ਚੰਡੀਗੜ੍ਹ/ਮੋਹਾਲੀ— ਚੰਡੀਗੜ੍ਹ ਵਿਖੇ ਰਾਜ ਸਭਾ ਮੈਂਬਰ ਅਤੇ ਨਵਾਂ ਅਕਾਲੀ ਦਲ ਬਣਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਕੈਪਟਨ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਵੀ ਉਡਦੀਆਂ ਨਜ਼ਰ ਆਈਆਂ। ਇਸ ਮੌਕੇ ਸੁਖਦੇਵ ਢੀਂਡਸਾ ਕੋਰੋਨਾ ਵਾਇਰਸ ਨੂੰ ਲੈ ਕੇ ਦਿੱਤੀਆਂ ਗਈਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਹੀ ਭੁੱਲ ਗਏ। ਇਥੇ ਦੱਸਣਯੋਗ ਹੈ ਕਿ ਇਹ ਇਕੱਠ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਰਹੇ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਅਤੇ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਦੇ ਢੀਂਡਸਾ ਗਰੁੱਪ 'ਚ ਸ਼ਾਮਲ ਹੋਣ ਲਈ ਕੀਤਾ ਗਿਆ ਸੀ। ਇਸ ਦੌਰਾਨ ਰਣਜੀਤ ਸਿੰਘ ਅੱਜ ਅਕਾਲੀ ਦਲ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ।

ਸ਼ਕਤੀ ਪ੍ਰਦਰਸ਼ਨ ਦੌਰਾਨ ਇਕ ਮਹਿਲਾ ਅਤੇ ਸਰਦਾਰ ਢੀਂਡਸਾ ਨੂੰ ਛੱਡ ਕੇ ਬਾਕੀ ਆਗੂ ਕੈਪਟਨ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗਦੇ ਹੋਏ ਨਜ਼ਰ ਆਏ। ਕਈਆਂ ਨੇ ਮਾਸਕ ਗਲੇ 'ਚ ਲਟਕਾਇਆ ਹੋਇਆ ਸੀ ਤਾਂ ਕਈਆਂ ਨੇ ਸਾਫ ਤਸਵੀਰ ਦੇ ਚੱਕਰ 'ਚ ਮਾਸਕ ਵੀ ਨਹੀਂ ਪਾਏ ਹੋਏ ਸਨ। ਇਥੇ ਦੱਸ ਦੇਈਏ ਕਿ ਇਸ ਗੱਲ ਤੋਂ ਵਾਕਿਫ ਢੀਂਡਸਾ ਸਾਬ੍ਹ ਨੇ ਚਲਦੀ ਪ੍ਰੈੱਸ ਕਾਨਫੰਰਸ ਦੌਰਾਨ ਉਨ੍ਹਾਂ ਨੇ ਇਸ ਦਾ ਦੋ ਵਾਰ ਜ਼ਿਕਰ ਵੀ ਕੀਤਾ।

ਇਸ ਮੌਕੇ ਢੀਂਡਸਾ ਸਾਬ੍ਹ ਨੇ ਕਿਹਾ ਕਿ ਰਣਜੀਤ ਸਿੰਘ ਤਲਵੰਡੀ ਦੇ ਬਹੁਤ ਸਾਰੇ ਸਾਥੀ ਵੀ ਆਏ ਸਨ ਅਤੇ ਉਨ੍ਹਾਂ ਨੂੰ ਅਸੀਂ ਸਿਰੋਪਾਓ ਵੀ ਨਹੀਂ ਦੇ ਸਕੇ। ਸਿਰਫ ਦੋ ਨੂੰ ਵੀ ਸਿਰੋਪਾਓ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਤਲਵੰਡੀ ਦੇ ਰੋਕਣ ਦੇ ਬਾਵਜੂਦ ਵੀ ਬਹੁਤ ਵੱਡਾ ਕਾਫਿਲਾ ਵੀ ਆਇਆ ਸੀ, ਜਿਸ ਨੂੰ ਰੋਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੁਕਮਾਂ ਨੂੰ ਧਿਆਨ 'ਚ ਰੱਖਦੇ ਹੋਏ ਨਾਲ ਬਹੁਤ ਵੱਡਾ ਕਾਫਿਲਾ ਵੀ ਆਇਆ ਸੀ, ਜਿਸ ਨੂੰ ਇਨ੍ਹਾਂ ਵੱਲੋਂ ਅਤੇ ਸਾਡੇ ਵੱਲੋਂ ਵੀ ਰੋਕਿਆ ਗਿਆ ਸੀ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਰਣਜੀਤ ਸਿੰਘ ਤਲਵੰਡੀ ਦੇ ਨਾਲ ਆਏ ਸਾਰੇ ਆਗੂਆਂ ਸਣੇ ਕਾਫਿਲੇ ਦਾ ਧੰਨਵਾਦ ਵੀ ਕੀਤਾ।

ਇਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਨਵੀਂ ਸਿਆਸੀ ਪਾਰੀ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਵੱਲੋਂ ਆਪਣੀ ਅਣਦੇਖੀ ਦਾ ਸ਼ਿਕਾਰ ਹੋ ਕੇ ਘਰਾਂ 'ਚ ਸ਼ਾਂਤ ਬੈਠੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਮਨਾ ਕੇ ਆਪਣੇ ਨਾਲ ਤੋਰਨ ਲਈ ਆਰੰਭੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਅੱਜ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਅਤੇ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਆਪਣੇ ਸਾਥੀਆਂ ਸਮੇਤ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ।
ਲੁਧਿਆਣਾ 'ਚ ਕੋਰੋਨਾ ਦਾ ਕਹਿਰ, 131 ਨਵੇਂ ਮਾਮਲੇ ਆਏ ਸਾਹਮਣੇ ਤੇ 2 ਮਰੀਜ਼ਾਂ ਦੀ ਹੋਈ ਮੌਤ
NEXT STORY