ਜਲੰਧਰ (ਅਨਿਲ ਪਾਹਵਾ)–2022 ’ਚ ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਜਦੋਂ ਨਤੀਜੇ ਆਏ ਸਨ ਤਾਂ 2 ਸਿਆਸੀ ਪਾਰਟੀਆਂ ਨੂੰ ਮਿਲੀਆਂ ਸੀਟਾਂ ਨੇ ਸਾਰਿਆਂ ਨੂੰ ਅਚੰਭੇ ’ਚ ਪਾ ਦਿੱਤਾ ਸੀ। ਇਕ ਤਾਂ ਆਮ ਆਦਮੀ ਪਾਰਟੀ ਜੋ 92 ਸੀਟਾਂ ਲੈ ਗਈ ਅਤੇ ਦੂਜਾ ਸ਼੍ਰੋਮਣੀ ਅਕਾਲੀ ਦਲ ਜੋ 3 ਸੀਟਾਂ ’ਤੇ ਹੀ ਸਿਮਟ ਗਿਆ। ਇਸ ਨਤੀਜੇ ਨੇ ਕਾਫ਼ੀ ਹੱਦ ਤਕ ਸਪਸ਼ਟ ਕਰ ਦਿੱਤਾ ਸੀ ਕਿ ਅਕਾਲੀ ਦਲ ਦੀ ਸਥਿਤੀ ਪੰਜਾਬ ’ਚ ਬਿਹਤਰ ਨਹੀਂ ਪਰ ਜਿਸ ਤਰ੍ਹਾਂ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਖ਼ਿਲਾਫ਼ ਖੜ੍ਹੀ ਹੋਈ ਬੀਬੀ ਜਗੀਰ ਕੌਰ ਨੂੰ 42 ਵੋਟਾਂ ਮਿਲੀਆਂ ਹਨ, ਉਸ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਲ ਦੀ ਨੀਂਹ ’ਚ ਤਰੇੜ ਆ ਚੁੱਕੀ ਹੈ।
ਬੁੱਧਵਾਰ ਨੂੰ ਹੋਈਆਂ ਇਨ੍ਹਾਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਮਿਲੀਆਂ। ਬੇਸ਼ੱਕ ਬੀਬੀ ਹਾਰ ਗਈ ਪਰ ਜੋ ਹੱਕ ’ਚ 42 ਵੋਟਾਂ ਮਿਲੀਆਂ, ਉਹ ਅਕਾਲੀ ਦਲ ਦੇ ਅੰਦਰ ਦੀ ਕਹਾਣੀ ਤੋਂ ਲੈ ਕੇ ਪਾਰਟੀ ਦੀ ਨੀਂਹ ਤਕ ਦੀ ਕਹਾਣੀ ਬਿਆਨ ਕਰ ਗਈਆਂ। ਵੱਡਾ ਸਵਾਲ ਇਹ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਬੀਬੀ ਜਗੀਰ ਕੌਰ ਨੇ ਨਾ ਸਿਰਫ਼ ਸਖ਼ਤ ਟੱਕਰ ਦਿੱਤੀ ਹੈ, ਸਗੋਂ ਇਹ ਵਿਖਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਨੂੰ ਆਪਣੀ ਰਣਨੀਤੀ ਬਦਲਣੀ ਪਵੇਗੀ ਤਾਂ ਜੋ ਪਾਰਟੀ ਨੂੰ ਇਕਜੁੱਟ ਕਰਕੇ ਰੱਖ ਸਕਣ, ਨਹੀਂ ਤਾਂ 42 ਵਿਅਕਤੀਆਂ ਵੱਲੋਂ ਪਾਰਟੀ ਦੇ ਉਮੀਦਵਾਰ ਖ਼ਿਲਾਫ਼ ਵੋਟ ਪਾਉਣੀ ਕੋਈ ਆਮ ਘਟਨਾ ਨਹੀਂ ਹੈ।
ਇਹ ਵੀ ਪੜ੍ਹੋ : ਕੈਨੇਡਾ 'ਚ ਪਹਿਲੀ ਵਾਰ ਨਵੰਬਰ ਨੂੰ ਰਾਸ਼ਟਰੀ ਹਿੰਦੂ ਵਿਰਾਸਤ ਮਹੀਨੇ ਵਜੋਂ ਮਨਾ ਰਹੇ ਭਾਰਤੀ
ਸੁਖਬੀਰ ਹੁਣ ਅੱਗੇ ਕੀ ਕਰਨਗੇ?
ਸੁਖਬੀਰ ਬਾਦਲ ਸਾਹਮਣੇ ਵੱਡੀ ਚਿਤਾਵਨੀ ਹੈ ਕਿ ਕੀ ਉਹ ਹੁਣ ਉਨ੍ਹਾਂ 42 ਵਿਅਕਤੀਆਂ ਨੂੰ ਬਾਹਰ ਦਾ ਰਸਤਾ ਵਿਖਾਉਣਗੇ, ਜਿਨ੍ਹਾਂ ਨੇ ਪਾਰਟੀ ਦੇ ਉਮੀਦਵਾਰ ਖ਼ਿਲਾਫ਼ ਵੋਟ ਪਾਈ ਹੈ। ਜੇ ਸੁਖਬੀਰ ਅਜਿਹਾ ਕਰਦੇ ਹਨ ਤਾਂ ਅਕਾਲੀ ਦਲ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਕਾਰਨ ਇਹ ਹੈ ਕਿ ਪਾਰਟੀ ਅੰਦਰ ਮਜ਼ਬੂਤ ਲੋਕਾਂ ਦੀ ਪਹਿਲਾਂ ਹੀ ਕਮੀ ਮਹਿਸੂਸ ਹੋ ਰਹੀ ਹੈ। ਜੇ ਕਿਤੇ ਛਾਂਟੀ ਕਰ ਦਿੱਤੀ ਜਾਂਦੀ ਹੈ ਤਾਂ ਪਾਰਟੀ ਦੇ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ।
ਬੀਬੀ ਲਈ ਅੱਗੇ ਦਾ ਰਸਤਾ
ਬੀਬੀ ਜਗੀਰ ਕੌਰ ਅਕਾਲੀ ਦਲ ’ਚੋਂ ਬਾਹਰ ਆ ਚੁੱਕੀ ਹੈ ਅਤੇ ਐੱਸ. ਜੀ. ਪੀ. ਸੀ. ਦੀਆਂ ਚੋਣਾਂ ’ਚ ਮੈਦਾਨ ਵਿਚ ਉਤਰ ਕੇ ਉਨ੍ਹਾਂ ਸਿੱਧੇ ਤੌਰ ’ਤੇ ਸੁਖਬੀਰ ਬਾਦਲ ਖ਼ਿਲਾਫ਼ ਬਗਾਵਤ ਦਾ ਬਿਗੁਲ ਵਜਾ ਦਿੱਤਾ ਹੈ। ਬੀਬੀ ਹੁਣ ਅੱਗੇ ਕੀ ਕਰੇਗੀ, ਇਹ ਵੱਡਾ ਸਵਾਲ ਹੈ। ਕਾਂਗਰਸ ’ਚ ਉਹ ਜਾ ਨਹੀਂ ਸਕਦੀ ਪਰ ਭਾਜਪਾ ’ਚ ਜਾਣ ਦਾ ਇਕ ਰਸਤਾ ਅਜੇ ਵੀ ਉਨ੍ਹਾਂ ਕੋਲ ਖੁੱਲ੍ਹਾ ਹੈ। ਵੱਡੀ ਗੱਲ ਇਹ ਹੈ ਕਿ ਭਾਜਪਾ ਨੂੰ ਵੀ ਅਜੇ ਤਕ ਪੰਥਕ ਵੋਟ ਬੈਂਕ ’ਚ ਸੰਨ੍ਹ ਲਾਉਣ ਵਾਲਾ ਕੋਈ ਚਿਹਰਾ ਨਹੀਂ ਮਿਲਿਆ ਸੀ ਪਰ ਬੀਬੀ ਜਗੀਰ ਕੌਰ ਦੇ ਰੂਪ ’ਚ ਪਾਰਟੀ ਦੀ ਭਾਲ ਪੂਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਹਰਿਆਣਾ 'ਚ ਲਾਗੂ ਹੈ 'ਆਨੰਦ ਮੈਰਿਜ ਐਕਟ', ਪੰਜਾਬ 'ਚ ਕਈ ਅਸਫ਼ਲ ਕੋਸ਼ਿਸ਼ਾਂ ਮਗਰੋਂ ਹੁਣ ਨਜ਼ਰਾਂ ਮਾਨ ਸਰਕਾਰ 'ਤੇ
ਖਡੂਰ ਸਾਹਿਬ ਤੋਂ ਬਣ ਸਕਦੀ ਹੈ ਭਾਜਪਾ ਦਾ ਚਿਹਰਾ!
ਅਗਲੇ ਸਾਲ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ’ਚ ਬੀਬੀ ਜਗੀਰ ਕੌਰ ਖਡੂਰ ਸਾਹਿਬ ਤੋਂ ਭਾਜਪਾ ਦੀ ਉਮੀਦਵਾਰ ਬਣ ਸਕਦੀ ਹੈ। ਉਹ ਇਸ ਸੀਟ ’ਤੇ ਪਹਿਲਾਂ ਵੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਚੁੱਕੀ ਹੈ ਅਤੇ ਲਗਭਗ 30 ਫ਼ੀਸਦੀ ਵੋਟਾਂ ਹਾਸਲ ਕਰਨ ’ਚ ਸਫ਼ਲ ਰਹੀ ਸੀ। ਇਸ ਸੀਟ ’ਤੇ ਜਸਬੀਰ ਸਿੰਘ ਗਿੱਲ ਨੇ ਕਾਂਗਰਸ ਦੀ ਟਿਕਟ ’ਤੇ ਜਿੱਤ ਹਾਸਲ ਕੀਤੀ ਸੀ ਪਰ ਉਨ੍ਹਾਂ ਨੂੰ ਲਗਭਗ 43 ਫ਼ੀਸਦੀ ਵੋਟਾਂ ਮਿਲੀਆਂ ਸਨ। ਇਹ ਹਲਕਾ ਬੀਬੀ ਲਈ ਨਵਾਂ ਨਹੀਂ। ਉਹ ਇਸ ਇਲਾਕੇ ਦੀ ਗਲੀ-ਗਲੀ ਘੁੰਮੀ ਹੈ। ਉਹ ਇਹ ਗੱਲ ਕਹਿ ਚੁੱਕੀ ਹੈ ਕਿ ਅਕਾਲੀ ਦਲ ਦੇ ਵੱਡੇ ਲੀਡਰਾਂ ਦੀ ਇਕ-ਦੂਜੇ ਨਾਲ ਖਿੱਚੋਤਾਣ ਕਾਰਨ ਉਹ ਚੋਣ ਹਾਰੀ ਸੀ। ਜੇ ਭਾਜਪਾ ਉਨ੍ਹਾਂ ਨੂੰ ਮੈਦਾਨ ’ਚ ਉਤਾਰਦੀ ਹੈ ਤਾਂ ਨਤੀਜੇ ਹੈਰਾਨ ਕਰਨ ਵਾਲੇ ਹੋ ਸਕਦੇ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਡੇਰਾ ਪ੍ਰੇਮੀ ਦੇ ਕਤਲ ਮਗਰੋਂ ਐਕਸ਼ਨ 'ਚ ਮਾਨ ਸਰਕਾਰ, DGP ਤੇ ਸੀਨੀਅਰ ਅਫ਼ਸਰਾਂ ਦੀ ਸੱਦੀ ਮੀਟਿੰਗ
NEXT STORY