ਬਟਾਲਾ (ਮਠਾਰੂ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਨੀਲ ਜਾਖੜ ਆਪਣੀ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਕੇ ਗਏ ਹਨ। ਇਸ ਦੌਰਾਨ ਸੁਖਜਿੰਦਰ ਰੰਧਾਵਾ ਨਾਲ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਸ਼ਾਮਲ ਸਨ। ਸਾਬਕਾ ਡਿਪਟੀ ਸੀ.ਐੱਮ. ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸੁਨੀਲ ਜਾਖੜ ਦਾ ਪਰਿਵਾਰ ਕਾਂਗਰਸੀ ਪਰਿਵਾਰ ਸੀ, ਜਿਸ ਨੂੰ ਕਾਂਗਰਸ ਪਾਰਟੀ ਨੇ ਬਹੁਤ ਮਾਣ ਸਤਿਕਾਰ ਦਿੱਤਾ, ਜਦਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਟੈਂਡ ਲੈਂਦਿਆਂ ਸੁਨੀਲ ਜਾਖੜ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਐੱਮ.ਪੀ. ਵੀ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਇਕ ਧਰਮ ਨਿਰਪੱਖ ਸੂਬਾ ਹੈ, ਜਿਸ ਨੇ ਕਦੇ ਵੀ ਜਾਤ-ਪਾਤ ਦੀ ਰਾਜਨੀਤੀ ਅਤੇ ਗੱਲਬਾਤ ਨੂੰ ਬੜ੍ਹਾਵਾ ਨਹੀਂ ਦਿੱਤਾ ਪਰ ਸੁਨੀਲ ਜਾਖੜ ਵੱਲੋਂ ਜਾਤ-ਪਾਤ ਅਤੇ ਹਿੰਦੂ-ਸਿੱਖ ਦੀ ਗੱਲਬਾਤ ਕਰਨਾ ਨਿੰਦਣਯੋਗ ਹੈ।
ਇਹ ਵੀ ਪੜ੍ਹੋ : ਆਤਮ-ਸਮਰਪਣ ਸਮੇਂ ਕਾਂਗਰਸ ਦੇ ਵੱਡੇ ਆਗੂਆਂ ਨੇ ਸਿੱਧੂ ਤੋਂ ਬਣਾਈ ਦੂਰੀ, ਡਾ. ਗਾਂਧੀ ਨੇ ਨਿਭਾਈ ਯਾਰੀ
ਰੰਧਾਵਾ ਨੇ ਕਿਹਾ ਕਿ ਜਾਤ-ਪਾਤ ਦੀ ਗੱਲ ਕਰਨ ਵਾਲੇ ਜਾਖੜ ਨੂੰ ਐੱਮ.ਪੀ. ਬਣਾਉਣ ਵਿਚ ਸਿੱਖ ਵਿਧਾਇਕਾਂ ਦਾ ਅਹਿਮ ਰੋਲ ਰਿਹਾ ਅਤੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਗਿਆ ਸੀ, ਇਸ ਲਈ ਉਸ ਸਮੇਂ ਜਾਤ-ਪਾਤ ਕਿੱਥੇ ਗਈ ਸੀ। ਵਿਧਾਇਕ ਰੰਧਾਵਾ ਨੇ ਪਾਰਟੀ ਹਾਈਕਮਾਂਡ ਦੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਂਡ ਦੀ ਕਮਜ਼ੋਰੀ ਕਾਰਨ ਅੱਜ ਪੰਜਾਬ ਦੇ ਅੰਦਰ ਇਹ ਹਾਲ ਹੋ ਰਿਹਾ ਹੈ। ਰੰਧਾਵਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦ ਰਾਹੁਲ ਗਾਂਧੀ ਗੁਰਦਾਸਪੁਰ ਆਏ ਸਨ ਤਾਂ ਮੈਂ ਉਸੇ ਵੇਲੇ ਹੀ ਕਹਿ ਦਿੱਤਾ ਸੀ ਕਿ ਤੁਹਾਡੇ ਸੱਜੇ ਖੱਬੇ ਬੈਠਣ ਵਾਲੇ ਸੁਨੀਲ ਜਾਖੜ ਤੇ ਨਵਜੋਤ ਸਿੱਧੂ ਨੂੰ ਪਾਰਟੀ ’ਚੋਂ ਕੱਢ ਦਿਓ ਤਾਂ ਜੋ ਪੰਜਾਬ ਦੇ ਅੰਦਰ ਕਾਂਗਰਸ ਦੀ ਸਥਿਤੀ ਮਜ਼ਬੂਤ ਬਣ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਨਾਲ ਗੱਦਾਰੀ ਕਰਕੇ ਗਏ ਸਿਆਸੀ ਪਾਵਰ ਦੀ ਤਾਂਘ ਵਿਚ ਦਲ ਬਦਲ ਕੇ ਜਾਣ ਵਾਲੇ ਲੀਡਰਾਂ ਨੂੰ ਕਦੇ ਵੀ ਕੁਝ ਹਾਸਲ ਨਹੀਂ ਹੁੰਦਾ ਕਿਉਂਕਿ ਬਹੁਤ ਸਾਰੀਆਂ ਉਦਾਹਰਣਾਂ ਸਾਡੇ ਸਾਹਮਣੇ ਰਾਜਨੀਤੀ ਦੇ ਖੇਤਰ ਅੰਦਰ ਮੌਜੂਦ ਹਨ। ਰੰਧਾਵਾ ਨੇ ਕਿਹਾ ਕਿ ਹਾਈਕਮਾਂਡ ਨੂੰ ਆਪਣੇ ਹੱਥ ਵਿਚ ਸਾਰੇ ਫ਼ੈਸਲੇ ਲੈਣੇ ਚਾਹੀਦੇ ਹਨ ਅਤੇ ਰਾਜਨੀਤਕ ਹਾਲਾਤ ਦੇ ਉਪਰ ਨਜ਼ਰਸਾਨੀ ਕਰਦਿਆਂ ਫ਼ੈਸਲੇ ਲੈਣ ਦੇ ਵਿਚ ਦੇਰੀ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ : ਭਾਜਪਾ ’ਚ ਸ਼ਾਮਲ ਹੋਣ ਵਾਲੇ ਸੁਨੀਲ ਜਾਖੜ ਨੂੰ ਰਾਜਾ ਵੜਿੰਗ ਨੇ ਦਿੱਤੀ ਚੁਣੌਤੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਇਕ ਵਿਅਕਤੀ ਦੀ ਮੌਤ, ਦੋਸ਼ੀ ਫਰਾਰ
NEXT STORY