ਬਠਿੰਡਾ(ਵਰਮਾ)-30 ਜਨਵਰੀ 2017 ਨੂੰ ਮੌੜ ਮੰਡੀ 'ਚ ਕਾਂਗਰਸੀ ਆਗੂ ਹਰਮੰਦਰ ਜੱਸੀ ਦੀ ਜਨ ਸਭਾ ਨਜ਼ਦੀਕ ਹੋਏ ਬੰਬ ਬਲਾਸਟ ਮਾਮਲੇ 'ਚ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ 'ਆਪ' ਨੇ ਆਵਾਜ਼ ਬੁਲੰਦ ਕਰਨ ਦਾ ਐਲਾਨ ਕੀਤਾ ਹੈ। 'ਆਪ' ਦੇ ਵਿਧਾਨ ਸਭਾ 'ਚ ਵਿਰੋਧੀ ਆਗੂ ਸੁਖਪਾਲ ਖਹਿਰਾ ਅਤੇ 'ਆਪ' ਦੇ ਸਾਰੇ ਵਿਧਾਇਕ ਸਰਕਾਰ ਖਿਲਾਫ ਮੰਡੀ ਵਿਚ ਸੋਮਵਾਰ ਨੂੰ ਧਰਨਾ ਦੇ ਕੇ ਪ੍ਰਦਰਸ਼ਨ ਕਰਨਗੇ। ਇਸ ਧਰਨੇ 'ਚ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਵੀ ਸ਼ਿਰਕਤ ਕੀਤੀ ਜਾਵੇਗੀ। ਉਕਤ ਧਰਨਾ ਐੱਸ. ਡੀ. ਐੱਮ. ਦਫਤਰ ਸਾਹਮਣੇ ਲਾਇਆ ਜਾਵੇਗਾ। ਬਲਾਸਟ ਵਿਚ ਮਾਰੇ ਗਏ ਬੱਚੇ ਰਿਪਨਜੀਤ ਦੇ ਪਿਤਾ ਕੀਰਤਨ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਸ ਨੂੰ ਸਭ ਕੁਝ ਸਾਫ ਹੋ ਚੁੱਕਾ ਹੈ ਪਰ ਉਸ ਦੇ ਬਾਵਜੂਦ ਵੀ ਪੰਜਾਬ ਪੁਲਸ ਜੱਸੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਨਾ ਹੀ ਬਲਾਸਟ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਸਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਡੇਰੇ ਤੋਂ ਪੂਰਾ ਕੁਨੈਕਸ਼ਨ ਸਾਹਮਣੇ ਆ ਚੁੱਕਾ ਹੈ ਤਾਂ ਐੱਸ. ਆਈ. ਟੀ. ਜੱਸੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਿਉਂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬਲਾਸਟ ਮਾਮਲੇ ਦੇ ਅਸਲ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਉਦੋਂ ਤੱਕ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲੇਗਾ। ਮੌੜ ਮੰਡੀ ਤੋਂ 'ਆਪ' ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ 'ਆਪ' ਦੇ ਆਗੂਆਂ ਵੱਲੋਂ ਸੋਮਵਾਰ ਨੂੰ ਐੱਸ. ਡੀ. ਐੱਮ. ਦਫਤਰ ਸਾਹਮਣੇ ਧਰਨਾ ਲਾ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਬਲਾਸਟ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾ ਕੇ ਅਸਲ ਮੁਲਜ਼ਮਾਂ ਨੂੰ ਲੋਕਾਂ ਸਾਹਮਣੇ ਬੇਨਕਾਬ ਕਰੇ ਭਾਵੇਂ ਮੁਲਜ਼ਮ ਕੋਈ ਵੀ ਹੋਵੇ। ਕਮਾਲੂ ਨੇ ਮੰਗ ਕੀਤੀ ਕਿ ਸਰਕਾਰ ਪੀੜਤ ਪਰਿਵਾਰਾਂ ਦਾ ਦਰਦ ਸਮਝੇ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰੇ। ਇਸ ਤੋਂ ਇਲਾਵਾ ਬਲਾਸਟ ਵਿਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਸਰਕਾਰ ਆਪਣੇ ਖਰਚੇ 'ਤੇ ਕਰਵਾਏ। ਉਨ੍ਹਾਂ ਦੱਸਿਆ ਕਿ ਉਕਤ ਧਰਨੇ ਵਿਚ ਵਿਧਾਨ ਸਭਾ ਵਿਚ ਵਿਰੋਧੀ ਆਗੂ ਸੁਖਪਾਲ ਖਹਿਰਾ ਅਤੇ ਸੰਸਦ ਮੈਂਬਰ ਭਗਵੰਤ ਮਾਨ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ 'ਆਪ' ਵਿਧਾਇਕ ਸ਼ਮੂਲੀਅਤ ਕਰਨਗੇ।
ਰੈਗੂਲਰ ਨਾ ਕਰਨ ਨੂੰ ਲੈ ਕੇ ਅਧਿਆਪਕਾਂ ਵਿਚ ਰੋਸ
NEXT STORY