗਾਤਰਾ' ਸਾਹਿਬ ਨਜ਼ਰ ਨਹੀਂ ਸੀ ਆ ਰਿਹਾ ਸੀ। ਇਸ ਤਰ੍ਹਾਂ ਉਨ੍ਹਾਂ ਸਿੱਖੀ ਨਿਯਮਾਂ ਦਾ ਉਲੰਘਣ ਕੀਤਾ ਸੀ।
ਹਾਲਾਂਕਿ ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ 'ਅੰਮ੍ਰਿਤਪਾਨ' ਕੀਤਾ ਸੀ ਅਤੇ ਉਹ ਗੁਰੂ ਦੇ ਸੱਚੇ ਸਿਖ ਹਨ। ਸੁਖਬੀਰ ਨੇ ਕਿਹਾ ਸੀ ਕਿ ਉਨ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪੂਰਨ ਵਿਸ਼ਵਾਸ ਹੈ ਅਤੇ ਗੁਰੂ ਨੂੰ ਹੀ ਜਵਾਬਦੇਹ ਹਨ ਕਿਸੇ ਹੋਰ ਨੂੰ ਨਹੀਂ।
ਪੁਰਾਣੀਆਂ ਮਸ਼ੀਨਾਂ ਨਾਲ ਵੀ ਇਕੱਠਾ ਕੀਤਾ ਜਾਵੇਗਾ 'ਹਵਾ ਪ੍ਰਦੂਸ਼ਣ' ਦਾ ਡਾਟਾ
NEXT STORY