ਜਲੰਧਰ (ਧਵਨ)–ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀਆਂ ’ਤੇ ਸਿੱਧਾ ਸਿਆਸੀ ਹਮਲਾ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ ਨੇ 10 ਸਾਲਾਂ ਤਕ ਸੱਤਾ ’ਚ ਰਹਿੰਦੇ ਹੋਏ ਨਸ਼ਿਆਂ ਕਾਰਨ ਪੰਜਾਬ ਦਾ ਨਾਂ ਪੂਰੀ ਦੁਨੀਆ ਵਿਚ ਬਦਨਾਮ ਕਰ ਦਿੱਤਾ ਅਤੇ ਹੁਣ ਜੇਕਰ ਜਨਤਾ ਨੇ ਕਾਂਗਰਸ ਨੂੰ ਮੁੜ ਮੌਕਾ ਦਿੱਤਾ ਤਾਂ ਅਸੀਂ ਨਸ਼ਿਆਂ ਦਾ ਨਾਮੋ-ਨਿਸ਼ਾਨ ਪੰਜਾਬ ’ਚੋਂ ਮਿਟਾ ਦੇਵਾਂਗੇ। ਰੰਧਾਵਾ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਹੀ ਜਦੋਂ ਸੱਤਾ ’ਤੇ ਅਕਾਲੀ ਕਾਬਜ਼ ਰਹੇ ਤਾਂ ਨਸ਼ਿਆਂ ਕਾਰਨ ਪੰਜਾਬ ਦਾ ਨਾਂ ਬਦਨਾਮ ਹੋਣਾ ਸ਼ੁਰੂ ਹੋ ਗਿਆ ਸੀ। 2007 ਤੋਂ ਲੈ ਕੇ 2017 ਤਕ ਪੰਜਾਬ ਦੀ ਬਦਨਾਮੀ ਨਸ਼ਿਆਂ ਕਾਰਨ ਹੋਈ, ਜਿਨ੍ਹਾਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਚੁੰਗਲ ਵਿਚ ਲੈ ਲਿਆ।
ਇਹ ਵੀ ਪੜ੍ਹੋ: ਸਿੱਧੂ-ਮਜੀਠੀਆ ’ਤੇ ਅਰਵਿੰਦ ਕੇਜਰੀਵਾਲ ਦੇ ਸਿਆਸੀ ਹਮਲੇ, ਦੋਹਾਂ ਨੂੰ ਦੱਸਿਆ ਵੱਡੇ ਸਿਆਸੀ ਹਾਥੀ
ਉੱਪ-ਮੁੱਖ ਮੰਤਰੀ ਨੇ ਕਿਹਾ ਕਿ 2007 ਤੋਂ ਪਹਿਲਾਂ ਪੰਜਾਬ ਵਿਚ ਕਦੇ ਵੀ ਨਸ਼ਿਆਂ ਦਾ ਜ਼ਿਕਰ ਨਹੀਂ ਹੁੰਦਾ ਸੀ। ਜਦੋਂ ਤਕ ਸ਼ਾਸਨ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਕੜ ਰਹੀ, ਨਸ਼ਿਆਂ ਦਾ ਜ਼ਿਕਰ ਨਹੀਂ ਆਉਂਦਾ ਸੀ ਪਰ ਜਦੋਂ ਬਾਦਲ ਦੀ ਪਕੜ ਢਿੱਲੀ ਪੈ ਗਈ ਅਤੇ ਨੌਜਵਾਨ ਨੇਤਾ ਅੱਗੇ ਆ ਗਏ ਤਾਂ ਨਸ਼ਿਆਂ ਦਾ ਪ੍ਰਚਲਨ ਪੰਜਾਬ ਵਿਚ ਵਧਣਾ ਸ਼ੁਰੂ ਹੋ ਗਿਆ।
ਰੰਧਾਵਾ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੇ ਅਕਾਲੀ ਦਲ ਨਾਲ ਸਿਆਸੀ ਮਤਭੇਦ ਹਨ ਪਰ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਕਦੇ ਵੀ ਇਹ ਦੋਸ਼ ਨਹੀਂ ਲਾਇਆ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਨਸ਼ਿਆਂ ਦਾ ਪ੍ਰਚਲਨ ਵਧਿਆ ਪਰ ਜਦੋਂ ਸੱਤਾ ’ਤੇ ਸੁਖਬੀਰ ਅਤੇ ਮਜੀਠੀਆ ਦੀ ਪਕੜ ਹੋ ਗਈ ਤਾਂ ਉਹ ਨਸ਼ਿਆਂ ’ਤੇ ਰੋਕ ਨਹੀਂ ਲਾ ਸਕੇ। ਉਨ੍ਹਾਂ ਜਨਤਾ ਨੂੰ ਕਿਹਾ ਕਿ ਉਹ ਅਕਾਲੀ ਨੇਤਾਵਾਂ ਨੂੰ ਜ਼ਰੂਰ ਪੁੱਛੇ ਕਿ ਉਨ੍ਹਾਂ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ’ਚ ਕਿਉਂ ਧੱਕਿਆ।
ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਨੇਤਾਵਾਂ ਦੀ ਅਜੇ ਵੀ ਭਾਜਪਾ ਨਾਲ ਅੰਦਰੂਨੀ ਗੰਢਤੁਪ ਹੈ। ਇਸ ਲਈ ਬਿਕਰਮ ਮਜੀਠੀਆ ਵਾਰ-ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਉਹ ਭਾਜਪਾ ਦੇ ਝਾਂਸੇ ਵਿਚ ਨਾ ਆਉਣ ਕਿਉਂਕਿ ਕੱਲ ਨੂੰ ਲੋੜ ਪੈਣ ’ਤੇ ਭਾਜਪਾ ਮੁੜ ਅਕਾਲੀ ਦਲ ਨੂੰ ਸਮਰਥਨ ਦੇ ਸਕਦੀ ਹੈ।
ਇਹ ਵੀ ਪੜ੍ਹੋ: ਕੇਜਰੀਵਾਲ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਪੰਜਾਬ ਦੇ ਸਰਕਾਰੀ ਦਫ਼ਤਰਾਂ ’ਚ ਨਹੀਂ ਲੱਗੇਗੀ CM ਦੀ ਤਸਵੀਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਿੱਧੂ ਮੂਸੇ ਵਾਲਾ ਨੇ ਪਹਿਲੀ ਵਾਰ ਦੱਸਿਆ ਕਿ ਆਖ਼ਿਰ ਕਿਉਂ ਰੱਖਿਆ ਸਿਆਸਤ 'ਚ ਕਦਮ
NEXT STORY