ਜਲੰਧਰ, (ਪ੍ਰੀਤ)- ਗੈਂਗਸਟਰ ਸ਼ੇਰੂ ਧੀਰੋਵਾਲੀਆ ਦੀ ਹਿਮਾਚਲ ਪ੍ਰਦੇਸ਼ ਵਿਚ ਹੱਤਿਆ ਤੋਂ ਬਾਅਦ ਉਸ ਦਾ ਗੈਂਗ ਚਲਾ ਰਹੇ ਸੁੱਖੀ ਧੀਰੋਵਾਲੀਆ ਅਤੇ ਉਸ ਦੇ ਦੋ ਸਾਥੀਆਂ ਨੂੰ ਜਲੰਧਰ ਦਿਹਾਤ ਦੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਕਾਬੂ ਕਰ ਲਿਆ। ਗ੍ਰਿਫਤਾਰ ਗੈਂਗਸਟਰ ਤੋਂ ਅਸਲਾ, ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਜਲੰਧਰ ਦਿਹਾਤ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ. ਸਟਾਫ -1 ਦੇ ਇੰਸਪੈਕਟਰ ਹਰਿੰਦਰ ਸਿੰਘ ਗਿੱਲ ਨੂੰ ਸੂਚਨਾ ਮਿਲੀ ਕਿ ਆਦਮਪੁਰ ਇਲਾਕੇ ਵਿਚ ਗੈਂਗਸਟਰ ਸਰਗਰਮ ਹਨ ਅਤੇ ਵਾਰਦਾਤ ਦੀ ਫਿਰਾਕ ਵਿਚ ਹਨ।
ਸੂਚਨਾ ਮਿਲਦਿਆਂ ਹੀ ਐੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ, ਡੀ.ਐੱਸ. ਪੀ. ਸੁਰਿੰਦਰ ਮੋਹਨ ਦੀ ਅਗਵਾਈ ਵਿਚ ਯੋਜਨਾਬੱਧ ਢੰਗ ਨਾਲ ਕੀਤੀ ਗਈ ਜਾਂਚ ਦੌਰਾਨ ਪੁਲਸ ਟੀਮ ਨੇ ਸਤਨਾਮ ਸਿੰਘ ਉਰਫ ਸੁੱਖੀ ਧੀਰੋਵਾਲੀਆ ਪੁੱਤਰ ਹਰਬੰਸ ਸਿੰਘ ਵਾਸੀ ਧੀਰੋਵਾਲ ਆਦਮਪੁਰ, ਸੈਮੂਅਲ ਉਰਫ ਲੱਕੀ ਪੁੱਤਰ ਡੇਵਿਡ ਵਾਸੀ ਅੰਬਗੜ੍ਹ ਕਰਤਾਰਪੁਰ ਅਤੇ ਭੁਪਿੰਦਰ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਜੰਡੋਰ ਦਸੂਹਾ, ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ । ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਤਿੰਨਾਂ ਗੈਂਗਸਟਰਾਂ ਤੋਂ 2 ਪਿਸਤੌਲਾਂ, ਇਕ ਰਿਵਾਲਵਰ, 7 ਕਾਰਤੂਸ, 155 ਗ੍ਰਾਮ ਨਸ਼ੀਲਾ ਪਾਊਡਰ ਅਤੇ ਇਕ ਕਾਰ ਬਰਾਮਦ ਕੀਤੀ ਗਈ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਅਪਰਾਧਿਕ ਵਾਰਦਾਤਾਂ ਵਿਚ ਸ਼ਾਮਲ ਸਨ।
ਇਸ ਤੋਂ ਪਹਿਲਾਂ ਇਹ ਗੈਂਗ ਗੈਂਗਸਟਰ ਸ਼ੇਰੂ ਧੀਰੋਵਾਲੀਆ ਵੱਲੋਂ ਚਲਾਇਆ ਜਾਂਦਾ ਸੀ ਪਰ ਕੁਝ ਸਾਲ ਪਹਿਲਾਂ ਸ਼ੇਰੂ ਧੀਰੋਵਾਲੀਆ ਦੀ ਹਿਮਾਚਲ ਪ੍ਰਦੇਸ਼ ਵਿਚ ਹੱਤਿਆ ਕਰ ਦਿੱਤੀ ਗਈ ਸੀ। ਸ਼ੇਰੂ ਧੀਰੋਵਾਲੀਆ ਦੀ ਹੱਤਿਆ ਤੋਂ ਬਾਅਦ ਸੁੱਖੀ ਧੀਰੋਵਾਲੀਆ ਨੇ ਗੈਂਗ ਨੂੰ ਸੰਭਾਲ ਲਿਆ ਅਤੇ ਖੁਦ ਵਾਰਦਾਤਾਂ ਕਰਨ ਲੱਗਾ।
20 ਕੇਸਾਂ ਵਿਚ ਲੋੜੀਂਦਾ ਹੈ ਸੁੱਖੀ ਧੀਰੋਵਾਲੀਆ
ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੁੱਖੀ ਧੀਰੋਵਾਲੀਆ ਪਿਛਲੇ ਕਰੀਬ 8 ਸਾਲ ਤੋਂ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੈ। ਸੁੱਖੀ ਦੁਆਰਾ ਪਹਿਲਾਂ ਮਾਰ ਕੁੱਟ, ਲੁੱਟ ਦੀਆਂ ਵਾਰਦਾਤਾਂ ਤੋਂ ਬਾਅਦ ਪਿਛਲੇ ਸਮੇਂ ਵਿਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਕਾਰੋਬਾਰ ਵਿਚ ਲੱਗ ਗਿਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਸੁੱਖੀ 'ਤੇ ਪਿਛਲੇ 8 ਸਾਲਾਂ ਵਿਚ 20 ਕੇਸ ਦਰਜ ਹੋਏ ਹਨ। ਉਹ ਕਈ ਵਾਰ ਜੇਲ ਵੀ ਜਾ ਚੁੱਕਿਆ ਹੈ ਅਤੇ ਜ਼ਮਾਨਤ 'ਤੇ ਰਿਹਾਅ ਹੋ ਕੇ ਆ ਗਿਆ।
ਦੋਸ਼ੀ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਹੁਣ ਬਰਾਮਦ ਕੀਤਾ ਗਿਆ 32 ਬੋਰ ਦਾ ਰਿਵਾਲਵਰ ਸੈਮੂਅਲ ਉਰਫ ਲੱਕੀ ਤੋਂ ਲਿਆ ਗਿਆ ਸੀ, ਜੋ ਕਿ ਦੇਸੀ ਹਥਿਆਰ ਯੂ. ਪੀ. ਤੋਂ ਲੈ ਕੇ ਆਇਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਮੇਰਠ, ਯੂ. ਪੀ. ਤੋਂ ਨਜਾਇਜ਼ ਹਥਿਆਰ ਲਿਆ ਕੇ ਇਥੇ ਵਾਰਦਾਤਾਂ ਕਰਦਾ ਰਿਹਾ ਹੈ। ਪੁਲਸ ਨੇ ਹੁਣ ਤੱਕ ਦੋਸ਼ੀ ਤੋਂ ਸਾਲ 2015 ਵਿਚ 2 ਪਿਸਤੌਲਾਂ, 2016 ਵਿਚ 2 ਪਿਸਤੌਲਾਂ, ਮੇਰਠ ਪੁਲਸ ਵੱਲੋਂ 4 ਦੇਸੀ ਪਿਸਤੌਲਾਂ ਅਤੇ ਸਾਲ 2017 ਵਿਚ 3 ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਤੋਂ ਹੁਣ ਤੱਕ 11 ਨਾਜਾਇਜ਼ ਪਿਸਤੌਲਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਸੈਮੂਅਲ ਅਤੇ ਭੁਪਿੰਦਰ 'ਤੇ ਵੀ 3 ਤੋਂ ਵੱਧ ਕੇਸ ਦਰਜ ਹਨ। ਸੈਮੂਅਲ ਅਤੇ ਸੁੱਖੀ ਧੀਰੋਵਾਲੀਆ ਦੀ ਮੁਲਾਕਾਤ ਜੇਲ ਵਿਚ ਹੋਈ ਸੀ। ਜਦੋਂ ਕਿ ਭੁਪਿੰਦਰ ਸੁੱਖੀ ਦੀ ਮੂੰਹ ਬੋਲੀ ਭੈਣ ਦਾ ਪਤੀ ਹੈ। ਦੋਸ਼ੀਆਂ ਤੋਂ ਪੁੱਛਗਿੱਛ ਵਿਚ ਹੋਰ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ।
ਖੇਤ 'ਚੋਂ ਕਬੱਡੀ ਖਿਡਾਰੀ ਦੀ ਮਿਲੀ ਲਾਸ਼
NEXT STORY