ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਥਿਤ ਵੀਡੀਓਜ਼ ਦੇ ਮਾਮਲੇ ਵਿਚ ਸਨਸਨੀਖੇਜ਼ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀਆਂ ਜੋ ਵੀਡੀਓਜ਼ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਉਹ ਪੂਰੀ ਤਰ੍ਹਾਂ ਅਸਲੀ ਹਨ ਅਤੇ ਉਨ੍ਹਾਂ ਦੀ ਤਸਦੀਕ ਵਿਦੇਸ਼ੀ ਲੈਬਾਂ ਤੋਂ ਹੋ ਰਹੀ ਹੈ।
ਖਹਿਰਾ ਨੇ ਜਗਮਨ ਸਮਰਾ ਵੱਲੋਂ ਕੈਨੇਡਾ ਦੇ ਇਕ ਟੀ.ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਬੰਧਤ ਵੀਡੀਓਜ਼ ਦੀ ਜਾਂਚ ਕੈਨੇਡਾ ਦੀ ਇਕ ਫੋਰੈਂਸਿਕ ਲੈਬ DocuFraud ਤੋਂ ਕਰਵਾਈ ਗਈ ਹੈ। ਖਹਿਰਾ ਅਨੁਸਾਰ, ਜਗਮਨ ਸਮਰਾ ਨੇ ਤਸਦੀਕ ਕੀਤਾ ਹੈ ਕਿ ਇਨ੍ਹਾਂ ਵੀਡੀਓਜ਼ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਅਤੇ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਕੰਮ ਨਹੀਂ ਹਨ। ਖਹਿਰਾ ਮੁਤਾਬਕ ਸਮਰਾ ਨੂੰ ਇਨ੍ਹਾਂ ਵੀਡੀਓਜ਼ ਦੀ ਰਿਪੋਰਟ ਈ-ਮੇਲ ਰਾਹੀਂ ਮਿਲ ਚੁੱਕੀ ਹੈ ਤੇ ਇਸ ਦੀ ਅਧਿਕਾਰਤ ਰਿਪੋਰਟ ਵੀ ਅਗਲੇ ਦੋ-ਤਿੰਨ ਦਿਨਾਂ ਵਿਚ ਪ੍ਰਾਪਤ ਹੋ ਜਾਵੇਗੀ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਨ੍ਹਾਂ ਵੀਡੀਓਜ਼ ਵਿਚ ਭਗਵੰਤ ਮਾਨ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਬਹੁਤ ਹੀ ਇਤਰਾਜ਼ਯੋਗ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਇਕ ਰਸ਼ੀਅਨ ਕੁੜੀ ਵਾਲੀ ਵੀਡੀਓ ਵੀ ਕਾਫ਼ੀ ਚਰਚਾ ਦਾ ਵਿਸ਼ਾ ਰਹੀ ਸੀ, ਜਿਸ ਨੂੰ ਇਨ੍ਹਾਂ ਨੇ ਏ. ਆਈ. ਕਹਿ ਕੇ ਪਾਸਾ ਵੱਟ ਲਿਆ ਸੀ, ਪਰ ਹੁਣ ਫੋਰੈਂਸਿਕ ਜਾਂਚ ਵਿਚ ਇਹ ਦੋਵੇਂ ਵੀਡੀਓਜ਼ ਸਹੀ ਪਾਈਆਂ ਗਈਆਂ ਹਨ।
ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ 'ਨਾਸਤਿਕਾਂ ਦੀ ਪਾਰਟੀ' ਦੱਸਦਿਆਂ ਕਿਹਾ ਕਿ ਇਨ੍ਹਾਂ ਨੂੰ ਗੁਰੂ ਸਾਹਿਬਾਨ ਵਿਚ ਕੋਈ ਵਿਸ਼ਵਾਸ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵੈਨਕੂਵਰ ਦੀ ਫੋਰੈਂਸਿਕ ਲੈਬ ਦੀ ਰਿਪੋਰਟ ਦੇ ਅਧਾਰ 'ਤੇ ਮੁੱਖ ਮੰਤਰੀ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਸਿੱਖੀ ਵਿਚ ਥੋੜ੍ਹਾ ਜਿਹਾ ਵੀ ਯਕੀਨ ਹੈ, ਤਾਂ ਉਹ ਇਨ੍ਹਾਂ ਵੀਡੀਓਜ਼ ਬਾਰੇ ਸਥਿਤੀ ਸਪੱਸ਼ਟ ਕਰਨ ਅਤੇ ਅਕਾਲ ਤਖ਼ਤ ਸਾਹਿਬ ਦੇ ਨਾਲ-ਨਾਲ ਲੋਕਾਂ ਦੀ ਕਚਹਿਰੀ ਵਿਚ ਆਪਣਾ ਪੱਖ ਰੱਖਣ।
ਸੂਬਾ ਸਰਕਾਰ ਵੱਲੋਂ 'ਪੰਜਾਬ ਕੇਸਰੀ ਗਰੁੱਪ' ਤੇ ਪ੍ਰੈੱਸ ਦੀ ਆਜ਼ਾਦੀ 'ਤੇ ਕੀਤਾ ਜਾ ਰਿਹੈ ਹਮਲਾ ਨਿੰਦਣਯੋਗ: ਦੇਸ ਰਾਜ ਧੁੱਗਾ
NEXT STORY