ਨਵੀਂ ਦਿੱਲੀ- ਅੱਜ ਲੋਕ ਸਭਾ 'ਚ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ਪਹਿਲਗਾਮ ਹਮਲੇ ਦੀ ਦੁਖ਼ਦਾਈ ਘਟਨਾ ਨਾਲ ਕੀਤੀ। ਉਨ੍ਹਾਂ ਇਸ ਨੂੰ ਪਾਕਿਸਤਾਨ ਦਾ ਇਕ ਬਹੁਤ ਹੀ ਨਿੰਦਣਯੋਗ ਤੇ ਬੇਰਹਿਮੀ ਭਰਿਆ ਹਮਲਾ ਦੱਸਿਆ ਤੇ ਕਿਹਾ ਕਿ ਅੱਤਵਾਦੀਆਂ ਨੇ ਬੜੀ ਬੇਰਹਿਮੀ ਨਾਲ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਇਸ ਮਗਰੋਂ ਜਦੋਂ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਰਕਾਰ ਦੇ ਨਾਲ ਚੱਟਾਨ ਵਾਂਗ ਖੜ੍ਹੇ ਰਹਿਣਗੇ।
ਉਨ੍ਹਾਂ ਅੱਗੇ ਕਿਹਾ ਕਿ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਇਹ ਕਹਿਣ ਮਗਰੋਂ ਸਰਕਾਰ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹੇ ਰਹੇ। ਉਨ੍ਹਾਂ ਕਿਹਾ ਕਿ ਉਹ ਪਹਿਲਗਾਮ ਹਮਲੇ 'ਚ ਮਾਰੇ ਗਏ ਨੇਵੀ ਅਧਿਕਾਰੀ ਦੇ ਘਰ ਗਏ ਸਨ, ਜਿੱਥੇ ਉਨ੍ਹਾਂ ਨੂੰ ਉਸ ਦੇ ਬਚਪਨ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਤੇ ਉਸ ਬਾਰੇ ਦੱਸਿਆ ਗਿਆ ਕਿ ਨਰਵਾਲ ਬਚਪਨ 'ਚ ਬੜਾ ਮਜ਼ਾਕੀਆ ਤੇ ਖੁਸ਼ਮਿਜਾਜ਼ ਨੌਜਵਾਨ ਸੀ। ਇਸ ਦੌਰਾਨ ਉਸ ਦੀ ਭੈਣ ਨੇ ਕਿਹਾ ਕਿ ਉਹ ਦਰਵਾਜ਼ੇ ਵੱਲ ਦੇਖਦੀ ਰਹਿੰਦੀ ਹੈ ਤੇ ਆਪਣੇ ਭਰਾ ਨੂੰ ਉਡੀਕਦੀ ਰਹਿੰਦੀ ਹੈ, ਪਰ ਉਸ ਨੂੰ ਪਤਾ ਲੱਗ ਗਿਆ ਹੈ ਕਿ ਉਹ ਹੁਣ ਕਦੇ ਵਾਪਸ ਨਹੀਂ ਆਵੇਗਾ।
ਇਸ ਮਗਰੋਂ ਉੱਤਰ ਪ੍ਰਦੇਸ਼ 'ਚ ਉਹ ਇਕ ਹੋਰ ਪੀੜਤ ਪਰਿਵਾਰ ਨੂੰ ਮਿਲੇ, ਜਿੱਥੋਂ ਦੇ ਇਕ ਵਿਅਕਤੀ ਨੂੰ ਪਹਿਲਗਾਮ 'ਚ ਹੀ ਉਸ ਦੀ ਪਤਨੀ ਦੇ ਸਾਹਮਣੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਹੀ ਉਹ ਕਿਸੇ ਵੀ ਜਵਾਨ ਨੂੰ ਮਿਲਦੇ ਹਨ ਤਾਂ ਹੱਥ ਮਿਲਾਉਂਦੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਇਕ ਫ਼ੌਜੀ ਜਵਾਨ ਹੈ। ਇਹ ਦੇਸ਼ ਲਈ ਮਰ-ਮਿਟਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਨ੍ਹਾਂ ਜਵਾਨ ਨੂੰ 'ਟਾਈਗਰ' ਕਹਿ ਕੇ ਸੰਬੋਧਨ ਕੀਤਾ ਤੇ ਕਿਹਾ ਕਿ ਕਿਸੇ ਟਾਈਗਰ ਨੂੰ ਬੰਨ੍ਹ ਕੇ ਨਹੀਂ ਰੱਖਣਾ ਚਾਹੀਦਾ। ਉਸ ਨੂੰ ਆਪਣੇ ਕੰਮ ਲਈ ਪੂਰੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ, ਤਾਂ ਹੀ ਉਹ ਆਪਣੇ ਕੰਮ 'ਚ ਸਫ਼ਲ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਸੈਨਾ ਦੀ ਤਾਕਤ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਫੌਜ ਨੂੰ ਪੂਰੀ ਆਜ਼ਾਦੀ ਦੇਣੀ ਪਵੇਗੀ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਵੱਜਣਗੇ 'ਖ਼ਤਰੇ ਦੇ ਘੁੱਗੂ' ! 1 ਅਗਸਤ ਤੱਕ ਹੋ ਗਿਆ ਵੱਡਾ ਐਲਾਨ
ਉਨ੍ਹਾਂ ਅੱਗੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਕੀਤੇ ਗਏ 1971 ਦੀ ਲੜਾਈ ਤੇ ਆਪਰੇਸ਼ਨ ਸਿੰਦੂਰ ਦੀ ਤੁਲਨਾ ਦਾ ਜਵਾਬ ਦਿੱਤਾ ਤੇ ਕਿਹਾ ਕਿ ਜਦੋਂ ਅਮਰੀਕੀ ਫੌਜ ਭਾਰਤ ਵੱਲ ਵਧ ਰਹੀ ਸੀ ਤਾਂ ਉਸ ਸਮੇਂ ਦੇ ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਸੀਂ ਆਪਣੀ ਕਾਰਵਾਈ ਜਾਰੀ ਰੱਖਾਂਗੇ, ਚਾਹੇ ਜੋ ਮਰਜ਼ੀ ਹੋ ਜਾਏ। ਜਦੋਂ ਮਾਣਿਕਸ਼ਾ ਨੇ ਇੰਦਰਾ ਗਾਂਧੀ ਨਾਲ ਗੱਲ ਕੀਤੀ ਤੇ ਕਿਹਾ ਕਿ ਇਹ ਆਪਰੇਸ਼ਨ ਗਰਮੀ 'ਚ ਨਹੀਂ ਕੀਤਾ ਜਾ ਸਕਦਾ ਤੇ ਇਸ ਆਪਰੇਸ਼ਨ ਲਈ ਉਨ੍ਹਾਂ ਨੂੰ 6 ਮਹੀਨੇ ਦਾ ਸਮਾਂ ਚਾਹੀਦਾ ਹੈ। ਇਸ ਮਗਰੋਂ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਕਿਹਾ ਕਿ ਆਪਰੇਸ਼ਨ ਤੁਹਾਡਾ ਹੈ ਤੇ ਤੁਹਾਨੂੰ ਪੂਰੀ ਆਜ਼ਾਦੀ ਹੈ, ਜਿਸ ਦੀ ਸਫ਼ਲਤਾ ਕਾਰਨ ਹੀ 1 ਲੱਖ ਪਾਕਿਸਤਾਨੀ ਜਵਾਨਾਂ ਨੇ ਸਰੰਡਰ ਕੀਤਾ ਤੇ ਨਵਾਂ ਦੇਸ਼ ਬੰਗਲਾਦੇਸ਼ ਬਣਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਰਾਜਨਾਥ ਸਿੰਘ ਦਾ ਭਾਸ਼ਣ ਸੁਣਿਆ, ਜਿਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ 22 ਮਿੰਟ ਤੱਕ ਚੱਲਿਆ ਤੇ ਇਸ ਤੋਂ ਬਾਅਦ ਉਸੇ ਰਾਤ 1.35 ਵਜੇ ਪਾਕਿਸਤਾਨੀ ਫੌਜ ਨੂੰ ਫੋਨ ਕਰ ਕੇ ਦੱਸਿਆ ਕਿ ਅਸੀਂ ਤੁਹਾਡੇ ਦੇਸ਼ 'ਚ 9 ਗ਼ੈਰ-ਫ਼ੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਸੀਂ ਅੱਗੇ ਸਥਿਤੀ ਹੋਰ ਖ਼ਰਾਬ ਨਹੀਂ ਕਰਨਾ ਚਾਹੁੰਦੇ ਤੇ ਸ਼ਾਂਤੀ ਚਾਹੁੰਦੇ ਹਾਂ।
ਉਨ੍ਹਾਂ ਅੱਗੇ ਰਾਜਨਾਥ ਸਿੰਘ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਹ ਭਾਰਤੀ ਰੱਖਿਆ ਮੰਤਰੀ ਦੀ ਸੋਚ ਨੂੰ ਦਰਸਾਉਂਦਾ ਹੈ ਕਿ ਅਸੀਂ ਜੰਗ ਨਹੀਂ ਚਾਹੁੰਦੇ ਤੇ ਤੁਸੀਂ ਵੀ ਸਾਡੇ 'ਤੇ ਹਮਲਾ ਨਾ ਕਰਿਓ। ਉਨ੍ਹਾਂ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਰਾਜਨਾਥ ਸਿੰਘ ਨੇ ਤਾਂ ਉਹ ਗੱਲ ਕੀਤੀ ਕਿ ਅਸੀਂ ਕਿਸੇ ਦੇ ਮੁੱਕਾ ਮਾਰ ਕੇ ਕਹੀਏ ਕਿ ਮੈਂ ਤੇਰੇ ਮੁੱਕਾ ਮਾਰਿਆ ਹੈ, ਹੁਣ ਮੈਂ ਤੇਰੇ ਹੋਰ ਨਹੀਂ ਮਾਰਾਂਗਾ ਤੇ ਤੂੰ ਵੀ ਮੇਰੇ ਨਾ ਮਾਰੀਂ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਸਭ ਭਾਰਤੀ ਪ੍ਰਧਾਨ ਮੰਤਰੀ ਦੀ ਛਵੀ ਨੂੰ ਸੁਧਾਰਨ ਲਈ ਕੀਤਾ ਗਿਆ। ਜੰਗ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਨੇ ਅੱਤਵਾਦ ਦੀ ਨਿੰਦਾ ਕੀਤੀ, ਪਰ ਕਿਸੇ ਵੀ ਦੇਸ਼ ਨੇ ਪਾਕਿਸਤਾਨ ਦੀ ਨਿੰਦਾ ਨਹੀਂ ਕੀਤੀ। ਹੱਦ ਤਾਂ ਉਦੋਂ ਹੋ ਗਈ, ਜਦੋਂ ਆਪਰੇਸ਼ਨ ਸਿੰਦੂਰ ਮਗਰੋਂ ਭਾਰਤ-ਪਾਕਿਸਤਾਨ ਦੀ ਜੰਗ ਰੋਕਣ ਦਾ ਸਿਹਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 29 ਵਾਰ ਲਿਆ ਤੇ ਕਿਹਾ ਕਿ ਇਹ ਜੰਗ ਮੈਂ ਰੁਕਵਾਈ ਹੈ। ਇਸ ਤੋਂ ਬਾਅਦ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਨੂੰ ਟਰੰਪ ਨੇ ਲੰਚ 'ਤੇ ਬੁਲਾ ਲਿਆ, ਜੋ ਭਾਰਤ ਲਈ ਇਕ ਹੋਰ ਵੱਡਾ ਝਟਕਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਲਿਕਾਰਜੁਨ ਖੜਗੇ ਤੇ ਜੇਪੀ ਨੱਢਾ ਵਿਚਕਾਰ ਤਿੱਖੀ ਬਹਿਸ, ਫਿਰ ਕੇਂਦਰੀ ਮੰਤਰੀ ਨੇ ਮੰਗੀ ਮੁਆਫ਼ੀ, ਜਾਣੋ ਪੂਰਾ ਮਾਮਲਾ
NEXT STORY