ਸੰਸਦ ਦੇ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ‘ਆਪ’ ਦਾ ‘ਇੰਡੀਆ’ ਗੱਠਜੋੜ ਤੋਂ ਅਲੱਗ ਹੋਣਾ ਦੱਸਦਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਰਾਜਗ ਦੇ ਚੋਣ ਮੁਕਾਬਲੇ ਦੇ ਵੱਡੇ ਟੀਚੇ ਨਾਲ ਹੋਈ ਵਿਰੋਧੀ ਧਿਰ ਦੀ ਏਕਤਾ ਆਪਸੀ ਪਾਰਟੀ ਹਿੱਤਾਂ ਦੇ ਟਕਰਾਅ ਦੇ ਗ੍ਰਹਿਣ ਤੋਂ ਨਹੀਂ ਬਚ ਪਾ ਰਹੀ। ਸਾਲ 2023 ਦੇ ਵਿਚਾਲੇ ਬਣੇ 2 ਦਰਜਨ ਵਿਰੋਧੀ ਦਲਾਂ ਦੇ ਗੱਠਜੋੜ ‘ਇੰਡੀਆ’ ਤੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਜਦ (ਯੂ) ਅਤੇ ਜਯੰਤ ਚੌਧਰੀ ਦੇ ਰਾਲੌਦ ਦੀ ਵਿਦਾਈ ਿਪਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਹੋ ਗਈ ਸੀ।
ਜ਼ਾਹਿਰ ਹੈ ਉਸ ਵਖਰੇਵੇਂ ਦੇ ਦਲਗਤ ਟਕਰਾਅ ਦੇ ਇਲਾਵਾ ਵੀ ਕੁਝ ਕਾਰਨ ਰਹੇ ਹੋਣਗੇ, ਪਰ ਹਾਲ ਹੀ ’ਚ ‘ਆਪ’ ਦੇ ‘ਇੰਡੀਆ’ ਗੱਠਜੋੜ ਤੋਂ ਅਲੱਗ ਹੋਣ ਦੇ ਪਿੱਛੇ ਤਾਂ ਉਸ ਦਾ ਕਾਂਗਰਸ ਨਾਲ ਟਕਰਾਅ ਹੀ ਇਕੋ-ਇਕ ਕਾਰਨ ਹੈ। ਬੇਸ਼ੱਕ ਪਹਿਲਾਂ ਦਿੱਲੀ ਅਤੇ ਪੰਜਾਬ ਦੀ ਸੱਤਾ ਖੋਹਣ ਵਾਲੀ ‘ਆਪ’ ਤੋਂ ਕਾਂਗਰਸ ਦਾ ਪਾਰਟੀ ਹਿੱਤਾਂ ਦਾ ਟਕਰਾਅ ਗੈਰ-ਸੁਭਾਵਿਕ ਨਹੀਂ ਪਰ ਇਹ ਤਾਂ ‘ਇੰਡੀਆ’ ਗੱਠਜੋੜ ’ਚ ਉਨ੍ਹਾਂ ਨਾਲ ਆਉਣ ਦੇ ਪਹਿਲਾਂ ਵੀ ਸਭ ਨੂੰ ਪਤਾ ਸੀ। ਦਿੱਲੀ ’ਤੇ ਲਗਾਤਾਰ 15 ਸਾਲ ਰਾਜ ਕਰਨ ਵਾਲੀ ਕਾਂਗਰਸ ਜੇਕਰ ਉੱਥੇ ਵਿਧਾਨ ਸਭਾ ’ਚ ਜ਼ੀਰੋ ਹੋ ਗਈ ਤਾਂ ਉਸ ’ਚ ਸਭ ਤੋਂ ਅਹਿਮ ਭੂਮਿਕਾ ‘ਆਪ’ ਦੀ ਹੀ ਰਹੀ। ਗੁਜਰਾਤ ਅਤੇ ਗੋਆ ’ਚ ਵੀ ‘ਆਪ’ ਦੀ ਚੋਣ ਮੌਜੂਦਗੀ ਨੇ ਕਾਂਗਰਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਦੇ ਬਾਵਜੂਦ ‘ਇੰਡੀਆ’ ਗੱਠਜੋੜ ਦੇ ਬੈਨਰ ਹੇਠ ਇਹ ਦੋਵੇਂ ਪਾਰਟੀਆਂ ਨਾਲ ਆਈਆਂ ਤਾਂ ਇਸ ਲਈ ਕਿ ਭਾਜਪਾ ਦੀ ਅਗਵਾਈ ਵਾਲੀ ਰਾਜਗ ਨੂੰ ਵਿਰੋਧੀ ਧਿਰ ਦੀ ਏਕਤਾ ਬਿਨਾਂ ਚੁਣੌਤੀ ਦੇ ਸਕਣਾ ਸੰਭਵ ਨਹੀਂ।
ਤਮਾਮ ਅੰਤਰ ਵਿਰੋਧਾਂ ਦੇ ਬਾਵਜੂਦ ‘ਇੰਡੀਆ’ ਗੱਠਜੋੜ ਕਿਸੇ ਹੱਦ ਤੱਕ ਉਹ ਟੀਚਾ ਹਾਸਲ ਵੀ ਕਰ ਸਕਿਆ ਜਦੋਂ 2019 ਦੀਆਂ ਲੋਕ ਸਭਾ ਚੋਣਾਂ ’ਚ ਇਕੱਲੇ ਦਮ ’ਤੇ 303 ਸੀਟਾਂ ਜਿੱਤਣ ਵਾਲੀ ਭਾਜਪਾ 2024 ’ਚ 240 ਸੀਟਾਂ ’ਤੇ ਰੁਕ ਗਈ ਅਤੇ ਸਰਕਾਰ ਲਈ ਰਾਜਗ ਦੇ ਆਪਣੇ ਸਹਿਯੋਗੀਆਂ ’ਤੇ ਉਸ ਦੀ ਨਿਰਭਰਤਾ ਵਧ ਗਈ। ਨਿਸ਼ਚੈ ਹੀ ਗੱਠਜੋੜ ਦਾ ਸਭ ਤੋਂ ਜ਼ਿਆਦਾ ਲਾਭ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੂੰ ਹੋਇਆ, ਜੋ ਤਰਤੀਬਵਾਰ 52 ਤੋਂ 99 ਅਤੇ 5 ਤੋਂ 37 ਸੀਟਾਂ ’ਤੇ ਪਹੁੰਚ ਗਈਆਂ।
ਧਿਆਨ ਰਹੇ ਕਿ ਕਾਂਗਰਸ ਅਤੇ ‘ਆਪ’ ਦਿੱਲੀ, ਹਰਿਆਣਾ, ਗੁਜਰਾਤ ਅਤੇ ਚੰਡੀਗੜ੍ਹ ’ਚ ਲੋਕ ਸਭਾ ਚੋਣਾਂ ਮਿਲ ਕੇ ਲੜੀਆਂ ਪਰ ਪੰਜਾਬ ’ਚ ਇਕ-ਦੂਜੇ ਵਿਰੁੱਧ। ਪੰਜਾਬ ’ਚ ‘ਆਪ’ ਪ੍ਰਚੰਡ ਬਹੁਮਤ ਨਾਲ ਸੱਤਾਧਾਰੀ ਦਲ ਹੈ ਜਦਕਿ ਕਾਂਗਰਸ ਮੁੱਖ ਵਿਰੋਧੀ ਪਾਰਟੀ। ਅਜਿਹੇ ’ਚ ਮਿਲ ਕੇ ਚੋਣਾਂ ਲੜਨ ਨਾਲ ਵਰਕਰਾਂ ਅਤੇ ਵੋਟਰਾਂ ’ਚ ਭਰਮ ਦੀ ਸਥਿਤੀ ਬਣਦੀ ਹੀ, ਦੋ ਦਲਾਂ ਦੀ ਸਾਖ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ।
ਉਂਝ ਦਿੱਲੀ ’ਚ ਦੋਨੋਂ ਮਿਲ ਕੇ ਭਾਜਪਾ ਨੂੰ ਫਿਰ ਸਾਰੀਆਂ 7 ਸੀਟਾਂ ਜਿੱਤਣ ਤੋਂ ਨਹੀਂ ਰੋਕ ਸਕੇ। ਹਾਂ ਹਰਿਆਣਾ ’ਚ ਕਾਂਗਰਸ 10 ’ਚੋਂ 5 ਸੀਟਾਂ ਜਿੱਤਣ ’ਚ ਸਫਲ ਰਹੀ। ਚੰਡੀਗੜ੍ਹ ਤੋਂ ਵੀ ਕਾਂਗਰਸ ਦੇ ਮਨੀਸ਼ ਤਿਵਾੜੀ ਜਿੱਤੇ। ਕਹਿ ਸਕਦੇ ਹਾਂ ਕਿ ਲੋਕ ਸਭਾ ਚੋਣਾਂ ’ਚ ਗੱਠਜੋੜ ਦਾ ‘ਆਪ’ ਨੂੰ ਜ਼ਿਆਦਾ ਲਾਭ ਨਹੀਂ ਹੋਇਆ ਪਰ ਦੋਵਾਂ ਵਿਚਾਲੇ ਕੁਝ ਮਹੀਨੇ ਬਾਅਦ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਤਲਖੀਆਂ ਵਧੀਆਂ।
ਕਾਂਗਰਸ ‘ਆਪ’ ’ਚ ਸੀਟਾਂ ਦੀ ਵੰਡ ’ਤੇ ਗੱਲਬਾਤ ਤਾਂ ਹੋਈ ਪਰ ਸਿਰੇ ਨਹੀਂ ਚੜ੍ਹ ਸਕੀ। ਸਿੱਟੇ ਵਜੋਂ ‘ਆਪ’ ਨੇ 90 ’ਚ 88 ਸੀਟਾਂ ’ਤੇ ਉਮੀਦਵਾਰ ਉਤਾਰ ਦਿੱਤੇ। ‘ਆਪ’ ਨੂੰ ਤਾਂ ਦੋ ਫੀਸਦੀ ਵੋਟਾਂ ਵੀ ਨਹੀਂ ਮਿਲ ਸਕੀਆਂ ਪਰ ਸੱਤਾ ਦੀ ਦੌੜ ’ਚ ਭਾਜਪਾ ਤੋਂ ਕਾਂਗਰਸ 1 ਫੀਸਦੀ ਤੋਂ ਵੀ ਘੱਟ ਵੋਟਾਂ ਨਾਲ ਪਛੜ ਗਈ।
ਹੈਰਾਨੀ ਨਹੀਂ ਕਿ ਉਸ ਨਤੀਜੇ ਨਾਲ ਕਾਂਗਰਸ ਅਤੇ ‘ਆਪ’ ਦੇ ਵਿਚਾਲੇ ਵਧੀਆਂ ਤਲਖੀਆਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਇਕ-ਦੂਜੇ ਦੇ ਵਿਰੁੱਧ ਮੋਰਚੇਬੰਦੀ ਤੱਕ ਪਹੁੰਚ ਗਈਆਂ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਵੀ ਖਾਤਾ ਖੋਲ੍ਹਣ ’ਚ ਨਾਕਾਮ ਰਹੀ ਕਾਂਗਰਸ ਨੇ ਇਸ ਵਾਰ ਜੋ ਚੋਣ ਮੋਰਚਾਬੰਦੀ ਕੀਤੀ, ਉਹ ਭਾਜਪਾ ਦੀ ਬਜਾਏ ‘ਆਪ’ ਦੇ ਵਿਰੁੱਧ ਜ਼ਿਆਦਾ ਨਜ਼ਰ ਆਈ, ਦੋਵਾਂ ਵਿਚਾਲੇ ਕੁੜੱਤਣ ਇੰਨੀ ਵਧੀ ਕਿ ‘ਆਪ’ ਨੇ ਕਾਂਗਰਸ ਨੂੰ ‘ਇੰਡੀਆ’ ਗੱਠਜੋੜ ’ਚੋਂ ਕੱਢਣ ਤੱਕ ਦੀ ਮੰਗ ਕਰ ਦਿੱਤੀ। ‘ਆਪ’ ਨਾਲ ਹਿਸਾਬ ਬਰਾਬਰ ਕਰਨ ਦਾ ਕਾਂਗਰਸ ਦਾ ਦਾਅ ਕਾਰਗਰ ਰਿਹਾ ਅਤੇ 27 ਸਾਲ ਬਾਅਦ ਦਿੱਲੀ ਦੀ ਸੱਤਾ ’ਚ ਭਾਜਪਾ ਦੀ ਵਾਪਸੀ ਹੋ ਗਈ। ਵੋਟ ਫੀਸਦੀ ਅਤੇ ਸੀਟਾਂ ਦਾ ਗਣਿਤ ਸੰਕੇਤ ਦਿੰਦਾ ਹੈ ਕਿ ਜੇਕਰ ਕਾਂਗਰਸ-‘ਆਪ’ ਮਿਲ ਕੇ ਲੜੇ ਹੁੰਦੇ ਤਾਂ ਸ਼ਾਇਦ ਭਾਜਪਾ ਦੀ ਸੱਤਾ ’ਚ ਵਾਪਸੀ ਇੰਨੀ ਆਸਾਨ ਨਾ ਹੁੰਦੀ। ਅਰਵਿੰਦ ਕੇਜਰੀਵਾਲ ਦੀ ‘ਆਪ’ ਨੇ ਜਿਸ ਦਿੱਲੀ ਤੋਂ ਸੱਤਾ ਦਾ ਸਫਰ ਸ਼ੁਰੂ ਕਰਦੇ ਹੋਏ ਸਭ ਤੋਂ ਘੱਟ ਸਮੇਂ ’ਚ ਰਾਸ਼ਟਰੀ ਦਲ ਦਾ ਦਰਜਾ ਹਾਸਲ ਕੀਤਾ ਉੱਥੇ ਹੀ ਉਹ ਸੱਤਾ ਤੋਂ ਪੈਦਲ ਹੋ ਗਈ। ਅਜਿਹੇ ’ਚ ‘ਆਪ’ ਕੋਲ ਭਵਿੱਖ ਚੋਣ ਰਾਜਨੀਤੀ ’ਚ ਗੁਆਉਣ ਲਈ ਜ਼ਿਆਦਾ ਕੁਝ ਨਹੀਂ ਹੈ, ਜਦਕਿ ਉਹ ਗੁਜਰਾਤ, ਗੋਆ ਸਮੇਤ ਕਈ ਸੂਬਿਆਂ ’ਚ ਕਾਂਗਰਸ ਦਾ ਚੋਣ ਗਣਿਤ ਵਿਗਾੜ ਸਕਦੀ ਹੈ। ਹਾਲਾਂਕਿ ‘ਆਪ’ ਸੰਸਦ ਮੈਂਬਰ ਸੰਜੇ ਿਸੰਘ ਵਲੋਂ ‘ਇੰਡੀਆ’ ਗੱਠਜੋੜ ਦੀ ਕਾਰਜਸ਼ੈਲੀ ’ਤੇ ਉਠਾਏ ਗਏ ਸਵਾਲ ਆਪਣੀ ਜਗ੍ਹਾ ’ਤੇ ਜਾਇਜ਼ ਹਨ ਪਰ ਵਖਰੇਵੇਂ ਦਾ ਅਸਲੀ ਕਾਰਨ ਕਾਂਗਰਸ ਨਾਲ ਕੁੱੜਤਣ ਨਿਰਣਾਇਕ ਮੋੜ ’ਤੇ ਪਹੁੰਚ ਜਾਣਾ ਹੀ ਹੈ।
ਨਿਸ਼ਚੈ ਹੀ ‘ਆਪ’ ਦੀ ਹਾਜ਼ਰੀ ਉਨ੍ਹਾਂ ਰਾਜਾਂ ’ਚ ਭਾਜਪਾ ਲਈ ਮਦਦਗਾਰ ਸਾਬਤ ਹੋਵੇਗੀ, ਜਿੱਥੇ ਉਸ ਦਾ ਕਾਂਗਰਸ ਨਾਲ ਸਿੱਧਾ ਮੁਕਾਬਲਾ ਰਿਹਾ ਹੈ। ਦਰਅਸਲ ਭਾਜਪਾ ਜਾਂ ਉਸ ਦੀ ਅਗਵਾਈ ਵਾਲੇ ਗੱਠਜੋੜ ਰਾਜਗ ਵਿਰੁੱਧ ਜ਼ਿਆਦਾ ਦਲ ਚੋਣ ਮੈਦਾਨ ’ਚ ਹੋਣਗੇ। ਵਿਰੋਧੀ ਵੋਟਾਂ ਓਨੀਆਂ ਹੀ ਜ਼ਿਆਦਾ ਵੰਡੀਆਂ ਜਾਣਗੀਆਂ। ਭਾਜਪਾ ਵਿਰੋਧੀ ਵੋਟਾਂ ਦੇ ਇਸ ਬਿਖਰਾਅ ਤੋਂ ਬਚਣ ਲਈ ਹੀ ਵਿਰੋਧੀ ਗੱਠਜੋੜ ਦੀ ਕਵਾਇਦ ਹੋਈ ਸੀ ਪਰ ਦੋ ਸਾਲਾਂ ’ਚ ਹੀ ਗੱਡੀ ਪੱਟੜੀ ਤੋਂ ਉਤਰਦੀ ਨਜ਼ਰ ਆ ਰਹੀ ਹੈ।
ਯਾਦ ਕਰੀਏ ਕਿ ਜੁਲਾਈ 2023 ’ਚ ਬਣਨ ਤੋਂ ਬਾਅਦ ‘ਇੰਡੀਆ’ ਗੱਠਜੋੜ ਦੀਆਂ ਕਿੰਨੀਆਂ ਬੈਠਕਾਂ ਹੋਈਆਂ ਹਨ। ਕਨਵੀਨਰ ਤਾਂ ਦੂਰ ਅੱਜ ਤੱਕ ਸਕੱਤਰੇਤ ਜਾਂ ਜਥੇਬੰਦਕ ਢਾਂਚਾ ਨਹੀਂ ਬਣ ਸਕਿਆ। 2 ਸਾਲਾਂ ’ਚ ਨਾ ਤਾਂ ਸਾਂਝਾ ਘੱਟੋ-ਘੱਟ ਪ੍ਰੋਗਰਾਮ ਬਣਿਆ ਅਤੇ ਨਾ ਹੀ ਕਦੇ ਸਾਂਝਾ ਚੋਣ ਪ੍ਰਚਾਰ ਨਜ਼ਰ ਆਇਆ।
‘ਆਪ’ ਸਮੇਤ ਉੱਤਰ ਭਾਰਤ ਦੇ ਜ਼ਿਆਦਾਤਰ ਛੋਟੇ ਦਲਾਂ ਨੇ ਕਾਂਗਰਸ ਦੇ ਹੀ ਰਵਾਇਤੀ ਜਨ ਆਧਾਰ ’ਚ ਸੰਨ੍ਹਮਾਰੀ ਨਾਲ ਆਪਣਾ ਜਨ ਆਧਾਰ ਬਣਾਇਆ ਹੈ। ਮੁੱਦੇ ਵੀ ਘੱਟ-ਵੱਧ ਬਰਾਬਰ ਹਨ। ਕਾਂਗਰਸ ਦੀ ਦੁਚਿੱਤੀ ਇਹ ਹੈ ਕਿ ਉਸ ਨੂੰ ਆਪਣੇ ਮੁੜ ਉਭਾਰ ਲਈ ਇਨ੍ਹਾਂ ਦਲਾਂ ਤੋਂ ਜਨ ਆਧਾਰ ਵਾਪਸ ਖੋਹਣਾ ਜ਼ਰੂਰੀ ਹੈ, ਜਦਕਿ ਉਨ੍ਹਾਂ ਨਾਲ ਹੱਥ ਮਿਲਾਏ ਬਿਨਾਂ ਭਾਜਪਾ ਨਾਲ ਚੋਣ ਮੁਕਾਬਲਾ ਮੁਸ਼ਕਿਲ ਹੈ।
ਰਾਜਕੁਮਾਰ ਸਿੰਘ
ਅਚਾਨਕ ਇੰਨੀ ਫੁਰਤੀ ’ਚ ਕਿਉਂ ਹੈ ਡੀ. ਜੀ. ਸੀ. ਏ.?
NEXT STORY